ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ- ਮਹਿਬੂਬ ਆਗੂ ਦੀ ਝਲਕ ਪਾਉਣ ਲਈ ਸੜਕਾਂ ’ਤੇ ਖੜ੍ਹੇ ਰਹੇ ਲੋਕ

ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ- ਮਹਿਬੂਬ ਆਗੂ ਦੀ ਝਲਕ ਪਾਉਣ ਲਈ ਸੜਕਾਂ ’ਤੇ ਖੜ੍ਹੇ ਰਹੇ ਲੋਕ

ਦੇਰ ਰਾਤ ਬਠਿੰਡਾ ਪੁੱਜਣ ’ਤੇ ਵੱਡੀ ਗਿਣਤੀ ਲੋਕਾਂ ਨੇ ਕੀਤੇ ਅੰਤਿਮ ਦਰਸ਼ਨ
ਬਠਿੰਡਾ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਆਖ਼ਰੀ ਝਲਕ ਪਾਉਣ ਲਈ ਦੇਰ ਰਾਤ ਤੱਕ ਬਠਿੰਡਾ ਵਾਸੀ ਸੜਕਾਂ ’ਤੇ ਖੜ੍ਹੇ ਰਹੇ। ਇਸ ਅੰਤਿਮ ਯਾਤਰਾ ਵਿੱਚ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਕਾਫ਼ਲੇ ਨਾਲ ਚੱਲ ਰਹੀ ਸੀ। ਅੱਜ ਬਠਿੰਡਾ ਬਾਦਲ ਦੇ ਸਾਥੀ ਰਹੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਸਮੇਤ ਸਮੁੱਚੀ ਲੀਡਰਸ਼ਿਪ ਅਤੇ ਆਮ ਲੋਕ ਬਠਿੰਡਾ ਦੀ ਬੀਬੀ ਵਾਲਾ ਚੌਂਕ ਸਮੇਤ ਵੱਖ-ਵੱਖ ਥਾਵਾਂ ’ਤੇ ਇਕੱਠ ਹੋ ਕੇ ਆਪਣੇ ਮਹਿਬੂਬ ਨੇਤਾ ਦੀ ਰਾਹ ਤੱਕਦੇ ਰਹੇ। ਫੁੱਲਾਂ ਨਾਲ ਸਜਾਈ ਅੰਤਿਮ ਯਾਤਰਾ ਵਾਲੀ ਗੱਡੀ ਨੂੰ ਬਿਕਰਮ ਸਿੰਘ ਮਜੀਠੀਆ ਚਲਾ ਰਿਹਾ ਸੀ। ਬਠਿੰਡਾ ਵਾਸੀਆਂ ਵੱਲੋਂ ‘ਬਾਦਲ ਤੇਰੀ ਸੋਚ ’ਤੇ ਪਹਿਰਾ ਦਿਵਾਂਗੇ ਠੋਕ ਕੇ’ ਨਾਅਰੇ ਲਾਏ ਜਾ ਰਹੇ ਸਨ। ‘ਬਾਦਲ ਸਾਹਬ ਅਮਰ ਰਹੇ, ਅਮਰ ਰਹੇ’ ਦੇ ਜੈਕਾਰੇ ਲਗਾਏ ਜਾ ਰਹੇ ਸਨ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੀ। ਭਾਵੁਕ ਮਾਹੌਲ ਵਿੱਚ ਕਾਫ਼ਲਾ ਹੌਲੀ-ਹੌਲੀ ਅੱਗੇ ਲੰਘ ਰਿਹਾ ਸੀ। ਇਸ ਮੌਕੇ ਭਾਰੀ ਪੁਲੀਸ ਫੋਰਸ ਤਾਇਨਾਤ ਸੀ। ਗੌਰਤਲਬ ਹੈ ਕਿ ਬਠਿੰਡਾ ਬਾਦਲਾਂ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਠਿੰਡਾ ਨਾਲ ਖ਼ਾਸ ਮੋਹ ਸੀ ਅਤੇ ਬਾਦਲ ਦੀ ਹਰ ਫੇਰੀ ਬਠਿੰਡਾ ਲਈ ਖ਼ਾਸ ਹੁੰਦੀ ਸੀ। ਅੱਜ ਕਰੀਬ ਰਾਤ 8 ਵਜੇ ਦੇ ਕਰੀਬ ਬਾਦਲ ਦੀ ਅੰਤਿਮ ਯਾਤਰਾ ਦਾ ਕਾਫ਼ਲਾ ਬਠਿੰਡਾ ਪੁੱਜਾ। ਅੱਜ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਅਕਾਲੀ ਆਗੂ ਹਲਕਾ ਪੱਧਰ ਦੇ ਅਕਾਲੀ ਵਰਕਰ ਪਿੰਡ ਬਾਦਲ ਪੁੱਜੇ ਹੋਏ ਸਨ।