ਪੁਲੀਸ ਰੋਕਾਂ ਪਾਰ ਕਰ ਕੇ ਉਗਰਾਹਾਂ ਯੂਨੀਅਨ ਦੇ ਕਾਰਕੁਨ ਪਹਿਲਵਾਨਾਂ ਦੇ ਧਰਨੇ ’ਚ ਪੁੱਜੇ

ਪੁਲੀਸ ਰੋਕਾਂ ਪਾਰ ਕਰ ਕੇ ਉਗਰਾਹਾਂ ਯੂਨੀਅਨ ਦੇ ਕਾਰਕੁਨ ਪਹਿਲਵਾਨਾਂ ਦੇ ਧਰਨੇ ’ਚ ਪੁੱਜੇ

ਮਹਿਲਾ ਕਿਸਾਨ ਆਗੂਆਂ ਨੇ ਪੁਲੀਸ ਨੂੰ ਦਿੱਤੀ ਪੈਦਲ ਹੀ ਧਰਨੇ ਵਿੱਚ ਸ਼ਾਮਲ ਹੋਣ ਦੀ ਚਿਤਾਵਨੀ
ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਾਰਕੁਨ ਦਿੱਲੀ ਪੁਲੀਸ ਦੀਆਂ ਰੋਕਾਂ ਨੂੰ ਪਾਰ ਕਰਦਿਆਂ ਪਹਿਲਵਾਲਾਂ ਦੇ ਜੰਤਰ-ਮੰਤਰ ’ਤੇ ਚਲ ਰਹੇ ਧਰਨੇ ਵਿੱਚ ਸ਼ਾਮਲ ਹੋਏ। ਪੁਲੀਸ ਨੇ ਪਹਿਲਾਂ ਉਨ੍ਹਾਂ ਨੂੰ ਟਿਕਰੀ ਬਾਰਡਰ ਉੱਪਰ ਹੀ ਰੋਕ ਲਿਆ। ਇਸ ’ਤੇ ਕਿਸਾਨਾਂ ਨੇ ਉੱਥੇ ਹੀ ਪੁਲੀਸ ਨਾਕੇ ਕੋਲ ਧਰਨਾ ਲਾ ਦਿੱਤਾ।
ਵੱਡੀ ਗਿਣਤੀ ਕਿਸਾਨ ਔਰਤਾਂ ਪੀਲੀਆਂ ਚੁੰਨੀਆਂ ਲੈ ਕੇ ਜਦੋਂ ਦਿੱਲੀ ਵੱਲ ਵਧਣ ਲੱਗੀਆਂ ਤਾਂ ਪੁਲੀਸ ਨਾਲ ਸ਼ਬਦੀ ਤਕਰਾਰ ਹੋਇਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਪੁਲੀਸ ਦਾ ਪਹਿਲਾ ਨਾਕਾ ਔਰਤਾਂ ਨੇ ਖੁਲ੍ਹਵਾਇਆ ਤੇ ਫਿਰ ਦਿੱਲੀ ਪੁਲੀਸ ਨੂੰ ਦੂਜਾ ਨਾਕਾ ਦਿੱਲੀ-ਬਹਾਦਰਗੜ੍ਹ ਰੋਡ ਉੱਪਰੋਂ ਖੋਲ੍ਹਣਾ ਪਿਆ। ਉਨ੍ਹਾਂ ਕਿਹਾ ਕਿ ਫਿਰ ਦਿੱਲੀ ਪੁਲੀਸ ਬੱਸਾਂ ਜੰਤਰ-ਮੰਤਰ ਦੇ ਇਲਾਕੇ ਵਿੱਚ ਦਾਖ਼ਲ ਕਰਨ ਤੋਂ ਮੁਨਕਰ ਹੋਣ ਲੱਗੀ। ਮਹਿਲਾ ਪਹਿਲਵਾਨਾਂ ਦੇ ਸੰਘਰਸ਼ ’ਚ ਸਾਥ ਦੇਣ ਆਈਆਂ ਉਗਰਾਹਾਂ ਯੂਨੀਅਨ ਦੀਆਂ ਮਹਿਲਾ ਆਗੂਆਂ ਹਰਿੰਦਰ ਕੌਰ ਬਿੰਦੂ ਤੇ ਸ਼ਿੰਗਾਰਾ ਸਿੰਘ ਮਾਨ ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਬੱਸਾਂ ਨਾ ਜਾਣ ਦੀ ਸੂਰਤ ਵਿੱਚ ਯੂਨੀਅਨ ਦਿੱਲੀ ਦੀਆਂ ਸੜਕਾਂ ਤੋਂ ਪੈਦਲ ਮਾਰਚ ਕੱਢਦੀ ਹੋਈ ਜੰਤਰ-ਮੰਤਰ ਤੱਕ ਜਾਵੇਗੀ। ਇਸ ਮਗਰੋਂ ਦਿੱਲੀ ਪੁਲੀਸ ਦੇ ਅਧਿਕਾਰੀ ਢਿੱਲੇ ਪਏ ਤਾਂ ਕਾਰਕੁਨ ਧਰਨੇ ਵਿੱਚ ਸ਼ਾਮਲ ਹੋ ਸਕੇ।
ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮਹਿਲਾ ਪਹਿਲਵਾਨਾਂ ਨਾਲ ਹੋਈ ਨਾਇਨਸਾਫ਼ੀ ਨੂੰ ਇਨਸਾਨੀਅਤ ਉਪਰ ਹਮਲਾ ਕਰਾਰ ਦਿੱਤਾ ਤੇ ਭਾਜਪਾ ਦੇ ਆਗੂਆਂ ਦੂਹਰੇ ਕਿਰਦਾਰ ਨੂੰ ਨੰਗਾ ਕੀਤਾ। ਉਨ੍ਹਾਂ ਕਿਹਾ ਕਿ ਸ਼ਾਹੀਨ ਬਾਗ਼ ਦੇ ਮੋਰਚੇ ਮੌਕੇ ਪੁਲੀਸ ਨੇ ਘੱਟ ਗਿਣਤੀਆਂ ਦੇ ਆਗੂਆਂ ਉਪਰ ਤਾਂ ਮਾਮਲੇ ਦਰਜ ਕੀਤੇ ਪਰ ਆਰਐੱਸਐੱਸ ਦੇ ਫੁੱਟ ਪਾਊ ਬਿਆਨ ਦੇਣ ਵਾਲਿਆਂ ਨੂੰ ਕੁਝ ਨਹੀਂ ਕਿਹਾ। ਇਸੇ ਤਰ੍ਹਾਂ ਗੁਜਰਾਤ ਦੰਗਿਆਂ ਵਿੱਚ ਪਰਿਵਾਰ ਨੂੰ ਮਾਰਨ ਵਾਲਿਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਛੱਡ ਦਿੱਤਾ ਗਿਆ, ਸਗੋਂ ਦੋਸ਼ੀਆਂ ਦਾ ਸਵਾਗਤ ਵੀ ਕੀਤਾ ਗਿਆ। ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਦੇ ਸ਼ੋਸ਼ਣ ਖ਼ਿਲਾਫ਼ ਦੇਸ਼ ਦੇ ਲੋਕ ਇੱਕਜੁੱਟ ਹੋਏ ਹਨ। ਉਨ੍ਹਾਂ ਕਿਹਾ ਕਿ ਹਰ ਅਦਾਰੇ ਵਿੱਚ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ ਤੇ ਸਦੀਆਂ ਤੋਂ ਉਹ ਭੁਗਤਦੀਆਂ ਹਨ ਪਰ ਮਹਿਲਾ ਪਹਿਲਵਾਨ ਬਾਹੂਬਲੀ ਸੰਸਦ ਮੈਂਬਰ ਬ੍ਰਿਸ਼ ਭੂਸ਼ਣ ਨਾਲ ਲੜ ਰਹੀਆਂ ਹਨ। ਕਮਲਜੀਤ ਕੌਰ ਬਰਨਾਲਾ ਨੇ ਕਿਹਾ ਕਿ ਜੰਤਰ-ਮੰਤਰ ਉੱਪਰ ਬੈਠੀਆਂ ਪਹਿਲਵਾਨਾਂ ਨੇ ਔਖੇ ਹਾਲਾਤ ਵਿੱਚ ਲੜਾਈ ਜਾਰੀ ਰੱਖੀ ਹੋਈ ਹੈ। ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਬ੍ਰਿਸ਼ ਭੂਸ਼ਣ ਦੇ ਬਿਆਨ ਉਸ ਦੇ ਦਿਮਾਗੀ ਦੀਵਾਲੀਆਪਣ ਦਾ ਅਹਿਸਾਸ ਕਰਵਾਉਂਦੇ ਹਨ।