ਪਾਕਿ ਸੁਪਰੀਮ ਕੋਰਟ ਵੱਲੋਂ ਇਮਰਾਨ ਦੀ ਗ੍ਰਿਫ਼ਤਾਰੀ ‘ਗੈਰਕਾਨੂੰਨੀ’ ਕਰਾਰ

ਪਾਕਿ ਸੁਪਰੀਮ ਕੋਰਟ ਵੱਲੋਂ ਇਮਰਾਨ ਦੀ ਗ੍ਰਿਫ਼ਤਾਰੀ ‘ਗੈਰਕਾਨੂੰਨੀ’ ਕਰਾਰ

ਫੌਰੀ ਰਿਹਾਅ ਕਰਨ ਦੇ ਹੁਕਮ; ਇਸਲਾਮਾਬਾਦ ਹਾਈ ਕੋਰਟ ’ਚ ਅੱਜ ਪੇਸ਼ ਹੋਣ ਲਈ ਕਿਹਾ, ਪੈਰਾ-ਮਿਲਟਰੀ ਰੇਂਜਰਾਂ ਦੇ ਰਵੱਈਏ ’ਤੇ ਇਤਰਾਜ਼ ਜਤਾਇਆ

ਇਸਲਾਮਾਬਾਦ –
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਨੂੰ ਅੱਜ ਵੱਡੀ ਰਾਹਤ ਦਿੰਦਿਆਂ ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫ਼ਤਾਰੀ ਨੂੰ ‘ਗੈਰਕਾਨੂੰਨੀ’ ਐਲਾਨ ਦਿੱਤਾ ਹੈ। ਸਿਖਰਲੀ ਕੋਰਟ ਨੇ ਖ਼ਾਨ ਨੂੰ ਫੌਰੀ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਚੀਫ਼ ਜਸਟਿਸ ਉਮਰ ਅਤਾ ਬੰਡਿਆਲ, ਜਸਟਿਸ ਮੁਹੰਮਦ ਅਲੀ ਮਜ਼ਹਰ ਤੇ ਜਸਟਿਸ ਅਤਹਰ ਮਿਨਅੱਲ੍ਹਾ ਦੀ ਸ਼ਮੂਲੀਅਤ ਵਾਲੇ ਤਿੰਨ ਮੈਂਬਰੀ ਬੈਂਚ ਨੇ ਉਪਰੋਕਤ ਫੈਸਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ (ਇਮਰਾਨ ਖ਼ਾਨ) ਦੀ ਪਟੀਸ਼ਨ ’ਤੇ ਸੁਣਾਇਆ ਹੈ, ਜਿਸ ਵਿੱਚ ਇਸਲਾਮਾਬਾਦ ਹਾਈ ਕੋਰਟ ਦੇ ਅਹਾਤੇ ’ਚੋਂ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਗਈ ਸੀ। ਬੈਂਚ ਨੇ ਪੈਰਾ-ਮਿਲਟਰੀ ਰੇਂਜਰਾਂ ਵੱਲੋਂ ਖ਼ਾਨ ਨੂੰ ਹਿਰਾਸਤ ਵਿੱਚ ਲੈਣ ਦੇ ਢੰਗ ਤਰੀਕੇ ’ਤੇ ਵੀ ਗੁੱਸਾ ਜਤਾਇਆ।

ਖ਼ਾਨ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਸ਼ਾਮੀਂ ਚਾਰ ਵਜੇ ਦੇ ਕਰੀਬ ਕੋਰਟ ਰੂਮ ਵਿੱਚ ਲਿਆਂਦਾ ਗਿਆ। ਚੀਫ਼ ਜਸਟਿਸ ਬੰਡਿਆਲ ਨੇ ਇਮਰਾਨ ਨੂੰ ਕਿਹਾ, ‘‘ਤੁਹਾਨੂੰ ਵੇਖ ਕੇ ਖ਼ੁਸ਼ੀ ਹੋਈ।’’ ਕੋਰਟ ਨੇ ਸੰਖੇਪ ਸੁਣਵਾਈ ਮਗਰੋਂ ਖ਼ਾਨ ਦੀ ਗ੍ਰਿਫਤਾਰੀ ਨੂੰ ‘ਗੈਰਕਾਨੂੰਨੀ’ ਐਲਾਨਦਿਆਂ ਸਾਬਕਾ ਪ੍ਰਧਾਨ ਮੰਤਰੀ ਨੂੰ ਫੌਰੀ ਰਿਹਾਅ ਕਰਨ ਦੇ ਹੁਕਮ ਦਿੱਤੇ। ਕੋਰਟ ਨੇ ਖ਼ਾਨ ਨੂੰ ਹਦਾਇਤ ਕੀਤੀ ਕਿ ਉਹ ਭਲਕੇ (ਸ਼ੁੱਕਰਵਾਰ ਨੂੰ) ਇਸਲਾਮਾਬਾਦ ਹਾਈ ਕੋਰਟ ਵਿੱਚ ਪੇਸ਼ ਹੋ ਕੇ ਉਨ੍ਹਾਂ ਕੋਲ ਉਪਲਬਧ ਕਾਨੂੰਨੀ ਵਿਕਲਪਾਂ ’ਤੇ ਵਿਚਾਰ ਕਰਨ। ਸੀਜੇਆਈ ਬੰਡਿਆਲ ਨੇ ਕਿਹਾ, ‘‘ਹਾਈ ਕੋਰਟ ਜੋ ਵੀ ਫੈਸਲਾ ਕਰੇਗੀ, ਤੁਹਾਨੂੰ ਉਹ ਮੰਨਣਾ ਹੋਵੇਗਾ।’’ ਉਨ੍ਹਾਂ ਕਿਹਾ ਕਿ ਅਮਨ ਤੇ ਕਾਨੂੰਨ ਯਕੀਨੀ ਬਣਾਉਣਾ ਹਰੇਕ ਸਿਆਸਤਦਾਨ ਦੀ ਜ਼ਿੰਮੇਵਾਰੀ ਹੈ।

ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਖ਼ਾਨ ਨੇ ਕੋਰਟ ਨੂੰ ਦੱਸਿਆ ਕਿ ਉਸ ਨੂੰ ‘ਕੋਰਟ ਵਿਚੋਂ ਅਗਵਾ’ ਕੀਤਾ ਗਿਆ। ਖ਼ਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ ਗਈ ਤੇ ਅਜਿਹਾ ਸਲੂਕ ਅਪਰਾਧੀਆਂ ਨਾਲ ਹੀ ਕੀਤਾ ਜਾਂਦਾ ਹੈ। ਚੀਫ਼ ਜਸਟਿਸ ਨੇ ਜਦੋਂ ਉਨ੍ਹਾਂ ਨੂੰ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਦੀ ਨਿਖੇੇਧੀ ਕਰਨ ਤਾਂ ਖ਼ਾਨ ਨੇ ਖ਼ੁਦ ਨੂੰ ਹਿੰਸਕ ਪ੍ਰਦਰਸ਼ਨਾਂ ਤੋਂ ਵੱਖ ਕਰਦਿਆਂ ਕਿਹਾ, ‘‘ਮੈ ਤਾਂ ਹਿਰਾਸਤ ਵਿੱਚ ਸੀ…ਫਿਰ ਇਨ੍ਹਾਂ ਪ੍ਰਦਰਸ਼ਨਾਂ ਲਈ ਮੈਂ ਜ਼ਿੰਮੇਵਾਰ ਕਿਵੇਂ ਹੋ ਸਕਦਾ ਹਾਂ?’’ ਖਾਨ ਨੇ ਕਿਹਾ ਕਿ ਉਨ੍ਹਾਂ ਕਦੇ ਹਿੰਸਾ ਦੀ ਹਮਾਇਤ ਨਹੀਂ ਕੀਤੀ, ‘‘ਮੈਂ ਹਰੇਕ ਨੂੰ ਅਪੀਲ ਕਰਾਂਗਾ ਕਿ ਉਹ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ।’’ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਤਾਂ ਸਿਰਫ਼ ਚੋਣਾਂ ਲਈ ਦਬਾਅ ਪਾ ਰਹੇ ਸਨ। ਖ਼ਾਨ ਦੇ ਵਕੀਲਾਂ ਨੇ ਮਗਰੋਂ ਕੋਰਟ ਦੇ ਬਾਹਰ ਕਿਹਾ ਕਿ ਉਨ੍ਹਾਂ ਸਾਰੇ ਰੋਸ ਪ੍ਰਦਰਸ਼ਨਾਂ ਨੂੰ ਰੋਕਣ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਦਿਨੇ ਕੇਸ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਬੰਡਿਆਲ ਨੇ ਸਵਾਲ ਕੀਤਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕੋਰਟ ਅਹਾਤੇ ’ਚੋਂ ਕਿਵੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜਸਟਿਸ ਮਿਨਅੱਲ੍ਹਾ ਨੇ ਕਿਹਾ ਕਿ ਖ਼ਾਨ ਕੋਰਟ ਅਹਾਤੇ ਵਿੱਚ ਦਾਖਲ ਹੋ ਚੁੱਕਾ ਸੀ, ‘ਇੰਜ ਕਿਵੇਂ ਕਿਸੇ ਨੂੰ ਇਨਸਾਫ਼ ਦੇਣ ਤੋਂ ਨਾਂਹ ਕੀਤੀ ਜਾ ਸਕਦੀ ਹੈ।’’ ਕੋਰਟ ਨੇ ਕਿਹਾ ਕਿ ਕਿਸੇ ਨੂੰ ਵੀ ਕੋਰਟ ਰਜਿਸਟਰਾਰ ਦੀ ਪ੍ਰਵਾਨਗੀ ਤੋਂ ਬਿਨਾਂ ਅਦਾਲਤ ’ਚੋਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਚੀਫ ਜਸਟਿਸ ਨੇ ਕਿਹਾ ਕਿ ਕੋਰਟ ਅਹਾਤੇ ਵਿੱਚ ਦਾਖ਼ਲ ਹੋਣ ਦਾ ਮਤਲਬ ਕੋਰਟ ਅੱਗੇ ਆਤਮ ਸਮਰਪਣ ਕਰਨਾ ਹੈ। ਆਤਮ ਸਮਰਪਣ ਮਗਰੋਂ ਇਕ ਵਿਅਕਤੀ ਨੂੰ ਕਿਵੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਖ਼ਾਨ ਦੇ ਵਕੀਲ ਹਾਮਿਦ ਖ਼ਾਨ ਨੇ ਕੋਰਟ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਨੇ ਪੇਸ਼ਗੀ ਜ਼ਮਾਨਤ ਲਈ ਇਸਲਾਮਾਬਾਦ ਹਾਈ ਕੋਰਟ ਦਾ ਰੁਖ਼ ਕੀਤਾ ਸੀ, ਪਰ ਪੈਰਾ-ਮਿਲਟਰੀ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ।

