ਪਾਣੀਆਂ ਦੇ ਮੁੱਦੇ ’ਤੇ ਸਹਿਯੋਗ ਕਰਨ ਸੂਬੇ: ਮੋਦੀ

ਪਾਣੀਆਂ ਦੇ ਮੁੱਦੇ ’ਤੇ ਸਹਿਯੋਗ ਕਰਨ ਸੂਬੇ: ਮੋਦੀ

ਐੱਸਵਾਈਐੱਲ ਨੂੰ ਲੈ ਕੇ ਬਣੇ ਜਮੂਦ ਦੇ ਅਸਿੱਧੇ ਹਵਾਲੇ ਨਾਲ ਕੀਤੀ ਟਿੱਪਣੀ
ਨਵੀਂ ਦਿੱਲੀ – ਪਾਣੀਆਂ ਦੇ ਮੁੱਦੇ ’ਤੇ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦੀ ਉਸਾਰੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚਾਲੇ ਬਣੇ ਜਮੂਦ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਾਣੀ, ਰਾਜਾਂ ਦਰਮਿਆਨ ਸਹਿਯੋਗ, ਤਾਲਮੇਲ ਤੇ ਸਾਂਝੀਵਾਲਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀਕਰਨ ਦੀ ਤੇਜ਼ ਰਫ਼ਤਾਰ ਕਰਕੇ ਰਾਜ ਇਸ ਬਾਰੇ ਅਗਾਊਂ ਯੋਜਨਾਬੰਦੀ ਕਰਨ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਅਹਿਮ ਹੈ ਕਿਉਂਕਿ ਪਾਣੀਆਂ ਦੇ ਮੁੱਦੇ ’ਤੇ ਕੁਝ ਰਾਜਾਂ ਦਰਮਿਆਨ ਦਹਾਕਿਆਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ। ਸ੍ਰੀ ਮੋਦੀ ਨੇ ਪਾਣੀ ਦੀ ਸੰਭਾਲ ਵਿੱਚ ਲੋਕਾਂ ਦੀ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਕੱਲਿਆਂ ਸਰਕਾਰਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨਾਲ ਬੂਰ ਨਹੀਂ ਪੈਣਾ। ਭੋਪਾਲ ਵਿੱਚ ਰਾਜਾਂ ਦੇ ਜਲ ਮੰਤਰੀਆਂ ਦੀ ਪਲੇਠੀ ਕੌਮੀ ਕਾਨਫਰੰਸ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਜਦੋਂ ਲੋਕ ਕਿਸੇ ਮੁਹਿੰਮ ਨਾਲ ਜੁੜਦੇ ਹਨ ਤਾਂ ਉਨ੍ਹਾਂ ਨੂੰ ਕੰਮ ਦੀ ਗੰਭੀਰਤਾ ਬਾਰੇ ਵੀ ਪਤਾ ਲੱਗਦਾ ਹੈ। ਇਸ ਕਰਕੇ ਲੋਕਾਂ ਵਿੱਚ ਕਿਸੇ ਵੀ ਸਕੀਮ ਜਾਂ ਮੁਹਿੰਮ ਨੂੰ ਲੈ ਕੇ ਮਲਕੀਅਤ ਦੀ ਭਾਵਨਾ ਆਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸੰਵਿਧਾਨਕ ਪ੍ਰਬੰਧ ਵਿੱਚ ਪਾਣੀਆਂ ਦਾ ਵਿਸ਼ਾ ਰਾਜਾਂ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ ਤੇ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਹੀ ਦੇਸ਼ ਦੇ ਇਸ ਸਾਂਝੇ ਟੀਚੇ ਨੂੰ ਪੂਰਾ ਕਰਨ ਵਿਚ ਮਦਦਗਾਰ ਹੋਣਗੀਆਂ। ਸ੍ਰੀ ਮੋਦੀ ਨੇ ਕਿਹਾ, ‘‘ਵਾਟਰ ਵਿਜ਼ਨ @2047 ਅਗਲੇ 25 ਸਾਲਾਂ ਵਿੱਚ ਅਮ੍ਰਿਤ ਕਾਲ ਦੇ ਸਫ਼ਰ ਦਾ ਅਹਿਮ ਪੜਾਅ ਹੈ।’’ ਉਨ੍ਹਾਂ ਕਿਹਾ ਕਿ ‘ਮਗਨਰੇਗਾ’ ਸਕੀਮ ਤਹਿਤ ਵੱਧ ਤੋਂ ਵੱਧ ਕੰਮ ਪਾਣੀ ’ਤੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪਾਣੀ ਦੀ ਸੰਭਾਲ ਲਈ ਲੋਕਾਂ ਵਿੱਚ ਵਧੇਰੇ ਜਾਗਰੂਕਤਾ ਦੇ ਪਸਾਰ ’ਤੇ ਜ਼ੋਰ ਦਿੱਤਾ। ਉਨ੍ਹਾਂ ਫਸਲੀ ਵਿਭਿੰਨਤਾ ਤੇ ਕੁਦਰਤੀ ਖੇਤੀ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇੰਡਸਟਰੀ ਤੇ ਖੇਤੀ ਜਿਹੇ ਸੈਕਟਰਾਂ ’ਚ ਸਭ ਤੋਂ ਵੱਧ ਪਾਣੀ ਖਪਤ ਹੁੰਦਾ ਹੈ ਤੇ ਲਿਹਾਜ਼ਾ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਲੋੜ ਹੈ।

ਸ੍ਰੀ ਮੋਦੀ ਨੇ ਕਿਹਾ ਕਿ ਇਕੱਲੇ ਸਰਕਾਰ ਵੱਲੋਂ ਕੀਤੇ ਯਤਨਾਂ ਨਾਲ ਸਫਲਤਾ ਨਹੀਂ ਮਿਲਣੀ, ਜੇਕਰ ਪਾਣੀ ਦੀ ਸੰਭਾਲ ਕਰਨੀ ਹੈ ਤਾਂ ਲੋਕਾਂ, ਸਮਾਜਿਕ ਜਥੇਬੰਦੀਆਂ ਤੇ ਸਿਵਲ ਸੁਸਾਇਟੀਆਂ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਹੋਵੇਗੀ ਤੇ ਇਸ ਕੰਮ ਵਿਚ ਉਨ੍ਹਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਵਧਾਉਣ ਨਾਲ ਸਰਕਾਰ ਦੀ ਜਵਾਬਦੇਹੀ ਨਹੀਂ ਘੱਟ ਜਾਂਦੀ ਤੇ ਇਸ ਦਾ ਇਹ ਮਤਲਬ ਵੀ ਨਹੀਂ ਕਿ ਸਾਰਾ ਬੋਝ ਲੋਕਾਂ ’ਤੇ ਪਾ ਦਿੱਤਾ ਜਾਵੇ।

ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਜਲ ਸਰੋਤਾਂ ਦੀ ਸਾਫ਼ ਸਫਾਈ, ਕਈ ਵਾਟਰ ਟਰੀਟਮੈਂਟ ਪਲਾਂਟਾਂ ਦਾ ਨਿਰਮਾਣ, ਪਖਾਨਿਆਂ ਦੀ ਉਸਾਰੀ ਜਿਹੇ ਕਈ ਉਪਰਾਲੇ ਕੀਤੇ ਹਨ, ਪਰ ਇਹ ਮੁਹਿੰਮ ਉਦੋਂ ਹੀ ਸਫ਼ਲ ਹੋਵੇਗੀ ਜਦੋਂਕਿ ਲੋਕ ਫੈਸਲਾ ਕਰਨਗੇ ਕਿ ਉਨ੍ਹਾਂ ਨੂੰ ਬਿਲਕੁਲ ਵੀ ਗੰਦਗੀ ਨਹੀਂ ਚਾਹੀਦੀ।

ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਰਾਜ ਸਰਕਾਰਾਂ ਇਕ ਵਿਵਸਥਾ ਵਜੋਂ ਕੰਮ ਕਰਨ, ਜਿਸ ਵਿੱਚ ਰਾਜ ਸਰਕਾਰਾਂ ਦੇ ਵੱਖੋ ਵੱਖਰੇ ਮੰਤਰੀ ਲਗਾਤਾਰ ਰੂਬਰੂ ਹੋਣ ਤੇ ਇਕ ਦੂਜੇ ਨਾਲ ਸੰਵਾਦ ਕਰਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿੱਚ 75 ਅਮ੍ਰਿਤ ਸਰੋਵਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ 25000 ਸਰੋਵਰ ਉਸਾਰੇ ਜਾ ਚੁੱਕੇ ਹਨ। ‘ਜਲ ਜੀਵਨ ਮਿਸ਼ਨ’ ਦੀ ਸਫ਼ਲਤਾ ’ਤੇ ਚਾਨਣਾ ਪਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਰਾਜਾਂ ਦੇ ਵਿਕਾਸ ਲਈ ਹਰ ਘਰ ਨੂੰ ਪਾਣੀ ਮੁਹੱਈਆ ਕਰਵਾਉਣਾ ਵਿਕਾਸ ਦੀ ਪ੍ਰਮੁੱਖ ਕਸੌਟੀ ਹੈ। ਉਨ੍ਹਾਂ ਰਾਜਾਂ ਨੂੰ ਕਿਹਾ ਕਿ ਉਹ ਅਜਿਹਾ ਢੰਗ ਤਰੀਕਾ ਅਪਣਾਉਣ, ਜਿੱਥੇ ਜਲ ਬਜਟ ਪੰਚਾਇਤ ਪੱਧਰ ’ਤੇ ਪਾਸ ਕੀਤਾ ਜਾਵੇ ਕਿ ਕਿਸੇ ਪਿੰਡ ਲਈ ਕਿੰਨਾ ਪਾਣੀ ਲੋੜੀਂਦਾ ਹੈ ਤੇ ਇਸ ਲਈ ਕੀ ਕੰਮ ਕੀਤਾ ਜਾ ਸਕਦਾ ਹੈ।