ਪਾਕਿਸਤਾਨ ‘ਚ ਸਿਆਸੀ ਰੈਲੀ ਦੌਰਾਨ ਧਮਾਕਾ-44 ਮੌਤਾਂ

ਪਾਕਿਸਤਾਨ ‘ਚ ਸਿਆਸੀ ਰੈਲੀ ਦੌਰਾਨ ਧਮਾਕਾ-44 ਮੌਤਾਂ

200 ਤੋਂ ਵੱਧ ਜ਼ਖ਼ਮੀ, ਕਈਆਂ ਦੀ ਹਾਲਤ ਗੰਭੀਰ
ਅੰਮਿ੍ਤਸਰ-ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਕਬਾਇਲੀ ਖੇਤਰ ਖ਼ੈਬਰ ਏਜੰਸੀ ਦੇ ਬਾਜੌਰ ਇਲਾਕੇ ‘ਚ ਜੇ. ਯੂ. ਆਈ.-ਐਫ. (ਜਮੀਅਤ ਉਲੇਮਾ-ਏ-ਇਸਲਾਮ) ਪਾਰਟੀ ਦੇ ਵਰਕਰ ਸੰਮੇਲਨ ‘ਚ ਹੋਏ ਧਮਾਕੇ ਦੌਰਾਨ 44 ਲੋਕਾਂ ਦੀ ਮੌਤ ਹੋ ਗਈ ਹੈ ਤੇ 200 ਤੋਂ ਵੱਧ ਜ਼ਖ਼ਮੀ ਹੋ ਗਏ | ਇਸ ਨੂੰ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਖੈਬਰ ਏਜੰਸੀ ਦੇ ਖਾਰ ਇਲਾਕੇ ਦੇ ਦੁਬਈ ਮੋੜ ਨੇੜੇ ਹੋਇਆ, ਜਿੱਥੇ ਮੌਲਾਨਾ ਫ਼ਜ਼ਲ ਉਰ ਰਹਿਮਾਨ ਦੀ ਪਾਰਟੀ ਜੇ. ਯੂ. ਆਈ. ਦੀ ਮੀਟਿੰਗ ਚੱਲ ਰਹੀ ਸੀ | ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਸਹਾਇਤਾ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ | ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ‘ਚ ਜਗ੍ਹਾ ਤੇ ਬੈੱਡਾਂ ਦੀ ਘਾਟ ਕਾਰਨ ਜਖ਼ਮੀਆਂ ਨੂੰ ਜ਼ਮੀਨ ‘ਤੇ ਹੀ ਲਿਟਾ ਕੇ ਉਨ੍ਹਾਂ ਦਾ ਇਲਾਜ਼ ਸ਼ੁਰੂ ਕਰਨਾ ਪਿਆ | ਡੀ.ਆਈ.ਜੀ. ਮਲਕੁੰਡ ਨੇ ਦੱਸਿਆ ਕਿ ਬਾਜੌਰ ‘ਚ ਹੋਏ ਧਮਾਕੇ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ, ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਐਮਰਜੈਂਸੀ ਅਫ਼ਸਰ ਬਾਜੌਰ ਸਾਦ ਖ਼ਾਨ ਨੇ ਕਿਹਾ ਕਿ ਬੰਬ ਧਮਾਕੇ ਦੇ ਬਹੁਤ ਸਾਰੇ ਜ਼ਖ਼ਮੀਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋਣਾ ਸੁਭਾਵਿਕ ਹੈ | ਇਸ ਹਮਲੇ ‘ਚ ਜੇ. ਯੂ. ਆਈ. ਤਹਿਸੀਲ ਖਾਰ ਦੇ ਅਮੀਰ ਮੌਲਾਨਾ ਜ਼ਿਆਉੱਲਾ ਵੀ ਮਾਰੇ ਗਏ ਹਨ | ਇਸ ਹਮਲੇ ਦੀ ਨਿੰਦਾ ਕਰਦੇ ਹੋਏ ਜੇ. ਯੂ. ਆਈ. ਨੇ ਅੰਸਾਰ-ਉਲ-ਇਸਲਾਮ ਦੇ ਵਰਕਰਾਂ ਨੂੰ ਜ਼ਖ਼ਮੀਆਂ ਲਈ ਖੂਨਦਾਨ ਕਰਨ ਲਈ ਤੁਰੰਤ ਹਸਪਤਾਲ ਪਹੁੰਚਣ ਦੇ ਨਿਰਦੇਸ਼ ਦਿੱਤੇ | ਜਮੀਅਤ ਉਲੇਮਾ-ਏ-ਇਸਲਾਮ ਦੇ ਕੇਂਦਰੀ ਸਕੱਤਰ ਜਨਰਲ ਸੈਨੇਟਰ ਮੌਲਾਨਾ ਅਬਦੁਲ ਗ਼ਫੂਰ ਹੈਦਰੀ ਨੇ ਕਿਹਾ ਹੈ ਕਿ ਯੋਜਨਾ ਤਹਿਤ ਹਾਲਾਤ ਖ਼ਰਾਬ ਕੀਤੇ ਜਾ ਰਹੇ ਹਨ, ਸਾਡੀ ਪਾਰਟੀ ਸ਼ਾਂਤਮਈ ਪਾਰਟੀ ਹੈ, ਅਸੀਂ ਹਮੇਸ਼ਾ ਸ਼ਾਂਤਮਈ ਸਿਆਸੀ ਸੰਘਰਸ਼ ਦਾ ਰਾਹ ਅਪਣਾਇਆ ਹੈ | ਜਮਾਤ-ਏ-ਇਸਲਾਮੀ ਦੇ ਆਗੂ ਸਿਰਾਜ-ਉਲ-ਹੱਕ ਨੇ ਇਸ ਧਮਾਕੇ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਸਾਰੇ ਸਿਆਸੀ ਨੇਤਾਵਾਂ ਤੇ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ | ਇਸ ਹਮਲੇ ਦਾ ਉਦੇਸ਼ ਹਫੜਾ-ਦਫੜੀ ਮਚਾਉਣਾ ਹੈ | ਉਕਤ ਬੰਬ ਧਮਾਕੇ ਦੀ ਤੁਰੰਤ ਤੇ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ |