ਪੁਲ ਧੱਸਣ ਤੋਂ ਰੁੱਸੇ ਰੋਹਟਾ ਵਾਸੀਆਂ ਨੂੰ ਮਨਾਉਣ ਪੁੱਜੇ ਕੈਬਨਿਟ ਮੰਤਰੀ

ਪੁਲ ਧੱਸਣ ਤੋਂ ਰੁੱਸੇ ਰੋਹਟਾ ਵਾਸੀਆਂ ਨੂੰ ਮਨਾਉਣ ਪੁੱਜੇ ਕੈਬਨਿਟ ਮੰਤਰੀ

ਨਾਭਾ- ਨੇੜਲੇ ਪਿੰਡ ਰੋਹਟਾ ਸਾਹਿਬ ਵਿੱਚ ਨਹਿਰ ਉੱਪਰ ਉਸਾਰੀ ਅਧੀਨ ਪੁਲ ਦੇ ਲੈਂਟਰ ਧੱਸਣ ਪਿੱਛੋਂ ਪਿੰਡ ਵਾਸੀਆਂ ’ਚ ਭਾਰੀ ਰੋਸ ਹੈ ਜਿਸ ਕਾਰਨ ਅੱਜ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਮੌਕਾ ਦੇਖਣ ਪਹੁੰਚੇ ਅਤੇ ਉਨ੍ਹਾਂ ਨੇ ਲੋਕਾਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਰਪੱਖ ਧਿਰ ਤੋਂ ਇਸਦੀ ਪੜਤਾਲ ਕਰਾਉਣ ਦਾ ਭਰੋਸਾ ਵੀ ਦਿੱਤਾ।

ਦੋ ਦਿਨ ਪਹਿਲਾਂ ਇੱਥੇ ਉਸਾਰੀ ਅਧੀਨ ਪੁਲ ਦਾ ਲੈਂਟਰ ਦੱਬ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਪੁਲ ਵਿੱਚ ਵਰਤੇ ਜਾ ਰਹੇ ਮਾਲ ਦੀ ਗੁਣਵੱਤਾ ਉੱਪਰ ਸ਼ੱਕ ਹੋ ਗਿਆ। ਇਸ 30 ਮੀਟਰ ਲੰਮੇ 1.75 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪੁਲ ਦਾ ਲੈਂਟਰ ਤਿੰਨ ਹਿੱਸਿਆਂ ਵਿੱਚ ਪੈਣਾ ਸੀ। ਦੋ ਹਿੱਸੇ ਪੈ ਗਏ ਸਨ ਤੇ ਤਿੱਜੇ ਹਿੱਸੇ ਦੀ ਤਿਆਰੀ ਸੀ ਜਦੋਂ ਇੱਕ ਹਿੱਸੇ ਦਾ ਲੈਂਟਰ ਕਾਫੀ ਦੱਬ ਗਿਆ। ਹਾਲਾਂਕਿ ਠੇਕੇਦਾਰ ਵੱਲੋਂ ਉਸ ਹਿੱਸੇ ਨੂੰ ਤੋੜ ਕੇ ਦੁਬਾਰਾ ਬਣਾਉਣ ਬਾਰੇ ਲਿਖਤੀ ਦੇ ਦਿੱਤਾ ਗਿਆ ਸੀ ਪਰ ਪਿੰਡ ਵਾਸੀਆਂ ਮੁਤਾਬਕ ਦੂਜਾ ਹਿੱਸਾ ਵੀ ਥੋੜ੍ਹਾ ਜਿਹਾ ਦੱਬ ਗਿਆ ਸੀ ਜਿਸ ਨੂੰ ਠੇਕੇਦਾਰ ਨੇ ਜੈਕ ਲਗਾ ਕੇ ਉੱਪਰ ਚੁੱਕ ਕੇ ਮੁਰੰਮਤ ਨਾਲ ਸਾਰ ਦਿੱਤਾ। ਉਨ੍ਹਾਂ ਦੀ ਮੰਗ ਹੈ ਕਿ ਉਹ ਹਿੱਸਾ ਵੀ ਤੋੜ ਕੇ ਦੁਬਾਰਾ ਬਣਾਇਆ ਜਾਵੇ।

ਦੂਜੇ ਪਾਸੇ ਪੀਡਬਲਯੂਡੀ ਦੇ ਅਧਿਕਾਰੀ ਅਤੇ ਠੇਕੇਦਾਰ ਦੂਜੇ ਹਿੱਸੇ ਦੇ ਵੀ ਧੱਸਣ ਤੋਂ ਇਨਕਾਰੀ ਹਨ। ਇੱਕ ਦਿਨ ਪਹਿਲਾਂ ਨਾਭਾ ਐੱਸਡੀਐੱਮ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੈਂਪਲ ਭਰੇ ਬਿਨਾਂ ਅੱਗੇ ਕੰਮ ਨਹੀਂ ਤੋਰਿਆ ਜਾਵੇਗਾ ਲੇਕਿਨ ਠੇਕੇਦਾਰ ਨੇ ਰਾਤੋ ਰਾਤ ਦਬਿਆ ਹਿੱਸਾ ਢਾਹ ਦਿੱਤਾ ਜਿਸ ਕਾਰਨ ਲੋਕਾਂ ਵਿੱਚ ਸ਼ੱਕ ਹੋਰ ਵਧ ਗਿਆ। ਅੱਜ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡ ਪਹੁੰਚ ਕੇ ਮੌਕਾ ਦੇਖਿਆ ਤਾਂ ਲੋਕਾਂ ਨੇ ਉਨ੍ਹਾਂ ਨੂੰ ਤਿੱਖੇ ਸਵਾਲ ਕੀਤੇ।

ਪਿੰਡ ਵਾਸੀ ਵਕੀਲ ਹਰਭਗਵਾਨ ਦੱਤ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪੀਡਬਲਯੂਡੀ ਦੇ ਉੱਚ ਅਧਿਕਾਰੀਆਂ ਨੇ ਮੌਕੇ ਉੱਪਰ ਆ ਕੇ ਲੋਕਾਂ ਦੇ ਸਵਾਲਾਂ ਦੇ ਜੁਆਬ ਦੇਣਾ ਜ਼ਰੂਰੀ ਨਾ ਸਮਝਿਆ ਜਿਸ ਕਾਰਨ ਲੋਕਾਂ ਨੂੰ ਪ੍ਰਸ਼ਾਸਨ ਅਤੇ ਠੇਕੇਦਾਰ ਦੀ ਮਿਲੀਭੁਗਤ ਉੱਪਰ ਸ਼ੱਕ ਹੁੰਦਾ ਰਿਹਾ। ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਪੁਲ ਦੀ ਗੁਣਵੱਤਾ ਐਸੀ ਹੋਵੇਗੀ ਕਿ ਇਹ ਘੱਟੋ ਘਟ 50 ਸਾਲ ਚੱਲੇਗਾ। ਉਨ੍ਹਾਂ ਕਿਹਾ ਕਿ ਲੈਂਟਰ ਦੇ ਧੱਸਣ ਦੀ ਘਟਨਾ ਮਾਮੂਲੀ ਨਹੀਂ ਕਿਉਕਿ ਜੇਕਰ ਇਹ ਲੋਕ ਅਰਪਣ ਪਿੱਛੋਂ ਧੱਸ ਜਾਂਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਉਹਨਾਂ ਕਿਹਾ ਕਿ ਇਸਦੀ ਡੂੰਘੀ ਪੜਤਾਲ ਕੀਤੀ ਜਾਵੇਗੀ ਤੇ ਦੋਸ਼ੀਆਂ ਉੱਪਰ ਕਾਰਵਾਈ ਵੀ ਹੋਵੇਗੀ।