ਪੀਂਘ ਦੇ ਹੁਲਾਰੇ ਵਰਗੇ ਪੰਜਾਬੀ ਫਿਲਮੀ ਗੀਤ

ਪੀਂਘ ਦੇ ਹੁਲਾਰੇ ਵਰਗੇ ਪੰਜਾਬੀ ਫਿਲਮੀ ਗੀਤ

ਸੁਖਮਿੰਦਰ ਸੇਖੋਂ

ਪਿਛਲੇ ਸਮੇਂ ਦੀਆਂ ਪੰਜਾਬੀ ਫਿਲਮਾਂ ਦੇ ਸੰਗੀਤ ਦਾ ਵਧੀਆ ਦੌਰ ਰਿਹਾ ਹੈ। ਦੇਸ਼ ਵੰਡ ਤੋਂ ਪਹਿਲਾਂ ਦੀਆਂ ਪੰਜਾਬੀ ਫਿਲਮਾਂ ਤੋਂ ਇਲਾਵਾ ਸਾਡੇ ਕੋਲ ਪੁਰਾਣੀਆਂ ਕਾਲੀਆਂ ਚਿੱਟੀਆਂ ਫਿਲਮਾਂ ਦੇ ਗੀਤ ਸੰਗੀਤ ਦਾ ਵੀ ਅਨਮੋਲ ਖ਼ਜ਼ਾਨਾ ਮੌਜੂਦ ਹੈ। ਉਸ ਤੋਂ ਬਾਅਦ ਆਈਆਂ ਰੰਗਦਾਰ ਫਿਲਮਾਂ ਦੇ ਗੀਤਾਂ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ‘ਪੋਸਤੀ’ ਦੇ ਟਾਈਟਲ ਗੀਤ ਨੂੰ ਪੰਜਾਬੀ ਫਿਲਮਾਂ ਦੇ ਗੀਤ ਪ੍ਰੇਮੀ ਹਾਲੇ ਵੀ ਭੁੱਲੇ ਨਹੀਂ ਹੋਣਗੇ। ਇਸ ਦੇ ਬੋਲ ਸਨ: ‘ਤੂੰ ਪੀਂਘ ਤੇ ਮੈਂ ਪਰਛਾਵਾਂ ਤੇਰੇ ਨਾਲ ਹੁਲਾਰੇ ਖਾਵਾਂ ਲਾ ਲੈ ਦੋਸਤੀ…ਭੈੜਾ ਪੋਸਤੀ…।’ ਮੁਹੰਮਦ ਰਫੀ-ਆਸ਼ਾ ਦਾ ਗਾਇਆ ਗੀਤ ਹਾਲੇ ਵੀ ਸਾਡੇ ਚਾਰੇ ਪਾਸੇ ਖੁਸ਼ਬੋ ਫੈਲਾ ਦਿੰਦਾ ਹੈ।

ਫਿਲਮ ‘ਦੋ ਲੱਛੀਆਂ’ ਦਾ ਗੀਤ ‘ਇੱਕ ਪਿੰਡ ਦੋ ਲੱਛੀਆਂ ਛੋਟੀ ਲੱਛੀ ਨੇ ਪੁਆੜਾ ਪਾਇਆ…’ ਵੀ ਸਰੋਤਿਆਂ ਨੂੰ ਚੇਤੇ ਹੀ ਹੋਵੇਗਾ ਜਾਂ ਫਿਰ ਸੁੰਦਰ ਤੇ ਨਿਸ਼ੀ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਭੰਗੜਾ’ ਵੀ ਤਾਂ ਸਾਰਿਆਂ ਨੂੰ ਯਾਦ ਹੀ ਹੋਵੇਗੀ। ਇਸ ਫਿਲਮ ਦੇ ਗੀਤ ਸੰਗੀਤ ਨੇ ਦਰਸ਼ਕਾਂ ਨੂੰ ਨਿਹਾਲ ਕਰ ਦਿੱਤਾ। ਇਸ ਦੇ ਇੱਕ ਤੋਂ ਇੱਕ ਵੱਧ ਚੜ੍ਹ ਕੇ ਗੀਤ ਸਨ। ਮੁਹੰਮਦ ਰਫੀ, ਆਸ਼ਾ ਤੇ ਸ਼ਮਸ਼ਾਦ ਬੇਗਮ ਦੀਆਂ ਆਵਾਜ਼ਾਂ ਨੇ ਸਿਨਮਾ ਹਾਲ ਗੂੰਜਣ ਲਾ ਦਿੱਤੇ ਸਨ। ਗੀਤ ਸਨ, ‘ਪਹਿਲੀ ਪਹਿਲੀ ਵਾਰ ਮੈਨੂੰ ਨਾਈ ਲੈਣ ਆਇਆ’ ਅਤੇ ‘ਬੱਤੀ ਬਾਲ ਕੇ ਬਨੇਰੇ ਉਤੇ ਰੱਖਨੀ ਆਂ ਕਿਤੇ ਭੁੱਲ ਨਾ ਜਾਵੇ ਚੰਨ ਮੇਰਾ’ ਜਾਂ ਫਿਰ ‘ਜੱਟ ਕੁੜੀਆਂ ਤੋਂ ਡਰਦਾ ਮਾਰਾ ਮੋਢੇ ਉੱਤੇ ਡਾਂਗ ਰੱਖਦਾ’, ‘ਮੁੱਲ ਵਿਕਦਾ ਸੱਜਣ ਮਿਲ ਜਾਵੇ ਲੈ ਲਵਾਂ ਮੈਂ ਜਿੰਦ ਵੇਚ ਕੇ’ (ਸ਼ਮਸ਼ਾਦ ਬੇਗਮ)।

ਬਲਰਾਜ ਸਾਹਨੀ ਦੀ ‘ਸਤਲੁਜ ਦੇ ਕੰਢੇ’ ਫਿਲਮ ਦਾ ਗੀਤ ਸੰਗੀਤ ਵੀ ਸੁਣਨ ਤੇ ਮਾਣਨਯੋਗ ਸੀ। ਠੀਕ ਇਵੇਂ ਹੀ ਨੈਸ਼ਨਲ ਐਵਾਰਡ ਜੇਤੂ ਫਿਲਮ ‘ਚੌਧਰੀ ਕਰਨੈਲ ਸਿੰਘ’ ਦੇ ਗੀਤ ਵੀ। ਉਚੇਚੇ ਤੌਰ ’ਤੇ ਮੁਹੰਮਦ ਰਫੀ ਦੇ ਗਾਏ ਇੱਕ ਗੀਤ ਦਾ ਜ਼ਿਕਰ ਜੇਕਰ ਨਾ ਹੋਇਆ ਤਾਂ ਪੰਜਾਬੀ ਗੀਤ ਸੰਗੀਤ ਨਾਲ ਧੱਕਾ ਹੀ ਹੋਵੇਗਾ, ‘ਘਰ ਬਾਬਲ ਦਾ ਛੱਡ ਕੇ ਧੀਏ…ਧੀਆਂ ਇੱਕ ਦਿਨ ਜਾਣਾ ਏ।’ ਇਹ ਗੀਤ ਸਾਨੂੰ ਮੁਹੰਮਦ ਰਫੀ ਦੇ ਹੀ ਗਾਏ ਇੱਕ ਹਿੰਦੀ ਫਿਲਮ ਦੇ ਗੀਤ ਦੀ ਯਾਦ ਤਾਜ਼ਾ ਕਰਵਾ ਜਾਂਦਾ ਹੈ, ਜਿਸ ਦੇ ਬੋਲ ਸਨ, ‘ਬਾਬੁਲ ਕੀ ਦੁਆਏਂ ਲੇਤੀ ਜਾ, ਜਾ ਤੁਝਕੋ ਸੁਖੀ ਸੰਸਾਰ ਮਿਲੇ।’ ‘ਖੇਡਣ ਦੇ ਦਿਨ ਚਾਰ’, ‘ਪਿੰਡ ਦੀ ਕੁੜੀ’, ‘ਗੀਤ ਬਹਾਰਾਂ ਦੇ’, ‘ਸ਼ੌਕਣ ਮੇਲੇ ਦੀ’, ‘ਕਿੱਕਲੀ’, ‘ਗੁੱਡੀ’, ‘ਪਿੰਡ ਦੀ ਕੁੜੀ’ ਆਦਿ ਫਿਲਮਾਂ ਦੇ ਗੀਤ ਵੀ ਬੰਦੇ ਦੀ ਰੂਹ ਨੂੰ ਨਸ਼ਿਆ ਛੱਡਦੇ ਹਨ। ਕਿੰਨੇ ਹੀ ਗੀਤ ਹਨ ਜੋ ਪਹਿਲਾਂ ਵੀ ਆਮ ਹੀ ਸਰੋਤਿਆਂ ਦੀ ਪਸੰਦ ਬਣਦੇ ਸਨ ਤੇ ਅੱਜ ਵੀ ਇਨ੍ਹਾਂ ਨੂੰ ਸੁਣ ਕੇ ਮਨ ਖਿੜ ਉੱਠਦਾ ਹੈ। ਜਿਵੇਂ ‘ਲਾਈਆਂ ਤੇ ਤੋੜ ਨਿਭਾਈਂ ਛੱਡ ਕੇ ਨਾ ਜਾਵੀਂ’, ‘ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਓ ਬਹਿੰਦੀ’, ‘ਮੇਰੀ ਝਾਂਜਰ ਤੇਰਾ ਨਾਂ ਲੈਂਦੀ’, ‘ਧੁੱਪਾਂ ਵੀ ਉਦਾਸ ਨੇ ਛਾਵਾਂ ਵੀ ਉਦਾਸ ਨੇ’, ‘ਮੈਨੂੰ ਤੇਰੇ ਪਿੱਛੇ ਸੱਜਣਾ, ਕਦੇ ਰੋਣਾ ਪਿਆ, ਕਦੇ ਹੱਸਣਾ ਪਿਆ। ਮੁਹੰਮਦ ਰਫੀ ਦਾ ਗਾਇਆ ਇੱਕ ਗੀਤ ਜਿਸ ਨੂੰ ਆਮ ਸਰੋਤੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਮੰਨ ਬੈਠਦੇ ਹਨ, ਆਪਣੇ ਵੇਲਿਆਂ ਵਿੱਚ ਬਹੁਤ ਮਸ਼ਹੂਰ ਰਿਹਾ ਤੇ ਅੱਜ ਵੀ ਜਦੋਂ ਕਿਧਰੇ ਸੁਣਦੇ ਹਾਂ ਤਾਂ ਮਨ ਨੂੰ ਸਕੂਨ ਮਿਲਦਾ ਹੈ। ਨਕਸ਼ ਲਾਇਲਪੁਰੀ ਦਾ ਲਿਖਿਆ ਇਹ ਗੀਤ ‘ਜੀ ਕਰਦਾ ਏ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ।’ ਇਵੇ ਹੀ ਸ਼ਿਵ ਦਾ ਇੱਕ ਗੀਤ, ਜਿਸ ਨੂੰ ਮੁਹੰਮਦ ਰਫੀ ਨੇ ਸੁਰ ਦਿੱਤੇ ਸਨ ਵੀ ਸਾਡੇ ਮਨਾਂ ਦੇ ਬਹੁਤ ਕਰੀਬ ਹੈ, ‘ਜਾਚ ਮੈਨੂੰ ਆ ਗਈ ਗ਼ਮ ਖਾਣ ਦੀ।’
ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਪੁਰਾਣੀਆਂ ਫਿਲਮਾਂ ਹਨ ਜਿਨ੍ਹਾਂ ਦੇ ਗੀਤਾਂ ਨੇ ਸਰੋਤਿਆਂ ਦੇ ਦਿਲਾਂ ਨੂੰ ਕੀਲ ਛੱਡਿਆ। ਜਿਵੇਂ ‘ਜੱਗਾ ਮਾਰਿਆ ਬੋਹੜ ਦੀ ਛਾਵੇ ਨੌਂ ਮਣ ਰੇਤ ਭਿੱਜ ਗਈ।’ ਇਸ ਦੇ ਬੋਲ ਕੀਲਵੇ ਹਨ ਤੇ ਪ੍ਰਤੀਕਾਤਮਕ ਵੀ। ਜਿਸ ਤਰ੍ਹਾਂ ਮੁਹੰਮਦ ਰਫੀ ਨੇ ਗਾਇਆ ਹੈ, ਉਹ ਸੁਣਿਆ ਹੀ ਬਣਦਾ ਹੈ। ਆਸ਼ਾ ਭੌਸਲੇ ਦਾ ਗਾਇਆ ਗੀਤ ‘ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ…ਵੀ ਸਾਡੀ ਜ਼ੁਬਾਨ ’ਤੇ ਆਪ ਮੁਹਾਰੇ ਹੀ ਆ ਜਾਂਦਾ ਹੈ। ਇਸ ਫਿਲਮ ਦੀ ਇੱਕ ਕੱਵਾਲੀ ਵੀ ਕਾਫ਼ੀ ਪ੍ਰਸਿੱਧ ਹੋਈ ਸੀ। ਇੱਕ ਕੱਵਾਲੀ ਮੁਹੰਮਦ ਰਫੀ ਤੇ ਸਾਥੀਆਂ ਦੀ ਹੋਰ ਵੀ ਬਹੁਤ ਮਸ਼ਹੂਰ ਹੈ…ਮੈਂ ਕੁੰਡਲ ਵਾਲੀਆਂ ਜ਼ੁਲਫਾਂ ਨੂੰ ਜੰਜ਼ੀਰ ਨਾ ਆਖਾਂ ਤੇ ਕੀ ਆਖਾਂ। ਇਵੇ ਹੀ ਬਾਅਦ ਵਿੱਚ ਆਈਆਂ ਰੰਗਦਾਰ ਫਿਲਮਾਂ ਦੇ ਗੀਤ ਵੀ ਗੌਲਣਯੋਗ ਹਨ, ਜਿਵੇਂ ‘ਲੰਬੜਦਾਰਨੀ’, ‘ਸਰਪੰਚ’, ‘ਪੁੱਤ ਜੱਟਾਂ ਦੇ’ ਅਤੇ ‘ਚੰਨ ਪਰਦੇਸੀ’। ‘ਲੰਬੜਦਾਰਨੀ’ ਵਿੱਚ ਲੋਕ ਗਾਇਕ ਕੁਲਦੀਪ ਮਾਣਕ ਦਾ ਗੀਤ ਹਾਲੇ ਵੀ ਸਰੋਤਿਆਂ ਦੇ ਕੰਨ ਖੜ੍ਹੇ ਕਰ ਦਿੰਦਾ ਹੈ, ‘ਜੀਟੀ ਰੋਡ ’ਤੇ ਦੁਹਾਈਆਂ ਪਾਵੇ ਨੀਂ, ਯਾਰਾਂ ਦਾ ਟਰੱਕ ਬੱਲੀਏ’ ਜਾਂ ਫਿਰ ਅਨਵਰ ਦਾ ‘ਸਰਪੰਚ’ ਲਈ ਗਾਇਆ ਗੀਤ ‘ਬੋਤਲੇ ਕਮੀਨੀਏ ਨੀਂ…। ਜਾਂ ਫਿਰ ਮੁਹੰਮਦ ਸਦੀਕ ਦਾ ‘ਨਹੀਓ ਭੁੱਲਣਾ ਵਿਛੋੜਾ ਤੇਰਾ ਸਾਰੇ ਦੁੇਖ ਭੁੱਲ ਜਾਣਗੇ।’

ਫਿਲਮ ‘ਦੋ ਲੱਛੀਆਂ’ ਦੇ ਲਗਪਗ ਸਾਰੇ ਗੀਤ ਸੁਣਨਯੋਗ ਹਨ, ਜਿਵੇਂ ‘ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ, ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ (ਮੁਹੰਮਦ ਰਫੀ-ਲਤਾ ਮੰਗੇਸ਼ਕਰ), ‘ਦਾਣਾ ਪਾਣੀ ਖੱਟ ਕੇ ਲਿਆਂਦਾ’ ਤੇ ਇੱਕ ਕੱਵਾਲੀ ‘ਤਸਵੀਰੇ ਨੀਂ ਹੁਸਨ ਦੀਏ’ (ਮੁਹੰਮਦ ਰਫੀ)। ਇਵੇਂ ਹੀ ‘ਗੁੱਡੀ’ ਫਿਲਮ ਦਾ ਇੱਕ ਗੀਤ ਵੀ ਸਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗਾ, ‘ਹਾਏ ਨੀਂ ਮੇਰਾ ਬਾਲਮ ਹੈ ਬੜਾ ਜ਼ਾਲਿਮ, ਮੈਨੂੰ ਕਦੀ ਕਦੀ ਕਰਦਾ ਏ ਪਿਆਰ, ਨੀਂ ਕਦੀ ਮਾਰਦਾ ਏ ਛਮਕਾਂ ਦੀ ਮਾਰ…ਹਾਏ ਨੀਂ ਮੇਰਾ ਬਾਲਮ…। (ਆਸ਼ਾ ਭੌਸਲੇ)। ਰਫੀ-ਸ਼ਮਸ਼ਾਦ ਦਾ ਇੱਕ ਗੀਤ (ਭੰਗੜਾ) ਤਾਂ ਹਾਲੇ ਵੀ ਲੋਕ-ਜ਼ੁਬਾਨ ’ਤੇ ਹੈ…ਰੱਬ ਨਾ ਕਰੇ ਜੇ ਚਲਾ ਜਾਏਂ, ਨੀਂ ਦੱਸ ਰੋਇਆ ਕਰੇਂਗੀ ਸਾਨੂੰ ਯਾਦ ਕਰਕੇ…। ਰਫੀ ਦਾ ਹੀ ‘ਚਿੱਟੇ ਦੰਦ ਹੱਸਣੋ ਨਹੀਓ ਰਹਿੰਦੇ ਕਿ ਲੋਕੀਂ ਭੈੜੇ ਸ਼ੱਕ ਕਰਦੇ’ ਜਾਂ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’ ਇਹ ਗੀਤ ਭੁਲਾਇਆਂ ਵੀ ਨਹੀਂ ਭੁੱਲਦੇ। ਫਿਲਮ ‘ਚੌਧਰੀ ਕਰਨੈਲ ਸਿੰਘ’ ਦਾ ਇੱਕ ਗੀਤ ਕਿੰਨਾ ਮਸ਼ਹੂਰ ਹੋਇਆ ਸੀ, ‘ਅੱਡੀ ਮਾਰ ਕੇ ਨੱਚੀ ਜਦ ਬੰਤੋ ਪਿੰਡ ’ਚ ਭੂਚਾਲ ਆ ਗਿਆ।’ ‘ਦੋ ਲੱਛੀਆਂ’ ਦਾ ਇੱਕ ਗੀਤ ਤਾਂ ਜਦੋਂ ਵੀ ਰੇਡੀਓ ਜਾਂ ਹੋਰ ਸਾਧਨਾਂ ਜ਼ਰੀਏ ਸੁਣੀਦਾ ਹੈ ਤਾਂ ਸੱਚੀਂ ਨੱਚਣ ਲਾ ਦਿੰਦਾ ਹੈ…ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਓ ਬਹਿੰਦੀ’ (ਸਮਸ਼ਾਦ ਬੇਗਮ, ਮੁਹੰਮਦ ਰਫੀ)। ‘ਪਿੰਡ ਦੀ ਕੁੜੀ’ ਦਾ ਇੱਕ ਗੀਤ ਵੀ ਤਾਂ ਸੁਣ ਕੇ ਮਨ ਨੂੰ ਧਰਵਾਸ ਮਿਲਦੀ ਹੈ, ਉਂਜ ਵੇਖਣ ਨੂੰ ਅਸੀਂ ਦੋ ਕਿ ਤੇਰੀ ਮੇਰੀ ਇੱਕ ਜਿੰਦੜੀ…(ਰਫੀ, ਸ਼ਮਸ਼ਾਦ) ਜਾਂ ਫਿਰ ‘ਸੱਤ ਸਾਲੀਆਂ’ ਦਾ ਇੱਕ ਮਨਮੋਹਣਾ ਜਿਹਾ ਗੀਤ ਵੀ, ‘ਤਾਰਾਂ ਨੀਂ ਤਾਰਾਂ, ਕਿਹੜੀ ਗੱਲੋਂ ਰੁੱਸੀਆਂ ਨੇ ਅੱਜ ਹੁਸਨ ਦੀਆਂ ਸਰਕਾਰਾਂ।’

ਇਨ੍ਹਾਂ ਤੇ ਹੋਰ ਅਨੇਕਾਂ ਫਿਲਮਾਂ ਵਿੱਚ ਜਿਨ੍ਹਾਂ ਗੀਤਕਾਰਾਂ, ਸੰਗੀਤਦਾਰਾਂ ਦਾ ਯੋਗਦਾਨ ਰਿਹਾ, ਜੇਕਰ ਉਨ੍ਹਾਂ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਉਨ੍ਹਾਂ ਨਾਲ ਬੇਇਨਸਾਫੀ ਹੋਵੇਗੀ। ਸੰਗੀਤਕਾਰ ਪ੍ਰੇਮ ਧਵਨ, ਹੰਸ ਰਾਜ ਬਹਿਲ, ਸੁਰਿੰਦਰ ਕੋਹਲੀ, ਸਰਦੂਲ ਕਵਾਤੜਾ, ਚਰਨਜੀਤ ਆਹੂਜਾ ਆਦਿ। ਪ੍ਰੇਮ ਧਵਨ ਨੇ ਜਿੱਥੇ ਹਿੰਦੀ ਪੰਜਾਬੀ ਫਿਲਮਾਂ ਲਈ ਸੰਗੀਤ ਦਿੱਤਾ, ਉੱਥੇ ਗੀਤ ਵੀ ਲਿਖੇ। ਉਨ੍ਹਾਂ ਦੇ ਸੰਗੀਤ ਵਿੱਚ ਸੰਗੀਤਬੱਧ ਹੋਏ ਬਹੁਤੇ ਗੀਤ ਉਨ੍ਹਾਂ ਦੀ ਕਲਮ ਵਿੱਚੋਂ ਹੀ ਨਿਕਲੇ ਸਨ। ਹੋਰਨਾਂ ਗੀਤਕਾਰਾਂ ਵਿੱਚ ਚਮਨ ਲਾਲ ਸ਼ੁਗਲ, ਮੁਨਸਫ, ਬਾਬੂ ਸਿੰਘ ਮਾਨ, ਦੇਵ ਥਰੀਕੇ ਵਾਲਾ, ਇੰਦਰਜੀਤ ਤੁਲਸੀ, ਹਸਨਪੁਰੀ ਅਤੇ ਗੁਰਦਾਸ ਮਾਨ ਵੀ ਸ਼ਾਮਲ ਹਨ। ਸ਼ਿਵ ਕੁਮਾਰ ਨੇ ਵੀ ਪੰਜਾਬੀ ਫਿਲਮਾਂ ਲਈ ਗੀਤ ਲਿਖੇ, ਪਰ ਉਸ ਨੂੰ ਕਿਸੇ ਪ੍ਰਕਾਰ ਦੀ ਬੰਦਿਸ਼ ਕਬੂਲ ਜਾਂ ਰਾਸ ਨਾ ਆਈ। ਸ਼ਿਵ ਦੇ ਇੱਕ ਗੀਤ ਨੂੰ ਮੁਹੰਮਦ ਰਫੀ ਨੇ ਆਵਾਜ਼ ਦਿੱਤੀ ਸੀ। ਬੋਲ ਸਨ, ‘ਮੁੰਡਾ ਮੋਹ ਲਿਆ ਤਵੀਤਾਂ ਵਾਲਾ ਕਿ ਦਮੜੀ ਦਾ ਸੱਕ ਮਲਕੇ।’ ‘ਮਾਮਾ ਜੀ’ ਫਿਲਮ ਦਾ ਗੀਤ ਜਿਸ ਨੂੰ ਮੁਹੰਮਦ ਰਫੀ ਨੇ ਆਵਾਜ਼ ਦਿੱਤੀ ਸੀ, ਉਹ ਜਿੱਥੇ ਦੂਸਰੇ ਕਈ ਗੀਤਾਂ ਵਾਂਗ ਸਦਾਬਹਾਰ ਹੈ, ਉੱਥੇ ਸਾਨੂੰ ਪੰਜਾਬ ਦੀ ਸੈਰ ਵੀ ਕਰਵਾ ਦਿੰਦਾ ਹੈ, ‘ਛਕ ਛਕ ਗੱਡੀ ਚੱਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ…ਚੱਲ ਓ ਪੁੱਤਰਾ ਅਗਲੇ ਸ਼ਹਿਰ।’ ਇੱਕੋ ਗੀਤ ਵਿੱਚ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਦੀ ਸਰੋਤੇ, ਦਰਸ਼ਕ ਸੈਰ ਕਰ ਜਾਂਦੇ ਹਨ।

ਪੰਜਾਬੀ ਵਿੱਚ ਧਾਰਮਿਕ ਫਿਲਮਾਂ ਦੇ ਗੀਤ ਵੀ ਸਥਿਤੀ ਅਨੁਸਾਰ ਢੁੱਕਵੇ ਹੁੰਦੇ ਸਨ, ਪ੍ਰੰਤੂ ਇਨ੍ਹਾਂ ਫਿਲਮਾਂ ਵਿੱਚੋਂ ਤਿੰਨ ਚਾਰ ਫਿਲਮਾਂ ਦੇ ਗੀਤ ਸੰਗੀਤ ਨੇ ਤਾਂ ਵਾਕਿਆ ਹੀ ਸਰੋਤਿਆਂ ਦਾ ਧਿਆਨ ਖਿੱਚਦਿਆਂ ਮਨ ਮੋਹ ਲਿਆ ਸੀ। ‘ਮਨ ਜੀਤੇ ਜਗਜੀਤ’, ‘ਨਾਨਕ ਦੁਖੀਆ ਸਭ ਸੰਸਾਰ’, ‘ਭਗਤ ਧੰਨਾ ਜੱਟ’ ਦੇ ਸ਼ਬਦਾਂ ਤੇ ਗੀਤਾਂ ਨੂੰ ਇੱਕ ਮਿਸਾਲ ਦੇ ਤੌਰ ’ਤੇ ਲਿਆ ਜਾ ਸਕਦਾ ਹੈ। ਐੱਸ ਮਹਿੰਦਰ ਦੇ ਸੰਗੀਤ ਨਿਰਦੇਸ਼ਨ ਦੇ ਗ਼ੀਤ ਤੇ ਖਾਸ ਕਰਕੇ ਸ਼ਬਦ ਅੱਜ ਵੀ ਸਾਡੇ ਮਨ ਨੂੰ ਸਕੂਨ ਦਿੰਦੇ ਹਨ। ਗੀਤਕਾਰਾਂ ਤੇ ਸੰਗੀਤਕਾਰਾਂ ਵਾਂਗ ਸਾਨੂੰ ਆਪਣੇ ਗਾਇਕਾਂ ’ਤੇ ਵੀ ਮਾਣ ਹੈ ਜਿਨ੍ਹਾਂ ਦੀਆਂ ਆਵਾਜ਼ਾਂ ਦਾ ਜਾਦੂ ਅੱਜ ਵੀ ਕਾਇਮ ਹੈ। ਮੁਹੰਮਦ ਰਫੀ, ਮਹਿੰਦਰ ਕਪੂਰ, ਸ਼ਮਸ਼ਾਦ ਬੇਗਮ, ਨੂਰਜਹਾਂ, ਸੁਰਿੰਦਰ ਕੌਰ ਤਾਂ ਸਾਡੇ ਆਪਣੇ ਹੀ ਹਨ, ਪਰ ਲਤਾ ਮੰਗੇਸ਼ਕਰ, ਆਸ਼ਾ ਭੌਸਲੇ, ਮੁਕੇਸ਼, ਮੰਨਾਡੇੇ ਤੇ ਸੁਮਨ ਕਲਿਆਣਪੁਰ ਵਰਗਿਆਂ ਨੇ ਪੰਜਾਬੀ ਫਿਲਮਾਂ ਲਈ ਆਪਣੀ ਆਵਾਜ਼ ਦੇ ਕੇ ਪੰਜਾਬੀ ਫਿਲਮਾਂ ਹੀ ਨਹੀਂ, ਸਾਡੇ ਪੰਜਾਬੀਆਂ ’ਤੇ ਵੀ ਇੱਕ ਤਰ੍ਹਾਂ ਨਾਲ ਅਹਿਸਾਨ ਹੀ ਕੀਤਾ ਹੈ। ਬੇਸ਼ੱਕ ਅੱਜ ਵੀ ਕਿਤੇ ਕਿਤੇ ਤੇ ਕਦੇ ਕਦੇ ਅਜਿਹੇ ਸੰਗੀਤਕ ਫੁੱਲ ਖਿੜਦੇ ਹਨ, ਪ੍ਰੰਤੂ ਪੰਜਾਬੀ ਫਿਲਮਾਂ ਦੇ ਉਸ ਸੰਗੀਤਕ ਸੁਨਹਿਰੀ ਕਾਲ ਦਾ ਕੋਈ ਤੋੜ ਨਹੀਂ।