ਪ੍ਰਜਵਲ ਰੇਵੰਨਾ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਚੁੱਪ ਕਿਉਂ: ਪ੍ਰਿਯੰਕਾ

ਪ੍ਰਜਵਲ ਰੇਵੰਨਾ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਚੁੱਪ ਕਿਉਂ: ਪ੍ਰਿਯੰਕਾ

ਕਾਂਗਰਸ ਵੱਲੋਂ ਰੇਵੰਨਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕਰਨਾਟਕ ਵਿੱਚ ਪ੍ਰਦਰਸ਼ਨ

ਨਵੀਂ ਦਿੱਲੀ/ਕਰਨਾਟਕ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਦੇ ਪੋਤੇ ਅਤੇ ਹਾਸਨ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀ ‘ਸੈਕਸ ਸਕੈਂਡਲ’ ਦੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਦਾ ਜ਼ਿਕਰ ਕਰਦੇ ਹੋਏ ਅੱਜ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ’ਤੇ ਚੁੱਪ ਕਿਉਂ ਹਨ? ਇਸੇ ਦੌਰਾਨ ਕਰਨਾਟਕ ਵਿੱਚ ਹਾਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀ ਤੁਰੰਤ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਕਾਂਗਰਸ ਵੱਲੋਂ ਵੱਖ-ਵੱਖ ਥਾਈਂ ਪ੍ਰਦਰਸ਼ਨ ਕੀਤੇ ਗਏ।

ਕਾਂਗਰਸ ਦੀ ਜਨਰਲ ਸਕੱਤਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਕੀਤਾ, ‘‘ਜਿਸ ਨੇਤਾ ਦੇ ਮੋਢੇ ’ਤੇ ਹੱਥ ਰੱਖ ਕੇ ਪ੍ਰਧਾਨ ਮੰਤਰੀ ਤਸਵੀਰ ਖਿਚਵਾਉਂਦੇ ਹਨ, ਜਿਸ ਆਗੂ ਦਾ ਚੋਣ ਪ੍ਰਚਾਰ ਕਰਨ 10 ਦਿਨ ਪਹਿਲਾਂ ਪ੍ਰਧਾਨ ਮੰਤਰੀ ਖ਼ੁਦ ਜਾਂਦੇ ਹਨ ਅਤੇ ਮੰਚ ’ਤੇ ਉਸ ਦੀ ਪ੍ਰਸ਼ੰਸਾ ਕਰਦੇ ਹਨ। ਅੱਜ ਕਰਨਾਟਕ ਦਾ ਉਹ ਆਗੂ ਦੇਸ਼ ’ਚੋਂ ਫ਼ਰਾਰ ਹੈ। ਉਸ ਦੇ ਘਿਣਾਉਣੇ ਅਪਰਾਧਾਂ ਬਾਰੇ ਸੁਣ ਕੇ ਹੀ ਦਿਲ ਦਹਿਲ ਜਾਂਦਾ ਹੈ। ਸੈਂਕੜੇ ਮਹਿਲਾਵਾਂ ਦਾ ਜੀਵਨ ਜਿਸ ਨੇ ਤਬਾਹ ਕਰ ਦਿੱਤਾ। ਮੋਦੀ ਜੀ, ਕੀ ਹੁਣੇ ਵੀ ਤੁਸੀਂ ਚੁੱਪ ਰਹੋਗੇ?’’