ਕੋਰਟ ਨੇ 90 ਤੋੋਂ 100 ਰੇਂਜਰਾਂ ਦੇ ਕੋਰਟ ਅਹਾਤੇ ਵਿਚ ਦਾਖਲ ਹੋਣ ਦਾ ਵੀ ਨੋਟਿਸ ਲਿਆ। ਚੀਫ਼ ਜਸਟਿਸ ਨੇ ਕਿਹਾ, ‘‘ਜੇਕਰ ਕੋਰਟ ਦੇ ਅਹਾਤੇ ਵਿੱਚ 90 ਵਿਅਕਤੀ ਦਾਖ਼ਲ ਹੋ ਜਾਣ ਤਾਂ ਫਿਰ ਕੋਰਟ ਦੀ ਕੀ ਮਰਿਆਦਾ ਰਹਿ ਜਾਂਦੀ ਹੈ?’’ ਉਨ੍ਹਾਂ ਕਿਹਾ ਕਿ ਕੌਮੀ ਇਹਤਸਾਬ ਬਿਊਰੋ ਨੇ ‘ਕੋਰਟ ਦੀ ਹੱਤਕ’ ਕੀਤੀ ਹੈ ਤੇ ਗ੍ਰਿਫ਼ਤਾਰੀ ਤੋਂ ਪਹਿਲਾਂ ਕੋਰਟ ਰਜਿਸਟਰਾਰ ਤੋਂ ਇਜਾਜ਼ਤ ਲੈਣੀ ਬਣਦੀ ਸੀ। -ਪੀਟੀਆਈ

ਇਮਰਾਨ ਪੁਲੀਸ ਗੈਸਟ ਹਾਊਸ ’ਚ ਕੱਟਣਗੇ ਰਾਤ

ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਨੂੰ ਫੌਰੀ ਰਿਹਾਅ ਕਰਨ ਦੇ ਹੁਕਮ ਦਿੱਤੇ, ਪਰ ਤਿੰਨ ਮੈਂਬਰੀ ਬੈਂਚ ਨੇ ਖ਼ਾਨ ਨੂੰ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਕੋਰਟ ਨੇ ਹਦਾਇਤ ਕੀਤੀ ਕਿ ਖ਼ਾਨ ਨੂੰ ਸਰਕਾਰ ਦੀ ਸੁਰੱਖਿਆ ਹੇਠ ਪੁਲੀਸ ਗੈਸਟ ਹਾਊਸ ਵਿੱਚ ਰਾਤ ਕੱਟਣ ਮਗਰੋਂ ਸਵੇਰੇ ਇਸਲਾਮਾਬਾਦ ਹਾਈ ਕੋਰਟ ਅੱਗੇ ਪੇਸ਼ ਹੋਣਾ ਪਏਗਾ। ਉਂਜ ਕੋਰਟ ਨੇ ਕਿਹਾ ਕਿ ਖ਼ਾਨ ਨੂੰ ਗੈਸਟ ਹਾਊਸ ਵਿਚ ਦਸ ਵਿਅਕਤੀਆਂ ਨੂੰ ਮਿਲਣ ਦੀ ਖੁੱਲ੍ਹ ਰਹੇਗੀ। ਕੋਰਟ ਨੇ ਕਿਹਾ, ‘‘ਇਮਰਾਨ ਗੈਸਟ ਹਾਊਸ ’ਚ ਮਹਿਮਾਨ ਬਣ ਕੇ ਰਹੇਗਾ ਤੇ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।’’