ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ – ਕਾਰਵਾਈ ਤੋਂ ਪਹਿਲਾਂ ਕੇਂਦਰ ਨਾਲ ਰਾਬਤਾ ਕਰਨਗੇ ਮੁੱਖ ਮੰਤਰੀ

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ – ਕਾਰਵਾਈ ਤੋਂ ਪਹਿਲਾਂ ਕੇਂਦਰ ਨਾਲ ਰਾਬਤਾ ਕਰਨਗੇ ਮੁੱਖ ਮੰਤਰੀ

ਮੁੱਖ ਸਕੱਤਰ ਜੰਜੂਆ ਨੇ ਕਾਰਵਾਈ ਲਈ ਫਾਈਲ ਮੁੱਖ ਮੰਤਰੀ ਨੂੰ ਭੇਜੀ
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਹੋਈ ਸੁਰੱਖਿਆ ਕੁਤਾਹੀ ਮਾਮਲੇ ’ਚ ਐਕਸ਼ਨ ਟੇਕਨ ਰਿਪੋਰਟ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਕੇਂਦਰ ਸਰਕਾਰ ਨਾਲ ਰਾਬਤਾ ਕਰਨਗੇ। ਅਹਿਮ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਭੇਜੀ ਗਈ ਜਾਂਚ ਰਿਪੋਰਟ ਦੀ ਸਮੀਖਿਆ ਕਰਨਗੇ। ਆਖ਼ਰੀ ਫ਼ੈਸਲਾ ਲੈਣ ਤੋਂ ਪਹਿਲਾਂ ਉਹ ਭਲਕੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਸੰਪਰਕ ਕਰ ਸਕਦੇ ਹਨ। ਮੁੱਖ ਮੰਤਰੀ ਇਸ ਸੰਜੀਦਾ ਮਾਮਲੇ ’ਚ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਮੱਧ ਪ੍ਰਦੇਸ਼ ਦਾ ਦੌਰਾ ਖ਼ਤਮ ਹੋਣ ਮਗਰੋਂ ਇਸ ਸੁਰੱਖਿਆ ਕੁਤਾਹੀ ਮਾਮਲੇ ਨੂੰ ਤਰਜੀਹ ’ਤੇ ਰੱਖ ਰਹੇ ਹਨ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਇਸ ਮਸਲੇ ’ਤੇ ਸੁਪਰੀਮ ਕੋਰਟ ਵੱਲੋਂ ਕੀਤੀ ਪੜਤਾਲ ’ਚ ਜ਼ਿੰਮੇਵਾਰ ਠਹਿਰਾਏ ਅਧਿਕਾਰੀਆਂ ਖ਼ਿਲਾਫ਼ ਕਦਮ ਵੀ ਚੁੱਕਣਾ ਚਾਹੁੰਦੀ ਹੈ ਅਤੇ ਇਸ ਗੱਲ ’ਤੇ ਵੀ ਗ਼ੌਰ ਕਰ ਰਹੀ ਹੈ ਕਿ ਕੋਈ ਫ਼ੈਸਲਾ ਲਏ ਜਾਣ ਨਾਲ ਪੁਲੀਸ ਦੇ ਉੱਚ ਅਧਿਕਾਰੀ ਹਤਾਸ਼ ਨਾ ਹੋਣ। ਮੁੱਖ ਸਕੱਤਰ ਵੀ.ਕੇ.ਜੰਜੂਆ ਨੇ ਕਾਰਵਾਈ ਲਈ ਫਾਈਲ ਮੁੱਖ ਮੰਤਰੀ ਕੋਲ ਭੇਜ ਦਿੱਤੀ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਦੂਸਰੀ ਦਫ਼ਾ ਪੰਜਾਬ ਸਰਕਾਰ ਤੱਕ ਪਹੁੰਚ ਕਰਕੇ ਸੁਰੱਖਿਆ ਕੁਤਾਹੀ ਮਾਮਲੇ ’ਤੇ ਐਕਸ਼ਨ ਟੇਕਨ ਰਿਪੋਰਟ ਜਲਦ ਭੇਜਣ ਲਈ ਕਿਹਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਅਲੱਗ ਅਲੱਗ ਪੱਖਾਂ ਤੋਂ ਵਾਚ ਕੇ ਇਸ ਮਾਮਲੇ ’ਤੇ ਫ਼ੈਸਲਾ ਲੈਣਾ ਚਾਹੁੰਦੇ ਹਨ। ਚਰਚੇ ਇਹ ਵੀ ਹਨ ਕਿ ਜਿਹੜੇ 9 ਉੱਚ ਅਧਿਕਾਰੀ ਜਾਂਚ ਰਿਪੋਰਟ ਵਿਚ ਕਾਰਵਾਈ ਤੋਂ ਪਹਿਲਾਂ ਕੇਂਦਰ ਨਾਲ ਰਾਬਤਾ ਕਰਨਗੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਾਫ਼ੀ ਕਰੀਬ ਹੈ। ਪੰਜਾਬ ਦਾ ਇੱਕ ਵੱਡਾ ਪੁਲੀਸ ਅਧਿਕਾਰੀ ਅਤੇ ਸਿਵਲ ਪ੍ਰਸ਼ਾਸਨ ਦਾ ਇੱਕ ਅਹਿਮ ਅਧਿਕਾਰੀ ਜਾਂਚ ’ਚ ਜ਼ਿੰਮੇਵਾਰ ਠਹਿਰਾਏ ਗਏ, ਦੋ ਉੱਚ ਪੁਲੀਸ ਅਫ਼ਸਰਾਂ ਦੀ ਪਿੱਠ ਵੀ ਥਾਪੜ ਰਹੇ ਹਨ। ਪੰਜਾਬ ਸਰਕਾਰ ਹੁਣ ਕੇਂਦਰ ਤੱਕ ਪਹੁੰਚ ਕਰਕੇ ਇਹ ਤਰਕ ਵੀ ਰੱਖਣਾ ਚਾਹੁੰਦੀ ਹੈ ਕਿ ਜਦੋਂ ਸੁਰੱਖਿਆ ਕੁਤਾਹੀ ਦੀ ਘਟਨਾ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਪੰਜਾਬ ਦਾ ਦੌਰਾ ਕਰ ਚੁੱਕੇ ਹਨ, ਰਾਸ਼ਟਰਪਤੀ ਵੀ ਦੌਰਾ ਕਰ ਚੁੱਕੇ ਹਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਦੋ ਦਫ਼ਾ ਪੰਜਾਬ ਆ ਚੁੱਕੇ ਹਨ ਤਾਂ ਚੋਣਾਂ ਮੌਕੇ ਹੋਈ ਇਸ ਘਟਨਾ ਲਈ ਜ਼ਿੰਮੇਵਾਰ ਪਾਏ ਗਏ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨੂੰ ਨਰਮੀ ਨਾਲ ਲਿਆ ਜਾਵੇ।