ਪੈਦਲ ਚੱਲਣਾ ਸਿਹਤ ਲਈ ਲਾਭਦਾਇਕ ਹੈ

ਪੈਦਲ ਚੱਲਣਾ ਸਿਹਤ ਲਈ ਲਾਭਦਾਇਕ ਹੈ

ਸੋਨੀ ਮਲਹੋਤਰਾ
ਪੈਦਲ ਚੱਲਣਾ ਸਧਾਰਨ ਜਿਹੀ ਕਸਰਤ ਹੈ ਪੈਦਲ ਚੱਲਣਾ। ਇਸ ਨੂੰ ਕਰਦੇ ਸਮੇਂ ਤੁਹਾਨੂੰ ਮਜ਼ਾ ਆਏਗਾ ਅਤੇ ਤੁਸੀਂ ਬਹੁਤ ਚੰਗਾ ਮਹਿਸੂਸ ਕਰੋਗੇ। ਪੈਦਲ ਚੱਲਣ ਨਾਲ ਤੁਸੀਂ ਆਪਣੇ ਅੰਦਰ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਸੁਧਾਰ ਮਹਿਸੂਸ ਕਰੋਗੇ ਅਤੇ ਤੁਹਾਡੀ ਸਿਹਤ ਨੂੰ ਵੀ ਫ਼ਾਇਦਾ ਪਹੁੰਚੇਗਾ। ਆਓ, ਜਾਣੀਏ ਪੈਦਲ ਚੱਲਣ ਨਾਲ ਤੁਹਾਨੂੰ ਕੀ-ਕੀ ਲਾਭ ਹੋਣਗੇ।
ਹੱਡੀਆਂ ਦੀ ਮਜ਼ਬੂਤੀ ਵਧਾਉਣ ਵਿਚ ਮਦਦਗਾਰ
ਜੇਕਰ ਤੁਸੀਂ ਪੈਦਲ ਚੱਲਦੇ ਹੋ ਤਾਂ ਤੁਹਾਨੂੰ ਆਸਟਿਓਪੋਰੋਸਿਸ ਰੋਗ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਹੱਡਿਆਂ ਦੀ ਮਜ਼ਬੂਤੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਕਸਰਤ ਕਰਦੇ ਹੋ ਅਤੇ ਕੀ ਖ਼ੁਰਾਕ ਲੈਂਦੇ ਹੋ। ਪੈਦਲ ਚੱਲਣ ਨਾਲ ਹੱਡਿਆਂ ਦੀ ਮਜ਼ਬੂਤੀ ਵਧਦੀ ਹੈ। ਆਸਟਿਓਪੋਰਿਸਿਸ ਵਧਦੀ ਉਮਰ ਨਾਲ ਹੁੰਦਾ ਹੈ। ਇਸ ਰੋਗ ਨਾਲ ਹੱਡੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਹਨ ਕਿ ਹੱਡੀਆਂ ਟੁੱਟਣਾ (ਫ੍ਰੈਕਚਰ) ਹੋਣਾ ਕਿ ਆਮ ਗੱਲ ਹੋ ਜਾਂਦੀ ਹੈ। ਇਕ ਖੋਜ ਅਨੁਸਾਰ ਜਿਹੜੀਆਂ ਮਹਿਲਾਵਾਂ ਆਸਟਿਓਪੋਰੋਸਿਸ ਦੀਆਂ ਸ਼ਿਕਾਰ ਸਨ ਉਨ੍ਹਾਂ ਨੂੰ ਜਦੋਂ ਵਧੇਰੇ ਮਾਤਰਾ ਵਿਚ ਕੈਲਸ਼ੀਅਮ ਦਿੱਤਾ ਗਿਆ ਤਾਂ ਹਫ਼ਤੇ ਵਿਚ ਤਿੰਨ ਦਿਨ 1 ਘੰਟਾ ਹਰ ਰੋਜ਼ ਸੈਰ ਕਰਵਾਈ ਗਈ ਅਤੇ 2 ਸਾਲ ਬਾਦ ਜਦੋਂ ਉਨ੍ਹਾਂ ਦੀਆਂ ਹੱਡੀਆਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਵਿਚ 6 ਫ਼ੀਸਦੀ ਵਾਧਾ ਪਾਇਆ ਗਿਆ।
ਵਜ਼ਨ ਘਟਾਉਣ ਦਾ ਸਭ ਤੋਂ ਕਾਰਗਾਰ ਉਪਾਅ
ਪਤਲੇ ਦਿਸਣ ਦੀ ਖ਼ਵਾਹਿਸ਼ ਵਿਚ ਲੋਕ ਆਪਣਾ ਭਾਰ ਕੰਟਰੋਲ ਕਰਨ ਲਈ ਕੀ-ਕੀ ਨਹੀਂ ਕਰਦੇ। ਕਦੇ ਡਾਇਟਿੰਗ ਤੇ ਕਦੇ ਜਿਮ ਜਾਣਾ ਸ਼ੁਰੂ ਕਰਦੇ ਹਨ। ਇਹ ਹੀ ਨਹੀਂ, ਵੱਧ ਭਾਰ ਕਈ ਰੋਗਾਂ ਨੂੰ ਵੀ ਸੱਦਾ ਦਿੰਦਾ ਹੈ, ਇਸ ਲਈ ਭਾਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। 25 ਸਾਲਾਂ ਦੀ ਉਮਰ ਤੋਂ ਬਾਅਦ ਬਦਹਜ਼ਮੀ ਵੀ ਹੋ ਜਾਂਦੀ ਹੈ। ਭਾਰ ਕੰਟਰੋਲ ਕਰਨ ਲਈ ਕੈਲੋਰੀ ਕੰਟਰੋਲ ਦੇ ਨਾਲ-ਨਾਲ ਸਭ ਤੋਂ ਵਧੀਆ ਉਪਾਅ ਹੈ ਪੈਦਲ ਚੱਲਣਾ। ਪੈਦਲ ਚੱਲਣ ਨਾਲ ਮਨੁੱਖ ਫਿਟਨੈੱਸ ਹਾਸਲ ਕਰ ਸਕਦਾ ਹੈ।
ਜੋੜਾਂ ਦੇ ਦਰਦ ਤੋਂ ਰਾਹਤ
ਜੇਕਰ ਮਾਂਸਪੇਸ਼ੀਆਂ ਅਤੇ ਜੋੜਾਂ ਤੋਂ ਲਗਾਤਾਰ ਕੰਮ ਨਾ ਲਿਆ ਜਾਵੇ ਤਾਂ ਉਨ੍ਹਾਂ ਵਿਚ ਅਕੜਾਅ ਆ ਜਾਂਦਾ ਹੈ ਜਿਸ ਨਾਲ ਜੋੜਾਂ ਵਿਚ ਦਰਦ ਆਦਿ ਵੀ ਹੋ ਸਕਦਾ ਹੈ। ਇਨ੍ਹਾਂ ਸਾਰਿਆਂ ਤੋਂ ਬਚੇ ਰਹਿਣ ਲਈ ਪੈਦਲ ਚੱਲਣਾ ਬਹੁਤ ਹੀ ਲਾਭਕਾਰੀ ਹੈ ਕਿਉਂਕਿ ਇਸ ਨਾਲ ਸਰੀਰ ਦਾ ਲਚਕੀਲਾਪਨ ਬਣਿਆ ਰਹਿੰਦਾ ਹੈ। ਜੋੜਾਂ ਅਤੇ ਮਾਂਸ ਪੇਸ਼ੀਆਂ ਲਈ ਦੌੜਨਾ ਅਤੇ ਐਰੋਬਿਕਸ ਓਨੇ ਫ਼ਾਇਦੇਮੰਦ ਨਹੀਂ ਜਿੰਨਾ ਪੈਦਲ ਚੱਲਣਾ ਹੈ।
