ਪ੍ਰਧਾਨ ਮੰਤਰੀ ਜਾਤੀ ਜਨਗਣਨਾ ਤੋਂ ਕਿਉਂ ਡਰ ਰਹੇ ਨੇ: ਰਾਹੁਲ

ਪ੍ਰਧਾਨ ਮੰਤਰੀ ਜਾਤੀ ਜਨਗਣਨਾ ਤੋਂ ਕਿਉਂ ਡਰ ਰਹੇ ਨੇ: ਰਾਹੁਲ

ਜੈਪੁਰ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜਾਤੀ ਜਨਗਣਨਾ ਕਰਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਕਿਉਂ ਡਰ ਰਹੇ ਹਨ। ਇਥੇ ਪਾਰਟੀ ਵਰਕਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦਾਅਵਾ ਕੀਤਾ ਕਿ ਸੰਸਦ ਦਾ ਵਿਸ਼ੇਸ਼ ਇਜਲਾਸ ਇੰਡੀਆ ਦਾ ਨਾਮ ਬਦਲ ਕੇ ਭਾਰਤ ਰੱਖਣ ਲਈ ਸੱਦਿਆ ਗਿਆ ਸੀ ਪਰ ਇਸ ਦੀ ਬਜਾਏ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕਰ ਦਿੱਤਾ ਗਿਆ। ਕਾਂਗਰਸ ਆਗੂ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਸੰਸਦ ਅਤੇ ਵਿਧਾਨ ਸਭਾਵਾਂ ’ਚ ਅੱਜ ਹੀ ਲਾਗੂ ਕੀਤਾ ਜਾ ਸਕਦਾ ਹੈ ਪਰ ਕੇਂਦਰ ਸਰਕਾਰ ਪੁਨਰ ਹੱਦਬੰਦੀ ਅਤੇ ਨਵੀਂ ਮਰਦਮਸ਼ੁਮਾਰੀ ਦੇ ਨਾਮ ’ਤੇ ਇਸ ਨੂੰ 10 ਸਾਲਾਂ ਲਈ ਅੱਗੇ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮਹਿਲਾ ਰਾਖਵਾਂਕਰਨ ਅੱਜ ਤੋਂ ਹੀ ਲਾਗੂ ਕਰਵਾਉਣਾ ਚਾਹੁੰਦੀ ਹੈ। ‘ਜੇਕਰ ਅਸੀਂ ਓਬੀਸੀਜ਼ ਦੀ ਭਾਈਵਾਲੀ ਬਾਰੇ ਗੱਲ ਕਰਦੇ ਹਾਂ ਤਾਂ ਫਿਰ ਇਹ ਜਾਤੀ ਜਨਗਣਨਾ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਹੈ। ਪ੍ਰਧਾਨ ਮੰਤਰੀ 24 ਘੰਟੇ ਓਬੀਸੀਜ਼ ਬਾਰੇ ਗੱਲ ਕਰਦੇ ਰਹਿੰਦੇ ਹਨ। ਫਿਰ ਪ੍ਰਧਾਨ ਮੰਤਰੀ ਜਾਤੀ ਜਨਗਣਨਾ ਕਰਾਉਣ ਤੋਂ ਕਿਉਂ ਡਰਦੇ ਹਨ।’ ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਅਗਲੇ ਭਾਸ਼ਨ ’ਚ ਮੁਲਕ ਨੂੰ ਦੱਸਣ ਕਿ ਕਾਂਗਰਸ ਨੇ ਜਾਤੀ ਜਨਗਣਨਾ ਕਰਵਾਈ ਸੀ। ‘ਤੁਹਾਡੇ ਕੋਲ ਅੰਕੜੇ ਹਨ। ਦੇਸ਼ ਦੇ ਲੋਕਾਂ ਨੂੰ ਇਹ ਦਿਖਾਓ। ਤੁਹਾਨੂੰ ਵੀ ਅਗਲੀ ਮਰਦਮਸ਼ੁਮਾਰੀ ਜਾਤੀ ’ਤੇ ਆਧਾਰਿਤ ਕਰਵਾਉਣੀ ਚਾਹੀਦੀ ਹੈ। ਓਬੀਸੀਜ਼ ਨੂੰ ਧੋਖਾ ਦੇ ਕੇ ਉਨ੍ਹਾਂ ਦਾ ਅਪਮਾਨ ਨਾ ਕਰੋ।’