ਪਾਣੀ ਹੋਏ ਡੂੰਘੇ: ਪੰਜਾਬ ਦੇ ਇੱਕ ਲੱਖ ਕਿਸਾਨਾਂ ਨੇ ਵਧਾਏ ਬਿਜਲੀ ਲੋਡ

ਪਾਣੀ ਹੋਏ ਡੂੰਘੇ: ਪੰਜਾਬ ਦੇ ਇੱਕ ਲੱਖ ਕਿਸਾਨਾਂ ਨੇ ਵਧਾਏ ਬਿਜਲੀ ਲੋਡ

ਫੀਸ ਘਟਾਏ ਜਾਣ ਨਾਲ ਕਿਸਾਨਾਂ ਨੂੰ ਇੱਕ ਸੌ ਕਰੋੜ ਰੁਪਏ ਦੀ ਬੱਚਤ; 24 ਜੁਲਾਈ ਤੱਕ ਭਰੀ ਜਾ ਸਕਦੀ ਹੈ ਫੀਸ
ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਬਿਜਲੀ ਲੋਡ ਵਧਾਉਣ ਦੀ ਫੀਸ ਘਟਾਉਣ ਮਗਰੋਂ ਸੂਬੇ ਦੇ ਲਗਪਗ ਇੱਕ ਲੱਖ ਕਿਸਾਨਾਂ ਨੇ ਖੇਤੀ ਮੋਟਰਾਂ ਦਾ ਬਿਜਲੀ ਲੋਡ ਵਧਾਇਆ ਹੈ। ਬਿਜਲੀ ਲੋਡ ਵਧਾਉਣ ਦੇ ਰੁਝਾਨ ਤੋਂ ਸਪੱਸ਼ਟ ਹੈ ਕਿ ਮਾਲਵਾ ਖ਼ਿੱਤੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਕਿਵੇਂ ਤੇਜ਼ੀ ਨਾਲ ਹੋਰ ਹੇਠਾਂ ਜਾ ਰਿਹਾ ਹੈ। ਇਸ ਖਿੱਤੇ ਦੇ ਬਹੁਤੇ ਬਲਾਕ ਡਾਰਕ ਜ਼ੋਨ ਐਲਾਨੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਲੋਡ ਵਧਾਉਣ ਦੀ ਫੀਸ 4750 ਰੁਪਏ ਤੋਂ ਘਟਾ ਕੇ 2500 ਰੁਪਏ ਪ੍ਰਤੀ ਹਾਰਸ ਪਾਵਰ ਕਰਨ ਦਾ ਐਲਾਨ ਕੀਤਾ ਸੀ ਤੇ ਬਿਜਲੀ ਲੋਡ ਵਧਾਏ ਜਾਣ ਦੀ ਆਖ਼ਰੀ ਤਾਰੀਕ 24 ਜੁਲਾਈ ਐਲਾਨੀ ਗਈ ਹੈ। ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਦੇ 1.03 ਲੱਖ ਕਿਸਾਨਾਂ ਨੇ ਖੇਤੀ ਮੋਟਰਾਂ ਦਾ ਬਿਜਲੀ ਲੋਡ ਵਧਾਇਆ ਹੈ ਤੇ ਪਾਵਰਕੌਮ ਨੂੰ ਇਸ ਦੀ ਫੀਸ ਵਜੋਂ 116 ਕਰੋੋੜ ਰੁਪਏ ਪ੍ਰਾਪਤ ਹੋਏ ਹਨ। ਇਸ ਤਰ੍ਹਾਂ ਫੀਸ ਘਟਾਏ ਜਾਣ ਕਾਰਨ ਕਿਸਾਨਾਂ ਨੂੰ ਲਗਪਗ 100 ਕਰੋੜ ਰੁਪਏ ਦੀ ਬੱਚਤ ਹੋਈ ਹੈ।

ਪੰਜਾਬ ਦੇ ਮਾਲਵਾ ਖਿੱਤੇ ’ਚ ਪੈਂਦੇ ਪੱਛਮੀ ਜ਼ੋਨ ਦੇ ਚਾਰ ਸਰਕਲਾਂ ਫ਼ਰੀਦਕੋਟ, ਬਠਿੰਡਾ, ਫਿਰੋਜ਼ਪੁਰ ਤੇ ਮੁਕਤਸਰ ਵਿੱਚ ਸਭ ਤੋਂ ਵੱਧ 31,488 ਕਿਸਾਨਾਂ ਨੇ ਖੇਤੀ ਮੋਟਰਾਂ ਦਾ ਲੋਡ ਵਧਾਇਆ ਹੈ। ਦੂਜੇ ਨੰਬਰ ’ਤੇ ਦੱਖਣੀ ਜ਼ੋਨ ਦੇ ਸਰਕਲ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਤੇ ਮੁਹਾਲੀ ਵਿੱਚ 21,319 ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਧਾਏ ਹਨ। ਮਾਝੇ ਦੇ ਸਰਕਲ ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨ ਤਾਰਨ ਦੇ 17,783 ਕਿਸਾਨਾਂ ਅਤੇ ਲੁਧਿਆਣਾ ਤੇ ਖੰਨਾ ਦੇ 14,754 ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਧਾਏ ਹਨ। ਇਸੇ ਤਰ੍ਹਾਂ ਦੁਆਬੇ ਦੇ ਸਰਕਲ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ 17,434 ਕਿਸਾਨਾਂ ਨੇ ਖੇਤੀ ਮੋਟਰਾਂ ਦਾ ਲੋਡ ਵਧਾਇਆ ਹੈ।

ਮਾਲਵਾ ਖਿੱਤੇ ਵਿੱਚ ਸਭ ਤੋਂ ਵੱਧ ਕਿਸਾਨ ਬਿਜਲੀ ਲੋਡ ਵਧਾਉਣ ਲਈ ਅੱਗੇ ਹਨ, ਜਿਸ ਦਾ ਸਭ ਤੋਂ ਵੱਡਾ ਕਾਰਨ ਧਰਤੀ ਹੇਠਲੇ ਪਾਣੀ ਦਾ ਡੂੰਘਾ ਹੋਣਾ ਹੈ। ਆਮ ਤੌਰ ’ਤੇ ਲੋਕ ਆਪਣੇ ਪੱਧਰ ’ਤੇ ਹੀ ਵੱਧ ਹਾਰਸ ਪਾਵਰ ਦੀਆਂ ਮੋਟਰਾਂ ਲਾ ਲੈਂਦੇ ਹਨ ਜਦਕਿ ਟਰਾਂਸਫਾਰਮਰ ਘੱਟ ਸਮਰੱਥਾ ਵਾਲੇ ਹੁੰਦੇ ਹਨ। ਅਜਿਹੇ ਹਾਲਾਤ ਵਿੱਚ ਟਰਾਂਸਫਾਰਮਰ ਸੜ ਜਾਂਦੇ ਹਨ। 2019 ਵਿੱਚ ਵੀ ਜਦੋਂ ਬਿਜਲੀ ਲੋਡ ਵਧਾਏ ਜਾਣ ਦੀ ਫੀਸ ਘਟਾਈ ਗਈ ਸੀ ਤਾਂ 99 ਹਜ਼ਾਰ ਕਿਸਾਨਾਂ ਨੇ ਮੋਟਰਾਂ ਦੇ ਲੋਡ ਵਧਾਏ ਸਨ।

ਹੁਣ ਤੱਕ ਫੀਸ ਘਟਾਏ ਜਾਣ ਮਗਰੋਂ ਖੇਤੀ ਮੋਟਰਾਂ ਦੇ 4.30 ਲੱਖ ਹਾਰਸ ਪਾਵਰ ਦਾ ਵਾਧਾ ਕੀਤਾ ਗਿਆ ਹੈ। ਕਰੀਬ 25 ਹਜ਼ਾਰ ਟਰਾਂਸਫਾਰਮ ਬਦਲੇ ਜਾਣ ਦਾ ਟੀਚਾ ਹੈ, ਜਿਨ੍ਹਾਂ ’ਚੋਂ 9 ਹਜ਼ਾਰ ਟਰਾਂਸਫਾਰਮਰ ਬਦਲੇ ਜਾ ਚੁੱਕੇ ਹਨ।

ਸਰਕਾਰੀ ਸੂਤਰ ਆਖਦੇ ਹਨ ਕਿ ਜਿਥੇ ਲੋਡ ਵਧਾਏ ਜਾਣ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ, ਉਥੇ ਪਾਵਰਕੌਮ ਦੇ ਟਰਾਂਸਫਾਰਮਰ ਸੜਣ ਦੀ ਦਰ ਵਿੱਚ ਵੀ ਕਟੌਤੀ ਹੋਵੇਗੀ।