ਪਿਆਜ਼ ’ਤੇ ਬਰਾਮਦ ਡਿਊਟੀ ਖ਼ਿਲਾਫ਼ ਕਿਸਾਨਾਂ ਵੱਲੋਂ ਨਾਸਿਕ ਵਿੱਚ ਪ੍ਰਦਰਸ਼ਨ

ਪਿਆਜ਼ ’ਤੇ ਬਰਾਮਦ ਡਿਊਟੀ ਖ਼ਿਲਾਫ਼ ਕਿਸਾਨਾਂ ਵੱਲੋਂ ਨਾਸਿਕ ਵਿੱਚ ਪ੍ਰਦਰਸ਼ਨ

ਸਰਕਾਰ ਤੋਂ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ
ਨਾਸਿਕ- ਕੇਂਦਰ ਸਰਕਾਰ ਵੱਲੋਂ ਪਿਆਜ਼ ਦੀ ਬਰਾਮਦ ’ਤੇ 31 ਦਸੰਬਰ ਤੱਕ 40 ਫੀਸਦ ਡਿਊਟੀ ਲਾਉਣ ਦੇ ਫੈਸਲੇ ਖ਼ਿਲਾਫ਼ ਕਿਸਾਨਾਂ ਨੇ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਅੱਜ ਪ੍ਰਦਰਸ਼ਨ ਕੀਤੇ। ਉਨ੍ਹਾਂ ਦਾ ਦਾਅਵਾ ਹੈ ਕਿ ਕੇਂਦਰ ਦੇ ਫੈਸਲੇ ਨਾਲ ਪਿਆਜ਼ ਦੀ ਚੰਗੀ ਕੀਮਤ ਹਾਸਲ ਕਰਨ ਦੀ ਸੰਭਾਵਨਾ ਵਿੱਚ ਅੜਿੱਕਾ ਪੈਦਾ ਹੋਵੇਗਾ। ਪ੍ਰਦਰਸ਼ਨ ਤਹਿਤ ਨਾਸਿਕ-ਔਰੰਗਾਬਾਦ ਮਾਰਗ ’ਤੇ ਧਰਨਾ ਦਿੱਤਾ ਗਿਆ ਜਿੱਥੇ ਕਿਸਾਨਾਂ ਨੇ ਪਿਆਜ਼ ਨਾਲ ਬਣੀਆਂ ਮਾਲਾਵਾਂ ਪਹਿਨੀਆਂ ਅਤੇ ਕੇਂਦਰ ਦੇ ਫੈਸਲੇ ਖ਼ਿਲਾਫ਼ ਨਾਅਰੇ ਲਗਾਏ।

ਮਰਹੂਮ ਸ਼ਰਦ ਜੋਸ਼ੀ ਦੇ ਸ਼ੇਤਕਾਰੀ ਸੰਗਠਨ ਦੇ ਕਾਰਕੁਨਾਂ ਨੇ ਵੀ ਮਨਮਾੜ-ਯੇਵਲਾ ਮਾਰਗ ’ਤੇ ਯੇਵਲਾ ਏਪੀਐੱਮਸੀ ਦੇ ਸਾਹਮਣੇ ‘ਰਸਤਾ ਰੋਕੋ’ ਪ੍ਰਦਰਸ਼ਨ ਕੀਤਾ ਅਤੇ ਪਿਆਜ਼ ਦੀ ਬਰਾਮਦ ਡਿਊਟੀ ਲਾਉਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਲਗਪਗ 30 ਮਿੰਟਾਂ ਤੱਕ ਚੱਲੇ ਵਿਰੋਧ ਪ੍ਰਦਰਸ਼ਨ ਕਰ ਕੇ ਮੁੱਖ ਸੜਕ ’ਤੇ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ।

ਕਿਸਾਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕੁਦਰਤੀ ਆਫਤਾਂ ਤੋਂ ਪ੍ਰੇਸ਼ਾਨ ਹਨ ਅਤੇ ਬਰਾਮਦ ਡਿਊਟੀ ਲਾਉਣ ਦੇ ਫੈਸਲੇ ਕਾਰਨ ਜਿਣਸ ਤੋਂ ਚੰਗੀ ਕਮਾਈ ਦੀ ਉਨ੍ਹਾਂ ਦੀ ਸੰਭਾਵਨਾ ਹੋਰ ਘੱਟ ਹੋ ਜਾਵੇਗੀ। ਇਕ ਪ੍ਰਦਰਸ਼ਨਕਾਰੀ ਕਿਸਾਨ ਨੇ ਕਿਹਾ,‘‘ਪਹਿਲਾਂ ਤੋਂ ਸੋਕੇ ਵਰਗੇ ਹਾਲਾਤ ਹਨ। ਹੁਣ ਜਦੋਂ ਸਾਨੂੰ ਪਿਆਜ਼ ਦੀਆਂ ਚੰਗੀਆਂ ਕੀਮਤਾਂ ਮਿਲਣ ਲੱਗੀਆਂ ਹਨ ਤਾਂ ਕੇਂਦਰ ਨੇ ਇਸ ਤਰ੍ਹਾਂ ਦਾ ਫੈਸਲਾ ਲੈ ਲਿਆ। ਇਹ ਪਿਆਜ਼ ਉਤਪਾਦਕਾਂ ਨਾਲ ਅਨਿਆਂ ਹੈ।’’