ਪਾਕਿਸਤਾਨ ’ਚ ਗੁਰਦੁਆਰੇ ਦੀ ਮਰਿਆਦਾ ਭੰਗ ਕੀਤੇ ਜਾਣ ਦਾ ਜਥੇਦਾਰ ਵੱਲੋਂ ਵਿਰੋਧ

ਪਾਕਿਸਤਾਨ ’ਚ ਗੁਰਦੁਆਰੇ ਦੀ ਮਰਿਆਦਾ ਭੰਗ ਕੀਤੇ ਜਾਣ ਦਾ ਜਥੇਦਾਰ ਵੱਲੋਂ ਵਿਰੋਧ

ਅੰਮ੍ਰਿਤਸਰ- ਅਕਾਲ ਤਖਤ ਦੇ ਨਵਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ’ਚ ਸੂਬਾ ਸਿੰਧ ਦੇ ਸ਼ਹਿਰ ਸੱਖਰ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਿੰਘ ਸਭਾ ਅੰਦਰ ਰਾਗੀ ਸਿੰਘਾਂ ਨਾਲ ਦੁਰਵਿਹਾਰ ਕਰਨ ਅਤੇ ਜਬਰੀ ਕੀਰਤਨ ਬੰਦ ਕਰਵਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੇਹਦ ਮੰਦਭਾਗੀ ਘਟਨਾ ਹੈ। ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਐਡਵੋਕੇਟ ਧਾਮੀ ਨੇ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਨੂੰ ਛੱਡ ਦੇਣ ’ਤੇ ਵੀ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੰਦਰ ਘੱਟ ਗਿਣਤੀ ਸਿੱਖਾਂ ਨਾਲ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੈ। ਪਾਕਿਸਤਾਨ ’ਚ ਕੁਝ ਦਿਨ ਪਹਿਲਾਂ ਇਕ ਸਿੱਖ ਦੁਕਾਨਦਾਰ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਹੁਣ ਗੁਰਦੁਆਰੇ ਅੰਦਰ ਸ਼ਰਾਰਤੀ ਅਨਸਰਾਂ ਵੱਲੋਂ ਮਰਿਆਦਾ ਭੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਹੋਰ ਦੇਸ਼ਾਂ ਅੰਦਰ ਸਿੱਖਾਂ ਵਿਰੁੱਧ ਵਾਪਰਦੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਤੱਕ ਪਹੁੰਚ ਕੀਤੀ ਜਾਵੇਗੀ। ਇਸ ਦੌਰਾਨ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਹੈ।

ਡਿਬਰੂਗਡ਼੍ਹ ਜੇਲ੍ਹ ਮਾਮਲੇ ਦੀ ਜਾਂਚ ਮੰਗੀ
ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਸਾਮ ਸਰਕਾਰ ਨੂੰ ਆਖਿਆ ਕਿ ਡਿਬਰੂਗਡ਼੍ਹ ਜੇਲ੍ਹ ਵਿਚ ਬੰਦ ‘ਵਾਰਿਸ ਪੰਜਾਬ ਦੇ’ ਦੇ ਸਿੱਖ ਕਾਰਕੁਨਾਂ ਨੂੰ ਜੇਲ੍ਹ ਵਿੱਚ ਆਟੇ ’ਚ ਤੰਬਾਕੂ ਪਾ ਕੇ ਦਿੱਤੇ ਜਾਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਸਿੱਖ ਕੈਦੀਆਂ ਨਾਲ ਅਜਿਹਾ ਵਰਤਾਰਾ ਠੀਕ ਨਹੀਂ ਹੈ।