ਪਿੱਪਲਾਂ ਉਡੀਕਦੀਆਂ, ਜਿਉਂ ਧੀਆਂ ਨੂੰ ਮਾਵਾਂ…

ਪਿੱਪਲਾਂ ਉਡੀਕਦੀਆਂ, ਜਿਉਂ ਧੀਆਂ ਨੂੰ ਮਾਵਾਂ…

ਕੁਲਦੀਪ ਸਿੰਘ ਸਾਹਿਲ

ਤੀਆਂ ਨੂੰ ਤਰਸ ਰਹੀਆਂ

ਹੁਣ ਪਿੱਪਲਾਂ ਦੀਆਂ ਛਾਵਾਂ

ਪਿੱਪਲਾਂ ਉਡੀਕਦੀਆਂ

ਜਿਉਂ ਧੀਆਂ ਨੂੰ ਮਾਵਾਂ

ਪੰਜਾਬ ਦੇ ਹਰ ਪਿੰਡ ਦੇੇ ਪਿੱਪਲ, ਬੋਹੜ ਤੇ ਨਿੰਮ ਅੱਜ ਉਦਾਸ ਹਨ ਕਿਉਂਕਿ ਹੁਣ ਇਨ੍ਹਾਂ ਦੀਆਂ ਛਾਵਾਂ ਥੱਲੇ ਹਾਸੇ ਤੇ ਖੁਸ਼ੀਆਂ ਗਾਇਬ ਹੋ ਗਏ ਹਨ। ਹੁਣ ਇਨ੍ਹਾਂ ਦੇ ਟਾਹਣਿਆਂ ’ਤੇ ਚਿੜੀਆਂ ਨਹੀਂ ਚੂਕਦੀਆਂ, ਅੱਲੜ੍ਹ ਮੁਟਿਆਰਾਂ ਦੀਆਂ ਪੀਂਘਾਂ ਨਹੀਂ ਪੈਂਦੀਆਂ। ਤੀਆਂ, ਤ੍ਰਿਝਣਾਂ ਦੀ ਰੌਣਕ ਅਲੋਪ ਹੋ ਗਈ ਹੈ। ਪਿੰਡਾਂ ਦੇ ਲੋਕਾਂ ਦੇ ਮੋਹ, ਆਪਸੀ ਭਾਈਚਾਰਕ ਸਾਂਝ ਦੀ ਖੁੰਢ ਚਰਚਾ ਹੁਣ ਇਨ੍ਹਾਂ ਦੇ ਥੱਲੇ ਨਹੀਂ ਹੁੰਦੀ। ਵਕਤ ਦੀ ਬਦਲਦੀ ਚਾਲ ਅਤੇ ਢਾਲ ਨੇ ਮਨੁੱਖੀ ਜ਼ਿੰਦਗੀ ਉੱਪਰ ਗਹਿਰਾ ਪ੍ਰਭਾਵ ਪਾਇਆ ਹੈ।

ਤਕਰੀਬਨ 25-30 ਸਾਲ ਪਹਿਲਾਂ ਦੀ ਜ਼ਿੰਦਗੀ ਦੇ ਮੁਕਾਬਲੇ ਅੱਜ ਸਾਡੀ ਜ਼ਿੰਦਗੀ ਵਿੱਚੋਂ ਮੜ੍ਹਕ, ਬੇਪਰਵਾਹੀ, ਆਪਸੀ ਭਾਈਚਾਰਕ ਸਾਂਝ ਅਤੇ ਜ਼ਿੰਦਗੀ ਜਿਊਣ ਦਾ ਖੁੱਲ੍ਹਾਪਣ ਦੂਰ ਹੋ ਗਏ ਹਨ। ਨਿੱਤ ਦੀ ਭੱਜ ਦੌੜ ਨੇ ਜੀਵਨ ਦੇ ਬਹੁਤ ਸਾਰੇ ਰਸ ਖ਼ਤਮ ਕਰ ਦਿੱਤੇ ਹਨ। ਬਦਲ ਰਹੇ ਵਰਤਾਰੇ ਨੇ ਸਾਡੇ ਮੇਲਿਆਂ ਤੇ ਤਿਉਹਾਰਾਂ ’ਤੇ ਵੀ ਬਹੁਤ ਅਸਰ ਕੀਤਾ ਹੈ। ਸ਼ਾਇਦ ਇਸੇ ਕਰਕੇ ਤੀਆਂ ਵਰਗੇ ਤਿਉਹਾਰ ਖੁੱਲ੍ਹੇ ਡੁੱਲ੍ਹੇ ਪਿੜਾਂ ਵਿੱਚੋਂ ਸਿਮਟ ਕੇ ਸਟੇਜ ਜਾਂ ਸਕਰੀਨ ਤੱਕ ਸੀਮਤ ਹੋ ਗਏ ਹਨ।

ਕੁੱਝ ਸਾਲਾਂ ਵਿੱਚ ਸੂਚਨਾ ਤਕਨਾਲੋਜੀ ਵਿੱਚ ਹੋਈ ਤਰੱਕੀ ਨੇ ਦੁਨੀਆ ਨੂੰ ਸੁੰਗੇੜ ਕੇ ਇੱਕ ਘਰ ਦਾ ਰੂਪ ਦੇ ਦਿੱਤਾ ਹੈ। ਅਸੀਂ ਸੱਤ ਸਮੁੰਦਰੋਂ ਪਾਰ ਬੈਠੇ ਸੱਜਣਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਆਹਮਣੇ ਸਾਹਮਣੇ ਬੈਠੇ ਗੱਲ ਕਰ ਸਕਦੇ ਹਾਂ। ਤਰੱਕੀ ਕਰਨੀ ਚੰਗੀ ਗੱਲ ਹੈ, ਪਰ ਪੁਰਾਣੇ ਸੱਭਿਆਚਾਰ ਨੂੰ ਵੀ ਜ਼ਿੰਦਾ ਰੱਖਣ ਦੀ ਲੋੜ ਹੈ। ਹੋਰਨਾਂ ਰਸਮਾਂ-ਰਿਵਾਜਾਂ, ਤਿਉਹਾਰਾਂ ਵਾਂਗ ਤੀਆਂ ਦੇ ਤਿਉਹਾਰ ਦੇ ਪਿੱਛੇ ਕੁੜੀਆਂ ਦਾ ਆਪਸੀ ਮੇਲ ਮਿਲਾਪ, ਸੁਹਾਵਣੇ ਮੌਸਮ ਦਾ ਆਨੰਦ, ਮਨੋਰੰਜਨ ਆਦਿ ਦੀਆਂ ਲੋੜਾਂ ਹੁੰਦੀਆਂ ਸਨ। ਕੁੜੀਆਂ ਇਸ ਮੌਕੇ ਪੇਕੇ ਪਿੰਡ ਆਉਂਦੀਆਂ ਹਨ। ਪਿੰਡ ਆਪਣੀਆਂ ਸਹੇਲੀਆਂ ਨੂੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਅਤੇ ਤੀਆਂ ਕਰਕੇ ਅਜਿਹਾ ਮੌਕਾ ਬਣਦਾ ਹੈ। ਅਜਿਹਾ ਹੋਣ ਕਾਰਨ ਸੱਜ ਵਿਆਹੀਆਂ ਨੂੰ ਇਸ ਤਿਉਹਾਰ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ:

ਰਲ ਆਓ ਸਈਓ ਨੀਂ

ਸੱਭੇ ਤੀਆਂ ਖੇਡਣ ਜਾਈਏ

ਹੁਣ ਆ ਗਿਆ ਸਾਵਣ ਨੀਂ

ਪੀਂਘਾਂ ਪਿੱਪਲੀਂ ਜਾ ਕੇ ਪਾਈਏ

ਤੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਮਨ ਭਾਉਂਦਾ ਤਿਉਹਾਰ ਰਿਹਾ ਹੈ। ਪਿੰਡ ਦੀਆਂ ਕੁੜੀਆਂ, ਖ਼ਾਸ ਤੌਰ ’ਤੇ ਵਿਆਹੀਆਂ ਵਰ੍ਹੀਆਂ, ਜਦੋਂ ਸਾਉਣ ਦੇ ਮਹੀਨੇ ਤੀਆਂ ਦੇ ਬਹਾਨੇ ਪੇਕੇ ਆਉਂਦੀਆਂ ਤਾਂ ਸਭ ਇਕੱਠੀਆਂ ਹੋ ਕੇ ਚਿੜੀਆਂ ਬਣ ਜਾਂਦੀਆਂ ਸਨ। ਇਸੇ ਕਰਕੇ ‘ਤੀਆਂ ਤੀਜ ਦੀਆਂ’ ਬਣੀਆਂ। ਕਈ ਥਾਈਂ ਇਹ ਤਿਉਹਾਰ ਤੀਜ ਨੂੰ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ। ਪਿੰਡ ਦੀ ਕੋਈ ਸਾਂਝੀ, ਪਿੰਡੋਂ ਬਾਹਰ ਦੀ ਜਗ੍ਹਾ ਵਿੱਚ ਪਿੱਪਲਾਂ, ਬੋਹੜਾਂ ਤੇ ਟਾਹਲੀਆਂ ਵਰਗੇ ਦਰੱਖਤਾਂ ਦੀ ਛਾਂ ਹੇਠ ਕਈ ਕਈ ਦਿਨ ਰੰਗਲਾ ਮਾਹੌਲ ਬਣਿਆ ਰਹਿੰਦਾ। ਤੀਆਂ ਦੀਆਂ ਬੋਲੀਆ ਤੀਆਂ ਦਾ ਨਾਂ ਲੈਂਦਿਆਂ ਹੀ ਮਨ ਵਿੱਚ ਸਰੂਰ ਜਿਹਾ ਭਰ ਜਾਂਦਾ ਹੈ। ਖ਼ਿਆਲਾਂ ਵਿੱਚ ਬਦਲਾਂ ਦੀ ਗੜਗੜਾਹਟ ਦੇ ਨਾਲ ਮੋਰਾਂ ਦੀ ਕਿਆਂ-ਕਿਆਂ, ਘਿਆਕੋ-ਘਿਆਕੋ ਆ ਗੂੰਜਦੀ ਹੈ। ਸਾਉਣ ਦੀ ਫੁਹਾਰ ਕੱਪੜੇ ਭਿਉਂਦੀ ਤਨ ਮਨ ਨੂੰ ਹੁਲਾਰਾ ਦਿੰਦੀ ਹੈ। ਕੁੜੀਆਂ-ਚਿੜੀਆਂ, ਮੁਟਿਆਰਾਂ, ਵਿਆਂਦੜਾਂ ਤੇ ਹੋਰ ਸਭ ਔਰਤਾਂ ਦੇ ਮਨਾਂ ਵਿੱਚ ਖੇੜਾ ਭਰ ਜਾਣਾ ਤਾਂ ਸੁਭਾਵਕ ਹੈ, ਗੱਭਰੂ ਖ਼ੁਸ਼ ਹੁੰਦੇ ਹਨ ਕਿਉਂ ਜੋ ਉਨ੍ਹਾਂ ਦੀਆਂ ਮੰਗੇਤਰਾਂ, ਵਹੁਟੀਆਂ ਅਤੇ ਭੈਣਾਂ ਸਭ ਖ਼ੁਸ਼ ਹਨ। ਬੁੱਢੇ-ਬੁੱਢੀਆਂ ਖ਼ੁਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ-ਬੱਚੀਆਂ ਖ਼ੁਸ਼ ਹਨ।

ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ। ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਹਨ। ਕੁੜੀਆਂ ਹੱਥਾਂ ’ਤੇ ਮਹਿੰਦੀ ਲਾਉਂਦੀਆਂ ਹਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ’ਤੇ ਜਾਂਦੀਆਂ ਹਨ। ਪਿੱਪਲਾਂ, ਟਾਹਲੀਆਂ, ਬੋਹੜਾਂ (ਬਰੋਟਿਆਂ) ’ਤੇ ਪੀਘਾਂ ਪਾਉਂਦੀਆਂ ਹਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਂਦੀਆਂ ਹਨ:

ਸਾਉਣ ਮਹੀਨਾ ਦਿਨ ਗਿੱਧੇ ਦੇ

ਕੁੜੀਆਂ ਰਲ ਕੇ ਆਈਆਂ

ਨੱਚਣ-ਕੁੱਦਣ ਝੂਟਣ ਪੀਂਘਾਂ

ਵੱਡਿਆਂ ਘਰਾਂ ਦੀਆਂ ਜਾਈਆਂ

ਆਹ ਲੈ ਮਿੱਤਰਾ ਕਰ ਲੈ ਖਰੀਆਂ

ਬਾਂਕਾਂ ਮੇਚ ਨਾ ਆਈਆਂ

ਗਿੱਧਾ ਪਾ ਰਹੀਆਂ

ਨਣਦਾਂ ਤੇ ਭਰਜਾਈਆਂ

ਤੀਆਂ ਦਾ ਉਮਾਹ ਨਵੇਂ ਯੁੱਗ ਦੇ ਮਨੋਰੰਜਨ ਦੇ ਸਾਧਨਾਂ ਨੇ ਬਹੁਤ ਘਟਾ ਦਿੱਤਾ ਹੈ। ਹੁਣ ਇਹ ਕਲੱਬਾਂ, ਸਟੇਜਾਂ ਜਾਂ ਕੁਝ ਥਾਵਾਂ ’ਤੇ ਪਾਰਕਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ।