ਪਾਣੀਪਤ ’ਚ ਨਕਾਬਪੋਸ਼ਾਂ ਨੇ ਦੁਕਾਨਾਂ ਦੀ ਭੰਨ-ਤੋੜ ਕੀਤੀ

ਪਾਣੀਪਤ ’ਚ ਨਕਾਬਪੋਸ਼ਾਂ ਨੇ ਦੁਕਾਨਾਂ ਦੀ ਭੰਨ-ਤੋੜ ਕੀਤੀ

ਚਾਰ ਜਣੇ ਜ਼ਖ਼ਮੀ; ਪੁਲੀਸ ਨੇ 15 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ
ਚੰਡੀਗੜ੍ਹ/ਗੁਰੂਗ੍ਰਾਮ- ਪਾਣੀਪਤ ਵਿੱਚ ਮੋਟਰਸਾਈਕਲਾਂ ’ਤੇ ਆਏ ਨਕਾਬਪੋਸ਼ ਵਿਅਕਤੀਆਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਅੱਜ ਦੋ ਵੱਖ-ਵੱਖ ਥਾਵਾਂ ’ਤੇ ਕੁਝ ਦੁਕਾਨਾਂ ਦੀ ਭੰਨ੍ਹ-ਤੋੜ ਕੀਤੀ ਅਤੇ ਕੁਝ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਹਮਲਾਵਰਾਂ ਨੇ ਪਾਣੀਪਤ ਵਿੱਚ ਦੋ ਥਾਵਾਂ ’ਤੇ ਇਕ ਵਿਸ਼ੇਸ਼ ਫਿਰਕੇ ਦੇ ਮੈਂਬਰਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ।

ਪਾਣੀਪਤ ਵਿੱਚ ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਇਸ ਸਬੰਧ ਵਿੱਚ 15 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਹਮਲਾਵਰਾਂ ਦੀ ਉਮਰ 20 ਤੋਂ 25 ਸਾਲ ਹੈ ਅਤੇ ਉਹ ਮੋਟਰਸਾਈਕਲਾਂ ’ਤੇ ਆਏ ਸਨ ਤੇ ਉਨ੍ਹਾਂ ਨੇ ਨਕਾਬ ਪਹਿਨੇ ਹੋਏ ਸਨ।’’ ਇਸ ਤੋਂ ਪਹਿਲਾਂ ਪੁਲੀਸ ਨੇ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਕੁਝ ਅਣਪਛਾਤੇ ਵਿਕਅਤੀਆਂ ਨੇ ਪਾਣੀਪਤ ਵਿੱਚ ਦੁਕਾਨ ’ਚ ਭੰਨ੍ਹ-ਤੋੜ ਕੀਤੀ ਸੀ। ਇਹ ਦੁਕਾਨ ਨੂਹ ਵਿੱਚ ਹਿੰਸਾ ’ਚ ਮਾਰੇ ਗਏ ਇਕ ਵਿਅਕਤੀ ਦੇ ਘਰ ਨੇੜੇ ਸਥਿਤ ਸੀ। ਅਧਿਕਾਰੀ ਨੇ ਦੱਸਿਆ ਕਿ ਅੱਜ ਹੋਈ ਹਿੰਸਾ ਵਿੱਚ ਤਿੰਨ ਤੋਂ ਚਾਰ ਵਿਅਕਤੀ ਮਾਮੂਲੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ ਅਤੇ ਭੱਜ ਗਏ। ਉੱਧਰ, ਹਿੰਸਾ ਪ੍ਰਭਾਵਿਤ ਜ਼ਿਲ੍ਹਾ ਨੂਹ ਵਿੱਚ ਅੱਜ ਚੌਥੇ ਦਿਨ ਵੀ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਦੌਰਾਨ ਇਕ ਹੋਟਲ-ਕਮ-ਰੈਸਟੋਰੈਂਟ ਸਣੇ ਉਹ ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ, ਜਿੱਥੋਂ ਕਥਿਤ ਤੌਰ ’ਤੇ ਪਿਛਲੇ ਹਫਤੇ ਦੇ ਸ਼ੁਰੂ ਵਿੱਚ ਹੋਈਆਂ ਝੜਪਾਂ ਦੌਰਾਨ ਇਕ ਧਾਰਮਿਕ ਯਾਤਰਾ ’ਤੇ ਪਥਰਾਅ ਕੀਤਾ ਗਿਆ ਸੀ। ਨੂਹ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਚਲਾਈ ਗਈ ਮੁਹਿੰਮ ਦਾ ਇਹ ਚੌਥਾ ਦਿਨ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ 16 ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ। ਐੱਸਡੀਐੱਮ ਅਸ਼ਵਨੀ ਕੁਮਾਰ ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਹਿੰਸਾ ਦੌਰਾਨ ਪਥਰਾਅ ਕਰਨ ਲਈ ਇਹ ਨਾਜਾਇਜ਼ ਢਾਂਚੇ ਬਣਾਏ ਗਏ ਸਨ। ਉੱਧਰ, ਨੂਹ ਦੇ ਜ਼ਿਲ੍ਹਾ ਮੈਜਿਸਟਰੇਟ ਧੀਰੇਂਦਰ ਖਡਗਟਾ ਨੇ ਕਿਹਾ ਕਿ ਜ਼ਰੂਰੀ ਸਾਮਾਨ ਖਰੀਦਣ ਵਾਸਤੇ ਅੱਜ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ। ਇਸੇ ਦੌਰਾਨ ਤਿਗਰਾ ਪਿੰਡ ਵਿੱਚ ਹਿੰਦੂ ਭਾਈਚਾਰੇ ਦੀ ਇਕ ਮਹਾਪੰਚਾਇਤ ਵੀ ਹੋਈ। ਇਸ ਮਹਾਪੰਚਾਇਤ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਸੀ ਕਿ ਗੁਰੂਗ੍ਰਾਮ ਦੇ ਸੈਕਟਰ-57 ਵਿੱਚ ਇਕ ਮਸਜਿਦ ਨੂੰ ਅੱਗ ਲਾਉਣ ਤੇ ਇਸ ਦੇ ਨਾਇਬ ਇਮਾਮ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਹਾਪੰਚਾਇਤ ਨੇ ਨੌਜਵਾਨਾਂ ਨੂੰ ਛੱਡਣ ਲਈ ਪੁਲੀਸ ਨੂੰ ਸੱਤ ਦਿਨਾਂ ਅਲਟੀਮੇਟਮ ਦਿੱਤਾ ਹੈ। ਇਸ ਦੌਰਾਨ ਭਾਰੀ ਪੁਲੀਸ ਬਲ ਤਾਇਨਾਤ ਸੀ।