ਸੁੰਦਰ ਦਿਖਣ ਵਿਚ ਸਹਾਇਕ
ਉਮਰ ਵਧਣ ਨਾਲ ਮਾਂਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਉਨ੍ਹਾਂ ‘ਤੇ ਚਰਬੀ ਵੀ ਘੱਟ ਹੁੰਦੀ ਹੈ ਅਤੇ ਪੈਦਲ ਚੱਲਣ ਨਾਲ ਤੁਹਾਡੀਆਂ ਮਾਸ ਪੇਸ਼ੀਆਂ ਦੀ ਟੋਨਿੰਗ ਹੁੰਦੀ ਹੈ ਅਤੇ ਉਹ ਮਜ਼ਬੂਤ ਬਣਦੀਆਂ ਹਨ, ਖ਼ਾਸ ਕਰਕੇ ਮੁੱਖ ਮਾਂਸ ਪੇਸ਼ੀਆਂ ਜਿਵੇਂ ਮੋਢੇ, ਲੱਤਾਂ, ਪਿੱਠ ਅਤੇ ਬਾਹਵਾਂ ਦੀਆਂ। ਇਸ ਨਾਲ ਖ਼ੂਨ ਦੇ ਦੌਰੇ ਵਿਚ ਵੀ ਸੁਧਾਰ ਹੁੰਦਾ ਹੈ ਜਿਸ ਨਾਲ ਟਿਸ਼ੂ ਲਚਕੀਲੇ ਬਣਦੇ ਹਨ। ਇਹ ਤਾਂ ਸਹੀ ਹੈ ਕਿ ਤੁਸੀਂ ਉਸ ਤਰ੍ਹਾਂ ਸਰੀਰ ਤਾਂ ਨਹੀਂ ਹਾਸਲ ਕਰ ਸਕਦੇ ਜਿਵੇਂ ਕਿ ਟੀਨਏਜ਼ ਵਿਚ ਸੀ ਪਰ ਫਿਰ ਵੀ ਵਧਦੀ ਉਮਰ ਵਿਚ ਤੁਸੀਂ ਪੈਦਲ ਚੱਲ ਕੇ ਫਿੱਟ, ਪਤਲੇ ਅਤੇ ਸਿਹਤਮੰਦ ਸਰੀਰ ਹਾਸਲ ਕਰ ਸਕਦੇ ਹੋ। ਪੈਦਲ ਚੱਲਣ ਨਾਲ ਤੁਹਾਡਾ ਦਿਮਾਗ ਸਹੀ ਕੰਮ ਕਰਦਾ ਹੈ। ਬਹੁਤ ਸਾਰੇ ਕਲਾਕਾਰਾਂ ਅਤੇ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਪੈਦਲ ਚੱਲਣਾ ਉਨ੍ਹਾਂ ਨੂੰ ਸਹੀ ਅਤੇ ਰਚਨਾਤਮਿਕ ਸੋਚ ਦਿੰਦਾ ਹੈ। ਇਕ ਖੋਜ ਅਨੁਸਾਰ ਜਿਹੜੇ ਵਿਅਕਤੀ ਹਫ਼ਤੇ ਵਿਚ ਘੱਟ ਤੋਂ ਘੱਟ ਤਿੰਨ ਵਾਰ ਇਕ ਘੰਟਾ ਪੈਦਲ ਚੱਲਦੇ ਹਨ, ਉਨ੍ਹਾਂ ਦੀ ਯਾਦ ਸ਼ਕਤੀ ਉਨ੍ਹਾਂ ਵਿਅਕਤੀਆਂ ਨਾਲੋਂ ਵਧੇਰੇ ਹੁੰਦੀ ਹੈ ਜੋ ਕੋਈ ਵੀ ਕਸਰਤ ਨਹੀਂ ਕਰਦੇ। ਇਸ ਦਾ ਕਾਰਨ ਵਿਗਿਆਨੀਆਂ ਅਨੁਸਾਰ ਆਕਸੀਜਨ ਅਤੇ ਖ਼ੂਨ ਦੇ ਦੌਰੇ ਵਿਚ ਵਾਧਾ ਅਤੇ ਦਿਮਾਗ਼ ਵਿਚ ਕੁਝ ਤਬਦੀਲੀ ਹੋਣਾ ਹੈ ਜੋ ਪੈਦਲ ਚੱਲਣ ਨਾਲ ਹੁੰਦੀ ਹੈ। ਤੁਹਾਡੇ ਦਿਲ ਲਈ ਚੰਗਾ ਹੈ ਪੈਦਲ ਚੱਲਣਾ। ਪੈਦਲ ਚੱਲਣ ਨਾਲ ਤੁਹਾਡਾ ਦਿਲ ਆਪਣਾ ਕੰਮ ਵਧੇਰੇ ਸ਼ਕਤੀ ਨਾਲ ਕਰਦਾ ਹੈ। ਦਿਲ ਜੇਕਰ ਮਜ਼ਬੂਤ ਹੈ ਤਾਂ ਤੁਹਾਡਾ ਸਰੀਰ ਸਿਹਤਮੰਦ ਹੈ ਇਸ ਲਈ ਆਪਣੇ ਦਿਲ ਨੂੰ ਠੀਕ ਰੱਖਣ ਲਈ ਪੈਦਲ ਜ਼ਰੂਰ ਚੱਲੋ।
ਤਣਾਅ ਦੂਰ ਕਰਦਾ ਹੈ
ਅੱਜ ਕਲ੍ਹ ਹਰ ਵਿਅਕਤੀ ਦਾ ਕੰਮ ਕਾਰ ਏਨਾ ਤਣਾਅ ਪੂਰਨ ਹੋ ਗਿਆ ਹੈ ਕਿ ਉਹ ਹਰ ਸਮੇਂ ਤਣਾਅ ਵਿਚ ਹੀ ਰਹਿੰਦਾ ਹੈ। ਇਸ ਤਣਾਅ ਦਾ ਪ੍ਰਭਾਵ ਵਿਅਕਤੀ ਦੇ ਨਰਵਸ ਸਿਸਟਮ ‘ਤੇ ਪੈਂਦਾ ਹੈ। ਦਿਲ ਦੀ ਗਤੀ ਵਧਣਾ, ਬੀ.ਪੀ. ਵਧਣਾ ਆਦਿ ਇਸੇ ਤਣਾਅ ਦੇ ਕਾਰਨ ਹਨ। ਇਸ ਤਣਾਅ ਤੋਂ ਨਿਪਟਣ ਲਈ ਵੀ ਸਭ ਤੋਂ ਆਸਾਨ ਕਸਰਤ ਹੈ ਪੈਦਲ ਚੱਲਣਾ। ਇਸ ਨਾਲ ਤੁਹਾਡਾ ਤਨ ਹੀ ਨਹੀਂ, ਮਨ ਵੀ ਸਿਹਤਮੰਦ ਰਹਿੰਦਾ ਹੈ। ਜੇਕਰ ਮਨ ਸਿਹਤ ਮੰਦ ਮਹਿਸੂਸ ਕਰਦਾ ਹੈ ਤਾਂ ਤੁਸੀਂ ਤਣਾਅ ਤੋਂ ਛੁਟਕਾਰਾ ਪਾਓਗੇ। ਇਸ ਲਈ ਸ਼ਾਂਤ ਵਾਤਾਵਰਨ ਵਿਚ ਪੈਦਲ ਚੱਲੋ ਅਤੇ ਸ਼ਾਂਤ ਮਨ ਨਾਲ ਕੁਦਰਤ ਦਾ ਅਨੰਦ ਲਵੋ।