ਉਧਰ, ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਦਸੰਬਰ 2023 ਵਿੱਚ ਹੀ ਭਾਜਪਾ ਦੇ ਇਕ ਆਗੂ (ਦੇਵਰਾਜ ਗੌੜਾ) ਨੇ ਪਾਰਟੀ ਦੀ ਲੀਡਰਸ਼ਿਪ ਨੂੰ ਪ੍ਰਜਵਲ ਰੇਵੰਨਾ ਦੇ ਅੱਤਿਆਚਾਰਾਂ ਬਾਰੇ ਜਾਣੂ ਕਰਵਾਇਆ ਸੀ। ਪ੍ਰਜਵਲ ਰੇਵੰਨਾ ਦੇ ਮਾੜੇ ਕੰਮਾਂ ਨੂੰ ਜਾਨਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨੇ ਨਿੱਜੀ ਤੌਰ ’ਤੇ ਪ੍ਰਜਵਲ ਲਈ ਵੋਟਾਂ ਮੰਗੀਆਂ ਅਤੇ ਕਿਹਾ ਕਿ ‘ਪ੍ਰਜਵਲ ਨੂੰ ਮਿਲੀ ਹਰੇਕ ਵੋਟ ਮੋਦੀ ਨੂੰ ਮਜ਼ਬੂਤ ਕਰੇਗੀ।’’ ਕਾਂਗਰਸ ਦੀ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਵੰਨਾ ਦੀ ਦਰਿੰਦਗੀ ਬਾਰੇ ਜਾਣਦੇ ਹੋਏ ਵੀ ਉਸ ਨੂੰ ਆਪਣਾ ਸਾਂਝਾ ਉਮੀਦਵਾਰ ਥਾਪਿਆ, ਉਸ ਨਾਲ ਮੰਚ ਸਾਂਝਾ ਕੀਤਾ, ਉਸ ਦੀ ਤਾਰੀਫ਼ ਕੀਤੀ, ਪਿੱਠ ਥਾਪੜੀ ਅਤੇ ਉਸ ਵਾਸਤੇ ਵੋਟਾਂ ਮੰਗੀਆਂ।’’ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਰੇਵੰਨਾ ਦੇ ਮਾੜੇ ਕੰਮਾਂ ਬਾਰੇ ਸਭ ਕੁਝ ਜਾਣਦੇ ਸਨ। ਇਸੇ ਦੌਰਾਨ ਕਰਨਾਟਕ ਵਿੱਚ ਅੱਜ ਕਾਂਗਰਸ ਨੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ। ਰੇਵੰਨਾ ਸੈਂਕੜੇ ਔਰਤਾਂ ਦਾ ਜਿਨਸੀ ਦਾ ਸ਼ੋਸ਼ਣ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਕਾਂਗਰਸੀ ਵਰਕਰਾਂ ਨੇ ਵੱਡੀ ਗਿਣਤੀ ਮਹਿਲਾਵਾਂ ਸਮੇਤ ਹੁਬਲੀ, ਹਾਸਨ ਅਤੇ ਬੰਗਲੂਰੂ ਦੀਆਂ ਸੜਕਾਂ ’ਤੇ ਪ੍ਰਦਰਸ਼ਨ ਕੀਤੇ। ਉਹ ਰੇਵੰਨਾ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਬੰਗਲੂਰੂ ਵਿੱਚ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਬਾਹਰ ਕੀਤੇ ਪ੍ਰਦਰਸ਼ਨ ਦੀ ਅਗਵਾਈ ਕੁੱਲ ਹਿੰਦ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ ਕੀਤੀ। ਉਨ੍ਹਾਂ ਕਿਹਾ ਕਿ ਸੈਂਕੜੇ ਔਰਤਾਂ ਖ਼ਿਲਾਫ਼ ਹੋਈ ਜਿਨਸੀ ਹਿੰਸਾ ਦੇ ਮਾਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਗੁਰਮਿਤਕਲ (ਕਰਨਾਟਕ): ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀ ਪਰਿਵਾਰ ਨੂੰ ਗਾਲ੍ਹਾਂ ਕੱਢ ਰਹੇ ਹਨ ਕਿਉਂਕਿ ਉਨ੍ਹਾਂ ਦੀ ਖ਼ੁਦ ਦੀ ਕੋਈ ਪ੍ਰਾਪਤੀ ਨਹੀਂ ਹੈ।

ਯਾਦਗਿਰ ਜ਼ਿਲ੍ਹੇ ਦੇ ਗੁਰਮਿਤਕਲ ਕਸਬੇ ਵਿੱਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਦਾਅਵਾ ਕੀਤਾ ਕਿ ਸ਼ੁਰੂਆਤੀ ਦੋ ਗੇੜਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਬੜ੍ਹਤ ਮਿਲੀ ਹੈ, ਜਿਸ ਤੋਂ ਮੋਦੀ ਚਿੰਤਤ ਹਨ। ਖੜਗੇ ਦੇ ਜਵਾਈ ਰਾਧਾਕ੍ਰਿਸ਼ਨ ਡੋਡਾਮਨੀ ਕਲਬੁਰਗੀ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ ਜਿੱਥੇ ਕਿ 7 ਮਈ ਨੂੰ ਵੋਟਾਂ ਪੈਣੀਆਂ ਹਨ ਅਤੇ ਗੁਰਮਿਤਕਲ ਇਸ ਸੰਸਦੀ ਚੋਣ ਹਲਕੇ ਦਾ ਹਿੱਸਾ ਹੈ। ਉਨ੍ਹਾਂ ਕਿਹਾ, ‘‘ਹਰ ਕੋਈ ਜਾਣਦਾ ਹੈ ਕਿ ਇਸ ਦੇਸ਼ ਵਿੱਚ ਮੋਦੀ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਸੀ।