ਪਿੰਡ ਬੱਲ੍ਹੋ ਦਾ ਆਮ ਇਜਲਾਸ-ਛੋਟੀ ਕਿਸਾਨੀ ਦੇ ਹੱਕ ਵਿੱਚ ਲਏ ਵੱਡੇ ਫੈ਼ਸਲੇ

ਪਿੰਡ ਬੱਲ੍ਹੋ ਦਾ ਆਮ ਇਜਲਾਸ-ਛੋਟੀ ਕਿਸਾਨੀ ਦੇ ਹੱਕ ਵਿੱਚ ਲਏ ਵੱਡੇ ਫੈ਼ਸਲੇ

ਪੰਜ ਏਕੜ ਤੱਕ ਕਿਸਾਨਾਂ ਨੂੰ ਖੇਤੀਬਾੜੀ ਸੰਦ ਸਹਿਕਾਰੀ ਸਭਾ ਵੱਲੋਂ ਮੁਹੱਈਆ ਕਰਵਾਉਣ ਦਾ ਐਲਾਨ
ਚਾਉਕੇ-ਪਿੰਡ ਬੱਲ੍ਹੋ ਵਿੱਚ ਗ੍ਰਾਮ ਸਭਾ ਦਾ ਆਮ ਇਜਲਾਸ ਕਰਵਾਇਆ ਗਿਆ। ਇਸ ਵਿੱਚ ਪਿੰਡ ਦੇ ਲੋਕਾਂ ਵੱਲੋਂ ‘ਮਾਡਲ ਪਿੰਡ’ ਬਣਾਉਣ ਲਈ ਖੁਦ ਹੀ ਪਿੰਡ ਨੂੰ ਗੋਦ ਲੈਣ ਦਾ ਐਲਾਨ ਕੀਤਾ ਗਿਆ ਹੈ। ਪਿੰਡ ਦੇ ਲੋਕਾਂ ਨੇ ਖੁਦ ਯੋਜਨਾਬੰਦੀ ਉਲੀਕੀ ਅਤੇ ਇਜਲਾਸ ਵਿੱਚ ਵਿਕਾਸ ਮੁਖੀ ਮਤਿਆਂ ਨੂੰ ਪ੍ਰਵਾਨਗੀ ਦਿੱਤੀ। ਔਰਤਾਂ ਦੀ ਭਰਵੀਂ ਹਾਜ਼ਰੀ ਵਾਲੇ ਆਮ ਇਜਲਾਸ ਦੀ ਪ੍ਰਧਾਨਗੀ ਮਹਿਲਾ ਚੇਅਰਪਰਸਨ ਪ੍ਰੀਤਮ ਕੌਰ ਨੇ ਕੀਤੀ ਅਤੇ ਪਿੰਡ ਦੀ ਬਿਹਤਰੀ ਲਈ ਅਹਿਮ ਫ਼ੈਸਲੇ ਲਏ। ਇਸ ਮੌਕੇ ਸਾਲ 2023-24 ਦਾ ਅਨੁਮਾਨਿਤ 87 ਲੱਖ ਰੁਪਏ ਦੇ ਬਜਟ ਦਾ ਖਰੜਾ ਪੇਸ਼ ਕੀਤਾ ਗਿਆ, ਜਿਸ ਨੂੰ ਸਭਾ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਜੀਪੀਡੀਪੀ ਵਿੱਚ ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ 6 ਥੀਮ ਸ਼ਾਮਲ ਕੀਤੇ ਗਏ ਹਨ। ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਬਠਿੰਡਾ ਦੀ ਮੈਡਮ ਸੂਰਤੀ ਨੇ ਦੱਸਿਆ ਕਿ ਪਿੰਡ ਵਿੱਚ ਪਲਾਸਟਿਕ ਦਾ ਕੂੜਾ ਇਕੱਠਾ ਕਰਨ ਵਾਲਾ ਯੂਨਿਟ ਲਗਾਇਆ ਜਾਵੇਗਾ। ਪੰਜਾਬ ਰਾਜ ਆਜੀਵਿਕਾ ਮਿਸ਼ਨ ਦੇ ਕਰਮਚਾਰੀ ਨਿਤੀਸ਼ ਸ਼ਰਮਾ ਨੇ ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਇਸ ਪਿੰਡ ਦੇ ਵਾਕਾਸ ਲਈ ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਵੱਲੋਂ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਗਿਆ ਹੈ। ਪੰਥਪ੍ਰੀਤ ਸਿੰਘ ਨੇ ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਵੱਲੋਂ ਕੀਤੇ ਜਾਂਦੇ ਕੰਮਾਂ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਰਿਪੋਰਟ ਪੜ੍ਹ ਕੇ ਸੁਣਾਈ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸਿੱਖਿਆ ਦੇ ਖੇਤਰ ਅਤੇ ਛੋਟੀ ਕਿਸਾਨੀ ਨੂੰ ਬਚਾਉਣ ਲਈ ਪਾਸ ਕੀਤੇ ਗਏ ਮਤਿਆਂ ’ਤੇ ਮੋਹਰ ਲਾਉਂਦਿਆਂ ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਬੱਲ੍ਹੋ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਬੱਚਿਆਂ ਲਈ ਦੋ ਸਕੂਲੀ ਬੱਸਾਂ ਤੇ ਕਮਰਿਆਂ ਦੀ ਉਸਾਰੀ ਕਰਨ ਦਾ ਐਲਾਨ ਕੀਤਾ ਅਤੇ 5 ਏਕੜ ਤੱਕ ਛੋਟੀ ਕਿਸਾਨੀ ਦੇ ਖੇਤਾਂ ਦੀ ਲਾਗਤ ਖਰਚੇ ਤੇ ਵਾਹ-ਵਹਾਈ ਲਈ ਟਰੈਕਟਰ ਤੇ ਖੇਤੀਬਾੜੀ ਦੇ ਸੰਦ ਸਹਿਕਾਰੀ ਸਭਾ ਨੂੰ ਦੇਣ ਦਾ ਵਾਅਦਾ ਕੀਤਾ।