ਪਾਰਟੀ ਦੇ ਹਰ ਵਰਕਰ ਦੀ ਰਾਏ ਲਵਾਂਗੇ: ਸੁਖਬੀਰ ਬਾਦਲ

ਪਾਰਟੀ ਦੇ ਹਰ ਵਰਕਰ ਦੀ ਰਾਏ ਲਵਾਂਗੇ: ਸੁਖਬੀਰ ਬਾਦਲ

ਲੰਬੀ- ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਨ ਵੱਲੋਂ ਆਗਾਮੀ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਕਰੀਬ ਸਾਢੇ 24 ਹਜ਼ਾਰ ਚੋਣ ਬੂਥਾਂ ’ਤੇ 11 ਮੈਂਬਰੀ ਕਮੇਟੀਆਂ ਦੇ ਗਠਨ ਦਾ ਐਲਾਨ ਕੀਤਾ ਹੈ। ਇਨ੍ਹਾਂ ਕਮੇਟੀਆਂ ਵਿੱਚ ਜਨਰਲ, ਐੱਸਸੀ/ਬੀਸੀ ਤੇ ਮਹਿਲਾ ਵਰਗ ਵਿੱਚੋਂ ਲੋਕ ਰਾਬਤੇ ਵਾਲੇ ਵਰਕਰ ਸ਼ਾਮਲ ਕੀਤੇ ਜਾਣਗੇ। ਇਸ ਮੁਹਿੰਮ ਦਾ ਆਗਾਜ਼ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਿੰਡ ਗੱਗੜ ਅਤੇ ਬਾਦਲ ਵਿੱਚ ਵਰਕਰ ਮੀਟਿੰਗਾਂ ਦੌਰਾਨ ਕੀਤਾ।

ਇਸ ਮੁਹਿੰਮ ਦੇ ਆਗਾਜ਼ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੰਬੀ ਹਲਕੇ ਵਿੱਚ ਉਹ ਬੂਥ ਪੱਧਰ ’ਤੇ ਵਰਕਰਾਂ ਨਾਲ ਸਿੱਧਾ ਰਾਬਤਾ ਰੱਖਣਗੇ ਤੇ ਕਿਸੇ ਬਾਹਰੀ ਆਗੂ ਦਾ ਕੋਈ ਦਖ਼ਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰੇਕ ਪਿੰਡ ਅਤੇ ਸ਼ਹਿਰ-ਕਸਬੇ ਵਿੱਚ 11 ਮੈਂਬਰੀ ਚੋਣ ਬੂਥ ਕਮੇਟੀ ਬਣਾ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਸ਼ਿਆਂ, ਗੈਂਗਸਟਰ ਕਲਚਰ, ਬੇਰੁਜ਼ਗਾਰੀ ਤੇ ਸਰਕਾਰੀ ਮੁਲਾਜ਼ਮਾਂ ਦੇ ਧਰਨਿਆਂ ਦੇ ਮੁੱਦੇ ’ਤੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਲੋਕਾਂ ਨੂੰ ਬਦਲਾਅ ਦੇ ਸਬਜ਼ਬਾਗ ਵਿਖਾ ਕੇ ਸੱਤਾ ’ਤੇ ਕਾਬਜ ਹੋਈ ਸਰਕਾਰ ਨੇ ਪੰਜਾਬ ਨੂੰ ਮਹਿਜ਼ ਕੁੱਝ ਮਹੀਨਿਆਂ ’ਚ ਬਦਹਾਲੀ ਦੇ ਰਾਹ ਪਾ ਦਿੱਤਾ ਹੈ। ਇਸ ਮੌਕੇ ਦੋਵੇਂ ਆਗੂਆਂ ਨੇ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ 14 ਜਨਵਰੀ ਨੂੰ ਅਕਾਲੀ ਦਲ ਦੀ ਮਾਘੀ ਮੇਲਾ ਕਾਨਫਰੰਸ ਵਿੱਚ ਪੁੱਜਣ ਦਾ ਸੱਦਾ ਦਿੱਤਾ।