ਪੈਰਾਗੁਏ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ

ਪੈਰਾਗੁਏ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ

ਦੱਖਣੀ ਅਮਰੀਕਾ ਦੇ ਦੌਰੇ ’ਤੇ ਹਨ ਭਾਰਤ ਦੇ ਵਿਦੇਸ਼ ਮੰਤਰੀ
ਏਸੁਨਸਿਓਨ (ਪੈਰਾਗੁਏ) – ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਪੈਰਾਗੁਏ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ ਅਤੇ ਇਤਿਹਾਸਕ ‘ਕਾਸਾ ਡੀ ਲਾ ਇੰਡੀਪੈਂਸੀਆ’ ਦਾ ਦੌਰਾ ਵੀ ਕੀਤਾ। ਇੱਥੋਂ ਹੀ ਦੋ ਸਦੀਆਂ ਪਹਿਲਾਂ ਇਸ ਦੱਖਣੀ ਅਮਰੀਕੀ ਦੇਸ਼ ਦੀ ਆਜ਼ਾਦੀ ਦੀ ਲਹਿਰ ਸ਼ੁਰੂ ਹੋਈ ਸੀ। ਜੈਸ਼ੰਕਰ ਭਾਰਤ-ਦੱਖਣ ਅਮਰੀਕਾ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਆਪਣੇ ਛੇ ਦਿਨਾ ਦੌਰੇ ਦੇ ਪਹਿਲੇ ਗੇੜ ’ਚ ਬ੍ਰਾਜ਼ੀਲ ਪਹੁੰਚੇ ਸਨ। ਦੱਖਣੀ ਅਮਰੀਕਾ ਦੇ ਪਹਿਲੇ ਅਧਿਕਾਰਤ ਦੌਰੇ ’ਤੇ ਆਏ ਜੈਸ਼ੰਕਰ ਪੈਰਾਗੁਏ ਤੇ ਅਰਜਨਟੀਨਾ ਦਾ ਦੌਰਾ ਵੀ ਕਰ ਰਹੇ ਹਨ।

ਵਿਦੇਸ਼ ਮੰਤਰੀ ਨੇ ਐਤਵਾਰ ਨੂੰ ਟਵੀਟ ਕੀਤਾ, ‘‘ਪੈਰਾਗੁੲੇ ਦੇ ਏਸੁਨਸਿਓਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕਰਕੇ ਮਾਣ ਮਹਿਸੂਸ ਹੋਇਆ। ਸ਼ਹਿਰ ਦੇ ਮੁੱਖ ਤੱਟ ’ਤੇ ਇਸ ਨੂੰ ਸਥਾਪਤ ਕਰਨ ਦੇ ਏਸੁਨਸਿਓਨ ਮਿਉਂਸਿਪਲ ਦੇ ਫ਼ੈਸਲੇ ਦੀ ਸ਼ਲਾਘਾ ਕਰਦਾ ਹਾਂ। ਇਹ ਕਰੋਨਾ ਮਹਾਮਾਰੀ ਦੌਰਾਨ ਮਜ਼ਬੂਤੀ ਨਾਲ ਪ੍ਰਗਟਾਈ ਗਈ ਏਕਤਾ ਨੂੰ ਦਰਸਾਉਂਦਾ ਹੈ।’’ਉਨ੍ਹਾਂ ਕਿਹਾ, ‘‘ਇਤਿਹਾਸਕ ਕਾਸਾ ਡੀ ਲਾ ਇੰਡੀਪੈਂਸੀਆ ਦਾ ਦੌਰਾ ਕੀਤਾ। ਜਿੱਥੋਂ ਦੋ ਸਦੀਆਂ ਤੋਂ ਵੱਧ ਸਮਾਂ ਪਹਿਲਾਂ ਪੈਰਾਗੁਏ ਦੀ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋਇਆ ਸੀ। ਸਾਡੇ ਸਾਂਝੇ ਸੰਘਰਸ਼ ਅਤੇ ਸਾਡੇ ਵਧਦੇ ਸਬੰਧਾਂ ਦਾ ਇਹ ਢੁੱਕਵਾਂ ਪ੍ਰਮਾਣ ਹੈ।’’