ਪੈਦਲ ਯਾਤਰਾ ’ਚੋਂ ਮਨਪ੍ਰੀਤ ਧੜਾ ਗਾਇਬ

ਪੈਦਲ ਯਾਤਰਾ ’ਚੋਂ ਮਨਪ੍ਰੀਤ ਧੜਾ ਗਾਇਬ

ਬਠਿੰਡਾ- ਜ਼ਿਲ੍ਹਾ ਕਾਂਗਰਸ ਬਠਿੰਡਾ ਵੱਲੋਂ ‘ਭਾਰਤ ਜੋੜੋ’ ਯਾਤਰਾ ਦੀ ਆਮਦ ਤੋਂ ਪਹਿਲਾਂ ਅੱਜ ਅਭਿਆਸ ਵਜੋਂ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ’ਚ ਸ਼ਹਿਰ ਅੰਦਰ ਪੈਦਲ ਮਾਰਚ ਕਰਕੇ ਲੋਕਾਂ ਨੂੰ ਯਾਤਰਾ ’ਚ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ ਗਿਆ। ਖਾਸ ਪਹਿਲੂ ਇਹ ਰਿਹਾ ਕਿ ਬਠਿੰਡਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖੇਮੇ ਨੇ ਇਸ ਯਾਤਰਾ ਤੋਂ ਕਾਂਗਰਸ ਦੇ ਪਹਿਲੇ ਪ੍ਰੋਗਰਾਮਾਂ ਵਾਂਗ ਦੂਰੀ ਬਣਾਈ ਰੱਖੀ। ਮੀਡੀਆ ਕਰਮੀਆਂ ਵੱਲੋਂ ਵਿਜੈ ਇੰਦਰ ਸਿੰਗਲਾ ਤੋਂ ਇਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ‘ਲਿੱਪਾ-ਪੋਚੀ’ ਕਰਨ ਵਾਲੇ ਉੱਤਰ ਦਿੱਤੇ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹੇ ਦੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ‘ਭਾਰਤ ਜੋੜੋ’ ਯਾਤਰਾ 10 ਜਨਵਰੀ ਨੂੰ ਪੰਜਾਬ ਵਿੱਚ ਦਾਖ਼ਲ ਹੋਵੇਗੀ ਅਤੇ ਪਹਿਲੇ ਦਿਨ ਹੀ ਬਠਿੰਡਾ ਪਹੁੰਚੇਗੀ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਮਕਸਦ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਵੱਡਾ ਕਦਮ ਹੈ ਕਿਉਂਕਿ ਦੇਸ਼ ਦੀ ਮੋਦੀ ਸਰਕਾਰ ਗ਼ਲਤ ਫੈਸਲਿਆਂ ਨਾਲ ਦੇਸ਼ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਵਰਕਰਾਂ ਤੋਂ ਯਾਤਰਾ ’ਚ ਲੰਮੇ ਸਾਥ ਦੀ ਮੰਗ ਕਰਦਿਆਂ ਕਿਹਾ ਕਿ ਉਹ ਅੱਗੇ ਜੰਮੂ-ਕਸ਼ਮੀਰ ਤੱਕ ਵੀ ਯਾਤਰਾ ਦਾ ਹਿੱਸਾ ਬਣਨ। ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਜੰਮੂ-ਕਸ਼ਮੀਰ ਅੰਦਰ ਬਦਅਮਨੀ ਅਤੇ ਯਾਤਰਾ ਨੂੰ ਜੋੜ ਕੇ ਕਿਸੇ ਸੰਭਾਵੀ ਖ਼ਤਰੇ ਬਾਰੇ ਸੁਆਲ ਕੀਤਾ ਗਿਆ ਤਾਂ ਸ੍ਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਸਭ ਕੁਝ ਠੀਕ ਠਾਕ ਰਹੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਰਮਿਆਨ ਚੱਲ ਰਹੀ ਧੜੇਬੰਦੀ ਕਾਰਣ ਅੱਜ ਦੀ ਯਾਤਰਾ ’ਚ ਬਾਦਲ ਧੜੇ ਵੱਲੋਂ ਬਣਾਈ ਵਿੱਥ ਬਾਰੇ ਸ੍ਰੀ ਸਿੰਗਲਾ ਨੇ ਗੋਲਮੋਲ ਜੁਆਬ ਦਿੱਤਾ ਕਿ ਮਨਪ੍ਰੀਤ ਸਿੰਘ ਬਾਦਲ ਸਾਡੇ ਸੀਨੀਅਰ ਆਗੂ ਹਨ ਅਤੇ ਉਹ ਪਤਾ ਕਰਨਗੇ ਅੱਜ ਦੇ ਪ੍ਰੋਗਰਾਮ ’ਚ ਉਨ੍ਹਾਂ ਦੇ ਸਾਥੀ ਕਿਉਂ ਨਹੀਂ ਆਏ? ਨਗਰ ਨਿਗਮ ਦੇ ਮੇਅਰ ਵੱਲੋਂ ਵੀ ਕਾਂਗਰਸ ਦੇ ਹਰ ਸਮਾਗਮ ’ਚ ਅਜਿਹੀ ਦੂਰੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਾਰੇ ਆਦਮੀ ਹਰ ਪ੍ਰੋਗਰਾਮ ’ਚ ਹਾਜ਼ਰ ਨਹੀਂ ਹੋ ਸਕਦੇ। ਮਨਪ੍ਰੀਤ ਸਿੰਘ ਬਾਦਲ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਪਿਛਲੇ ਦਿਨੀਂ ਜੇਲ੍ਹ ਵਿੱਚ ਕੀਤੀ ਮੁਲਾਕਾਤ ਬਾਅਦ ਉੱਠ ਰਹੇ ਜਨਤਕ ਖ਼ਦਸ਼ਿਆਂ ਬਾਰੇ ਵੀ ਸ੍ਰੀ ਸਿੰਗਲਾ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਦੇ ਪ੍ਰਧਾਨ ਰਹੇ ਹਨ। ਕਿਸੇ ਵਿਚਾਲੇ ਕੋਈ ਮਤਭੇਦ ਨਹੀਂ ਅਤੇ ਸਾਰੀ ਪਾਰਟੀ ਇਕਜੁੱਟ ਹੈ। ਯਾਤਰਾ ਵਿੱਚ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਰਾਜਨ ਗਰਗ, ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਕਿਰਨਦੀਪ ਕੌਰ ਵਿਰਕ, ਡੈਲੀਗੇਟ ਪੀਪੀਸੀਸੀ ਅਰੁਣ ਵਧਾਵਣ, ਟਹਿਲ ਸਿੰਘ ਸੰਧੂ, ਪਵਨ ਮਾਨੀ, ਅਨਿਲ ਭੋਲਾ, ਕਿਰਨਜੀਤ ਸਿੰਘ ਗਹਿਰੀ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਯੂਥ ਕਾਂਗਰਸੀ ਆਗੂ ਰੁਪਿੰਦਰ ਬਿੰਦਰਾ, ਗੁਰਪ੍ਰੀਤ ਸਿੰਘ ਵਿੱਕੀ, ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ, ਬਲਜੀਤ ਸਿੰਘ, ਹਰਵਿੰਦਰ ਲੱਡੂ, ਮਲਕੀਤ ਸਿੰਘ ਬਿੱਟੂ, ਸੁਖਦੇਵ ਸਿੰਘ ਸੁੱਖਾ, ਉਮੇਸ਼ ਕੁਮਾਰ, ਸੰਜੇ ਵਿਸ਼ਵਾਲ, ਜਸਵੀਰ ਸਿੰਘ ਜੱਸਾ, ਰਣਜੀਤ ਸਿੰਘ ਗਰੇਵਾਲ, ਦਰਸ਼ਨ ਜੀਦਾ, ਹਰੀ ਓਮ ਠਾਕੁਰ, ਜਗਮੀਤ ਸਿੰਘ, ਅਸ਼ੀਸ਼ ਕਪੂਰ, ਬੇਅੰਤ ਰੰਧਾਵਾ, ਰਾਮ ਵਿਰਕ, ਸੰਜੀਵ ਬੌਬੀ, ਯਸਪਲ ਸ਼ਰਮਾ, ਸੁਰਿੰਦਰਜੀਤ ਸਾਹਨੀ, ਭਗਵਾਨ ਦਾਸ ਭਾਰਤੀ, ਭੁਪਿੰਦਰ ਸ਼ਰਮਾ, ਮਹਿੰਦਰ ਭੋਲਾ, ਰਣਜੀਤ ਸਿੰਘ ਸੰਧੂ ਆਦਿ ਆਗੂ ਸ਼ਾਮਿਲ ਹੋਏ।