ਪੁਰਖਿਆਂ ਦੇ ਸਰਟੀਫਿਕੇਟ

ਪੁਰਖਿਆਂ ਦੇ ਸਰਟੀਫਿਕੇਟ

ਬਲਵਿੰਦਰ ਸਿੰਘ ਭੰਗੂ

ਦੇਸ਼ ਦੀ ਵੰਡ ਹੋਈ ਤਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਸਲਾਬਾਦ) ਦੇ ਪਿੰਡ ਖਿਆਲਾ ਕਲਾਂ, ਜੇਬੀ- 57 ਦੇ ਜੱਟ ਸਿੱਖਾਂ ਨੂੰ ਜ਼ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਨਜ਼ਦੀਕ ਅੱਠ ਪਿੰਡਾਂ ਦੇ ਕਰੀਬ ਜ਼ਮੀਨ ਅਲਾਟ ਹੋਈ। ਇਥੋਂ ਦੇ ਪਿੰਡ ਚਾਹੜਕੇ ਦੇ ਗੁਰਮੀਤ ਸਿੰਘ ਦੀ ਲੜਕੀ ਭੁਪਿੰਦਰ ਕੌਰ ਇੰਗਲੈਂਡ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ, ਜਿਸ ਨੇ ਆਪਣੇ ਗੁਆਂਢ ਰਹਿੰਦੇ ਪਾਕਿਸਤਾਨੀ ਪਿਛੋਕੜ ਵਾਲੇ ਮੁਸਲਿਮ ਪਰਿਵਾਰ ਨੂੰ ਆਪਣੇ ਪੁਰਖਿਆਂ ਦੇ ਪਿੰਡ ਖਿਆਲਾ ਵੱਡਾ ਜੇਬੀ-57 ਦੀ ਵੀਡੀਓਗ੍ਰਾਫੀ ਕਰਕੇ ਲਿਆਉਣ ਲਈ ਬੇਨਤੀ ਕੀਤੀ। ਮੁਸਲਿਮ ਪਰਿਵਾਰ ਨੇ ਪਾਕਿਸਤਾਨ ਰਹਿ ਰਹੇ ਲਵਲੀ ਨਾਮੀ ਪੱਤਰਕਾਰ ਨੂੰ ਇਹ ਵੀਡੀਓ ਬਣਾ ਕੇ ਭੇਜਣ ਲਈ ਕਿਹਾ ਤਾਂ ਲਵਲੀ ਨੇ ਪਿੰਡ ਖਿਆਲਾ ਵੱਡਾ ਦੀ ਵੀਡੀਓ ਬਣਾ ਕੇ ਉਸ ਨੂੰ ਯੂਟਿਊਬ ਅਤੇ ਫੇਸਬੁੱਕ ’ਤੇ ਚਾੜ੍ਹ ਦਿੱਤਾ।
ਵੀਡੀਓ ਵਿਚ ਪਿੰਡ ਵਾਸੀ ਮਾਸਟਰ ਅੱਲ੍ਹਾ ਰੱਖਾ ਨੇ ਇਕ ਦਿਲਚਸਪ ਜਾਣਕਾਰੀ ਦਿੱਤੀ। ਉਹ ਨੇੜਲੇ ਪਿੰਡ ਮੁੱਲਾਂਪੁਰ ਜੇਬੀ-52 ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਾ ਰਹੇ ਹਨ। ਲਹਿੰਦੇ ਪੰਜਾਬ ਦੇ ਸਿਖਿਆ ਵਿਭਾਗ ਨੇ ਸਰਕਾਰੀ ਹਾਈ ਸਕੂਲ ਪਿੰਡ ਮੁੱਲਾਂਪੁਰ ਨੂੰ 1947 ਤੋਂ ਪਹਿਲਾਂ ਦਾ ਸਾਰਾ ਪੁਰਾਣਾ ਰਿਕਾਰਡ ਸਾੜ ਦੇਣ ਲਈ ਕਿਹਾ। ਜਦੋਂ ਰਿਕਾਰਡ ਕੱਢਿਆ ਜਾ ਰਿਹਾ ਸੀ ਤਾਂ ਉਸ ਵਿੱਚੋਂ ਅਜੈਬ ਸਿੰਘ ਪੁੱਤਰ ਧਾਰਾ ਸਿੰਘ ਪਿੰਡ ਖਿਆਲਾ ਵੱਡਾ ਜੇਬੀ-57 ਦਾ ਅਠਵੀਂ ਜਮਾਤ ਪਾਸ (1940) ਅਤੇ ਦੂਜਾ ਸ਼ੰਗਾਰਾ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਖਿਆਲਾ ਛੋਟਾ ਜੇਬੀ-56 ਦਾ ਅਠਵੀਂ ਜਮਾਤ ਪਾਸ (1932) ਸਰਟੀਫਿਕੇਟ ਮਿਲੇ। ਮਾਸਟਰ ਅੱਲ੍ਹਾ ਰੱਖਾ ਨੇ ਦੋਵੇਂ ਸਰਟੀਫਿਕੇਟ ਆਪਣੇ ਘਰ ਲਿਆ ਕੇ ਸਾਂਭ ਕੇ ਰੱਖ ਲਏ ਕਿਉਂਕਿ ਇੱਕ ਉਸ ਦੇ ਜੱਦੀ ਪਿੰਡ ਖਿਆਲਾ ਵੱਡਾ ਜੇਬੀ- 57 ਨਾਲ ਸਬੰਧਤ ਸੀ ਅਤੇ ਦੂਜਾ ਉਸ ਦੇ ਨਾਨਕਿਆਂ ਦੇ ਪਿੰਡ ਖਿਆਲਾ ਛੋਟਾ ਦਾ ਸੀ। ਉਸ ਨੇ ਵੀਡੀਓ ਵਿਚ ਇਹ ਜਾਣਕਾਰੀ ਦਿੰਦਿਆਂ ਆਪਣਾ ਮੋਬਾਈਲ ਨੰਬਰ ਵੀ ਲਿਖ ਦਿੱਤਾ।
ਸਾਡਾ ਭੰਗੂ ਪਰਿਵਾਰ ਵੀ ਖਿਆਲਾ ਵੱਡਾ ਜੇਬੀ-57 ਤੋਂ ਉੱਠ ਕੇ ਆਇਆ ਸੀ। ਇਸ ਵੀਡੀਓ ਨੂੰ ਬਲਾਕ ਭੋਗਪੁਰ ਦੇ ਪਿੰਡ ਚੱਕ ਸ਼ਕੂਰ ਵਾਸੀ ਕਾਨੂੰਗੋ ਜਸਵਿੰਦਰ ਸਿੰਘ ਭੰਗੂ ਦੇ ਲੜਕੇ ਤੇ ਮੇਰੇ ਭਤੀਜੇ ਰਾਜਵੀਰ ਸਿੰਘ ਭੰਗੂ ਨੇ ਦੇਖਿਆ ਤਾਂ ਉਸ ਨੇ ਮੇਰੇ ਨਾਲ ਗੱਲ ਕੀਤੀ ਕਿ ‘ਚਾਚਾ ਜੀ ਤੁਸੀਂ ਪੱਤਰਕਾਰ ਹੋ, ਪਤਾ ਕਰੋ ਇਹ ਸਰਟੀਫਿਕੇਟ ਕਿਨ੍ਹਾਂ ਦੇ ਹੋ ਸਕਦੇ ਹਨ।’ ਵੀਡੀਓ ਵਿੱਚ ਦਿੱਤੇ ਨੰਬਰ ਤੋਂ ਮਾਸਟਰ ਅੱਲ੍ਹਾ ਰੱਖਾ ਨਾਲ ਰਾਬਤਾ ਕਰ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਆ ਕੇ ਸਰਟੀਫਿਕੇਟ ਦੇਣ ਦੀ ਬੇਨਤੀ ਕੀਤੀ ਤਾਂ ਉਹ ਰਾਜ਼ੀ ਹੋ ਗਏ। ਮਿਥੀ ਮਿਤੀ ਨੂੰ ਅੱਲ੍ਹਾ ਰੱਖਾ ਪਿੰਡ ਖਿਆਲਾ ਕਲਾਂ ਦੇ ਕੁਝ ਵਾਸੀਆਂ ਨਾਲ ਕਰਤਾਰਪੁਰ ਸਾਹਿਬ ਆਏ ਤੇ ਉਨ੍ਹਾਂ ਦੋਵੇਂ ਸਰਟੀਫਿਕੇਟ ਮੈਨੂੰ ਸੌਂਪ ਦਿੱਤੇ।
ਮਾਸਟਰ ਅੱਲ੍ਹਾ ਰੱਖਾ ਨੇ ਇਹ ਵੀ ਦੱਸਿਆ ਕਿ ਖਿਆਲਾ ਕਲਾਂ ਵਿੱਚ ਇੱਕ ਗੁਰਦੁਆਰਾ ਵੀ ਖ਼ਸਤਾ ਹਾਲਤ ਵਿੱਚ ਹੈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸ੍ਰੀ ਅੰਮ੍ਰਿਤਸਰ ਵਿੱਚ ਲੜੀ ਪਹਿਲੀ ਲੜਾਈ ਵਿੱਚ ਸ਼ਹੀਦ ਬਾਬਾ ਦਿੱਤ ਮੱਲ ਜੀ ਨੇ ਸ਼ਹੀਦੀ ਜਾਮ ਪੀਤਾ ਸੀ। ਬਾਬਾ ਜੀ ਦੇ ਪਰਿਵਾਰ ਅਤੇ ਪੈਰੋਕਾਰਾਂ ਨੇ ਉਨ੍ਹਾਂ ਦੀ ਯਾਦ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਾਲੇ ਪਿੰਡ ਖਿਆਲਾ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਬਣਾਇਆ। ਜਦੋਂ ਅੰਗਰੇਜ਼ ਸਰਕਾਰ ਨੇ 1895 ਦੇ ਕਰੀਬ ਇਸ ਪਿੰਡ ਦੇ ਜ਼ਿਮੀਦਾਰਾਂ ਨੂੰ ਲਾਇਲਪੁਰ (ਫ਼ੈਸਲਾਬਾਦ) ਵਿੱਚ ਜ਼ਮੀਨਾਂ (ਮਰੱਬੇ) ਅਲਾਟ ਕੀਤੇ ਤਾਂ ਬਾਬਾ ਜੀ ਯਾਦ ਵਿੱਚ ਖਿਆਲਾ ਕਲਾਂ ਜੇਬੀ- 57 (ਲਾਇਲਪੁਰ) ਵਿੱਚ ਵੀ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਬਣਾਇਆ ਸੀ। ਅਸੀਂ ਉਸ ਨੂੰ ਕੁਝ ਪੈਸੇ ਦਿੱਤੇ ਅਤੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਮੁਰੰਮਤ ਕਰਕੇ ਰੰਗ ਕਰਵਾ ਦੇਣਾ ਅਤੇ ਦਸ ਗੁਰੂ ਵਾਲੀ ਫੋਟੋ ਦਿੱਤੀ। ਮਾਸਟਰ ਅੱਲ੍ਹਾ ਰੱਖਾ ਨੇ ਗੁਰਦੁਆਰਾ ਸਾਹਿਬ ਦੀ ਮੁਰੰਮਤ ਕਰਵਾ ਕੇ ਚਿੱਟਾ ਰੰਗ ਕਰਵਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਸ ਗੁਰੂਆਂ ਦੀ ਫੋਟੋ ਰੱਖ ਦਿੱਤੀ ਅਤੇ ਛੋਟਾ ਜਿਹਾ ਨਿਸ਼ਾਨ ਸਾਹਿਬ ਵੀ ਚੜ੍ਹਾ ਦਿੱਤਾ। ਉਸ ਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਅੰਗਰੇਜ਼ੀ ਭਾਸ਼ਾ ਵਿੱਚ ਲਿਖ ਕੇ ਭੇਜਿਆ। ਉਨ੍ਹਾਂ ਨਾਲ ਹੀ ਉਰਦੂ ਜ਼ੁਬਾਨ ਵਿੱਚ ਤਰਜਮਾ ਕਰਕੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦਵਾਰੇ ਦੇ ਅੰਦਰ ਲਿਖ ਦਿੱਤਾ ਹੈ। ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਬਾਬਾ ਤਾਰਿਕ ਜੀ ਕਰ ਰਹੇ ਹਨ।
ਦੋਹਾਂ ਅੱਠਵੀਂ ਪਾਸ ਵਿਅਕਤੀਆਂ ਦੇ ਪਰਿਵਾਰਾਂ ਦੀ ਭਾਲ ਕਰਦਿਆਂ ਅਜੈਬ ਸਿੰਘ ਦੇ ਪੁੱਤਰਾਂ ਅਤੇ ਪੋਤਰਿਆਂ ਦਾ ਪਰਿਵਾਰ ਬਲਾਕ ਭੋਗਪੁਰ ਦੇ ਪਿੰਡ ਚਮਿਆਰੀ ਵਿੱਚੋਂ ਲੱਭ ਗਿਆ। ਉਨ੍ਹਾਂ ਨੂੰ ਉਨ੍ਹਾਂ ਦੇ ਬਜ਼ੁਰਗ ਦਾ ਅੱਠਵੀਂ ਪਾਸ ਦਾ ਸਰਟੀਫਿਕੇਟ ਮਿਲਣ ਬਾਰੇ ਦੱਸਿਆ ਤਾਂ ਪਰਿਵਾਰ 83 ਸਾਲ ਬਾਅਦ ਆਪਣੇ ਪੁਰਖੇ ਦਾ ਸਰਟੀਫਿਕੇਟ ਮਿਲਣ ’ਤੇ ਖੁਸ਼ੀ ਨਾਲ ਬਾਗੋ ਬਾਗ ਹੋ ਗਿਆ। ਸਵਰਗੀ ਅਜੈਬ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਵੱਡਾ ਸਮਾਗਮ ਕਰਕੇ ਸਰਟੀਫਿਕੇਟ ਪ੍ਰਾਪਤ ਕਰਨਗੇ ਅਤੇ ਜੇ ਛੋਟੇ ਖਿਆਲਾ ਦੇ ਸ਼ੰਗਾਰਾ ਸਿੰਘ ਦਾ ਪਰਿਵਾਰ ਵੀ ਲੱਭ ਗਿਆ ਤਾਂ ਦੋਵੇਂ ਪਰਿਵਾਰ ਇਕੱਠੇ ਸਮਾਗਮ ਕਰਵਾ ਸਕਦੇ ਹਨ। ਪਰਿਵਾਰ ਨੇ ਮਾਸਟਰ ਅੱਲ੍ਹਾ ਰੱਖਾ ਦਾ ਕੋਟਿ ਕੋਟਿ ਧੰਨਵਾਦ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਭਾਵੇਂ ਇਸ ਸਰਟੀਫਿਕੇਟ ਨੂੰ ਉਹ ਕਿਤੇ ਵਰਤ ਨਹੀਂ ਸਕਦੇ ਪਰ ਜਿਸ ਸਮੇਂ ਕੋਈ ਬੰਦਾ ਚਾਰ ਜਮਾਤਾਂ ਵੀ ਮਸਾਂ ਪੜ੍ਹਦਾ ਸੀ, ਉਦੋਂ ਉਨ੍ਹਾਂ ਦੇ ਬਜ਼ੁਰਗ ਨੇ ਅਠਵੀਂ ਜਮਾਤ ਪਾਸ ਕੀਤੀ ਸੀ, ਜਿਸ ਦਾ ਪਰਿਵਾਰ ਨੂੰ ਮਾਣ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਸਰਟੀਫਿਕੇਟ ਉਨ੍ਹਾਂ ਲਈ ਬਹੁਤ ਪਵਿੱਤਰ ਹੈ। ਸ਼ੰਗਾਰਾ ਸਿੰਘ ਪੁੱਤਰ ਸੁੰਦਰ ਸਿੰਘ ਦੇ ਪਰਿਵਾਰ ਨੂੰ ਲੱਭਣ ਦੇ ਵੀ ਉਪਰਾਲੇ ਕੀਤੇ ਜਾ ਰਹੇ ਹਨ।
ਸੰਪਰਕ: 98150-76546