ਪੁਰਤਗਾਲ ਨੂੰ ਬਾਹਰ ਕਰਨ ਵਾਲੇ ਮੋਰੱਕੋ ਦੀਆਂ ਨਜ਼ਰਾਂ ਹੁਣ ਫਰਾਂਸ ’ਤੇ

ਪੁਰਤਗਾਲ ਨੂੰ ਬਾਹਰ ਕਰਨ ਵਾਲੇ ਮੋਰੱਕੋ ਦੀਆਂ ਨਜ਼ਰਾਂ ਹੁਣ ਫਰਾਂਸ ’ਤੇ

ਦੋਹਾ- ਫੁਟਬਾਲ ਦੀ ਦੁਨੀਆ ’ਚ ਕਦਮ ਦਰ ਕਦਮ ਸ਼ਾਹਸਵਾਰਾਂ ਨੂੰ ਮਾਤ ਦਿੰਦੀ ਆਈ ਮੋਰੱਕੋ ਦੀ ਟੀਮ ਸਾਹਮਣੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਮੌਜੂਦਾ ਚੈਂਪੀਅਨ ਫਰਾਂਸ ਦੀ ਚੁਣੌਤੀ ਹੋਵੇਗੀ ਅਤੇ ਉਸ ਨੂੰ ਹਰਾਉਣਾ ਮੋਰੱਕੋ ਲਈ ਆਸਾਨ ਨਹੀਂ ਹੋਵੇਗਾ। ਗਰੁੱਪ ਗੇੜ ਵਿੱਚ ਦੂਜੇ ਨੰਬਰ ਵਾਲੀ ਟੀਮ ਬੈਲਜੀਅਮ ਤੋਂ ਬਾਅਦ ਸਪੇਨ ਅਤੇ ਪੁਰਤਗਾਲ ਨੂੰ ਨਾਕਆਊਟ ਗੇੜ ਵਿੱਚ ਹਰਾਉਣ ਵਾਲੀ ਮੋਰੱਕੋ ਟੀਮ ਨੇ ਆਪਣੇ ਦੇਸ਼ ਦੇ ਫੁਟਬਾਲ ਦਾ ਸੁਨਹਿਰੀ ਪੰਨਾ ਲਿਖਿਆ ਹੈ। ਵਿਸ਼ਵ ਕੱਪ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਪਹਿਲੀ ਅਫਰੀਕੀ ਟੀਮ ਮੋਰੱਕੋ ’ਤੇ 1912 ਅਤੇ 1956 ਵਿਚਾਲੇ ਫਰਾਂਸ ਦਾ ਸ਼ਾਸਨ ਰਿਹਾ ਹੈ, ਇਸ ਲਈ ਮੈਚ ਦਾ ਸਿਆਸੀ ਪਿਛੋਕੜ ਵੀ ਹੈ। ਫਰਾਂਸ ਕੋਲ ਕੇ. ਮਬਾਪੇ ਵਰਗਾ ਸਟਾਰ ਸਟ੍ਰਾਈਕਰ ਹੈ ਜੋ ਲਿਓਨਲ ਮੈਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਵਰਗੇ ਸਿਤਾਰਿਆਂ ਦੇ ਦੌਰ ਵਿੱਚ ਚਮਕਣ ਵਿੱਚ ਕਾਮਯਾਬ ਰਿਹਾ ਹੈ। ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਸਭ ਤੋਂ ਵੱਧ ਪੰਜ ਗੋਲ ਕਰ ਕੇ ਉਹ ‘ਗੋਲਡਨ ਬੂਟ’ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ। ਫਰਾਂਸੀਸੀ ਮੂਲ ਦੇ ਮੋਰੱਕੋ ਦੇ ਕੋਚ ਵਾਲਿਦ ਰੈਗਰਾਗੁਈ ਨੇ ਕਿਹਾ, ‘‘ਮੈਨੂੰ ਪੁੱਛਿਆ ਗਿਆ ਸੀ ਕਿ ਕੀ ਅਸੀਂ ਵਿਸ਼ਵ ਕੱਪ ਜਿੱਤ ਸਕਦੇ ਹਾਂ, ਤਾਂ ਮੈਂ ਕਿਹਾ ਸੀ ਕਿਉਂ ਨਹੀਂ। ਅਸੀਂ ਸੁਫ਼ਨੇ ਦੇਖ ਸਕਦੇ ਹਾਂ ਅਤੇ ਸੁਫ਼ਨੇ ਦੇਖਣ ਵਿੱਚ ਕੋਈ ਹਰਜ਼ ਨਹੀਂ ਹੈ।’’ ਉਸ ਨੇ ਕਿਹਾ, ‘‘ਯੂਰਪੀ ਦੇਸ਼ ਹੀ ਵਿਸ਼ਵ ਕੱਪ ਜਿੱਤਦੇ ਆਏ ਹਨ ਅਤੇ ਅਸੀਂ ਚੋਟੀ ਦੀਆਂ ਟੀਮਾਂ ਖਿਲਾਫ ਖੇਡਿਆ ਹੈ। ਇਹ ਆਸਾਨ ਨਹੀਂ ਸੀ। ਹੁਣ ਹਰੇਕ ਟੀਮ ਸਾਡੇ ਤੋਂ ਡਰੀ ਹੋਈ ਹੋਵੇਗੀ।’’
ਦੂਜੇ ਪਾਸੇ ਇੰਗਲੈਂਡ ਖ਼ਿਲਾਫ਼ ਸਖਤ ਮੈਚ ਜਿੱਤ ਕੇ ਇੱਥੇ ਤੱਕ ਪਹੁੰਚੀ ਫਰਾਂਸ ਲਈ ਮੋਰੱਕੋ ਖ਼ਿਲਾਫ਼ ਗੋਲ ਕਰਨਾ ਆਸਾਨ ਨਹੀਂ ਹੋਵੇਗਾ। ਵਿਸ਼ਵ ਕੱਪ ਵਿੱਚ ਮੋਰੱਕੋ ਖ਼ਿਲਾਫ਼ ਹਾਲੇ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਇੱਕੋ-ਇੱਕ ਗੋਲ ਕੈਨੇਡਾ ਖ਼ਿਲਾਫ਼ ਆਤਮਘਾਤੀ ਗੋਲ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀ ਇਹ ਮੈਚ ਦੇਖਣ ਪਹੁੰਚ ਸਕਦੇ ਹਨ।