ਪਾਕਿਸਤਾਨੋਂ ਉੱਜੜ ਕੇ ਪਿੰਡ ਮਹਿਸ ਆਏ ਪਰਿਵਾਰ ਨਸ਼ਿਆਂ ਨੇ ਮੁੜ ਉਜਾੜੇ

ਪਾਕਿਸਤਾਨੋਂ ਉੱਜੜ ਕੇ ਪਿੰਡ ਮਹਿਸ ਆਏ ਪਰਿਵਾਰ ਨਸ਼ਿਆਂ ਨੇ ਮੁੜ ਉਜਾੜੇ

ਨਾਭਾ – ਭਾਰਤ-ਪਾਕਿ ਦੀ ਵੰਡ ਦੌਰਾਨ ਪਾਕਿਸਤਾਨ ਤੋਂ ਉੱਜੜ ਕੇ ਨਾਭਾ ਸ਼ਹਿਰ ਦੇ ਪਿੰਡ ਮਹਿਸ ’ਚ ਆਏ ਪਰਿਵਾਰ ਪਹਿਲਾਂ ਅਤਿਵਾਦ ਅਤੇ ਹੁਣ ਨਸ਼ਿਆਂ ਨੇ ਉਜਾੜ ਦਿੱਤੇ ਹਨ। ਬੀਤੇ ਦੋ ਸਾਲਾਂ ਵਿੱਚ ਪਿੰਡ ਦੇ 8 ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ।

ਪਿੰਡ ਮਹਿਸ ਵਿੱਚ ਕਿਸੇ ਸਮੇਂ ਮੁਰੱਬਿਆਂ ਦੇ ਮਾਲਕ ਗੁਰਦੇਵ ਸਿੰਘ ਦੇ ਘਰ ਦੀ ਛੱਤ ਅੱਜ ਨਸ਼ਿਆਂ ਦੇ ਭਾਰ ਹੇਠ ਡਿੱਗਣ ਕੰਢੇ ਹੈ। ਨਸ਼ੇ ਕਾਰਨ ਮਰੇ ਆਪਣੇ ਵਕੀਲ ਪੁੱਤਰ ਗੁਰਜੰਟ (26) ਦੀ ਤਸਵੀਰ ਦਿਖਾਉਂਦੇ ਹੋਏ ਗੁਰਦੇਵ ਸਿੰਘ ਨੇ ਦੱਸਿਆ ਕਿ ਗੁਰਜੰਟ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਮੁੜੇ ਹਾਲੇ ਮਹੀਨਾ ਕੁ ਹੋਇਆ ਸੀ ਤੇ ਪਹਿਲੀ ਜਨਵਰੀ ਦੀ ਸ਼ਾਮ ਨੂੰ ਉਹ ਕਿਧਰੇ ਬਾਹਰ ਚਲਾ ਗਿਆ ਤੇ ਰਾਤ ਨੂੰ ਘਰ ਨਾ ਮੁੜਿਆ। ਅਗਲੀ ਸਵੇਰ ਘਰ ਦੇ ਗੁਸਲਖਾਨੇ ’ਚੋਂ ਉਸ ਦੀ ਲਾਸ਼ ਹੀ ਮਿਲੀ ਅਤੇ ਨਾਲ ਹੀ ਨਸ਼ੇ ਨਾਲ ਭਰਿਆ ਟੀਕਾ ਪਿਆ ਸੀ।

ਇਸੇ ਤਰ੍ਹਾਂ ਪਿੰਡ ਦੇ ਇਕ ਹੋਰ 17 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਗੁਰਬਖਸ਼ੀਸ਼ ਦੀ ਮਾਤਾ ਤੇ ਦਾਦੀ ਨੇ ਦੱਸਿਆ ਕਿ ਉਸ ਦੇ ਪਿਤਾ ਉਸ ਸਮੇਂ ਇਟਲੀ ਸਨ ਤੇ ਉਹ ਆਪਣੀ ਮਾਤਾ ਕੋਲੋਂ ਪੈਸੇ ਲੈ ਕੇ ਪਿੰਡ ਦੇ ਹੀ ਦੋਸਤ ਨਾਲ ਦਸਹਿਰਾ ਦੇਖਣ ਗਿਆ ਸੀ। ਸ਼ਾਮ ਨੂੰ ਪਿੰਡ ਦੇ ਨਜ਼ਦੀਕ ਹੀ ਉਸ ਦੀ ਆਪਣੀ ਕਾਰ ’ਚੋਂ ਲਾਸ਼ ਮਿਲੀ। ਗੁਰਬਖਸ਼ੀਸ਼ ਦੀ ਮੌਤ ਤੋਂ ਸਬਕ ਲੈਂਦਿਆਂ ਉਸ ਦੀ ਮਾਤਾ ਬਲਜੀਤ ਕੌਰ ਨੇ ਆਪਣੇ ਦੂਜੇ ਪੁੱਤਰ ਲਵਜੀਤ ਸਿੰਘ (20) ਨੂੰ ਇਕ ਦਿਨ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੈਸਿਆਂ ਤੋਂ ਮਨ੍ਹਾਂ ਕਰਨ ’ਤੇ ਲਵਜੀਤ ਨੇ ਕੀਟਨਾਸ਼ਕ ਦੀ ਬੋਤਲ ਚੁੱਕ ਲਈ ਤੇ ਆਪਣੀ ਮਾਤਾ ਨੂੰ ਡਰਾਉਣ ਲਈ ਜ਼ਰਾ ਕੁ ਢੱਕਣ ਮੂੰਹ ਨੂੰ ਲਗਾ ਲਿਆ ਅਤੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

ਇਸੇ ਤਰ੍ਹਾਂ ਅਕਤੂਬਰ ਮਹੀਨੇ ਇੱਕ ਹੋਰ 28 ਸਾਲਾਂ ਦੇ ਨੌਜਵਾਨ ਦੀ ਮੌਤ ਹੋਈ ਜੋ ਕਈ ਸਾਲ ਨਸ਼ੇ ਦੀ ਦਲਦਲ ’ਚ ਰਿਹਾ। ਇਸੇ ਤਰੀਕੇ ਦੋ ਮਹੀਨੇ ਪਹਿਲਾਂ ਇੱਕ ਵਕੀਲ (30) ਦੀ ਮੌਤ ਸ਼ਰਾਬ ਕਾਰਨ ਹੋਈ ਸੀ। ਜ਼ਿਕਰਯੋਗ ਹੈ ਕਿ ਬਦਨਾਮੀ ਦੇ ਡਰੋਂ ਪਿੰਡ ਵਾਸੀ ਇਨ੍ਹਾਂ ਹਾਲਤਾਂ ਨੂੰ ਲੁਕਾਉਂਦੇ ਰਹੇ ਤੇ ਜ਼ਿਆਦਾਤਰ ਕੇਸਾਂ ’ਚ ਪੋਸਟਮਾਰਟਮ ਜਾਂ ਪੁਲੀਸ ਕਾਰਵਾਈ ਤੱਕ ਨਹੀਂ ਕਰਵਾਈ। ਪਿਛਲੇ ਸਾਲ ਪਿੰਡ ਦੇ ਕੁਝ ਨੌਜਵਾਨਾਂ ਨੇ ਨਸ਼ੇ ਦੇ ਮੁੱਦੇ ’ਤੇ ਜਦੋਂ ਪਿੰਡ ਪਹੁੰਚੇ ਵਿਧਾਇਕ ਦੇਵ ਮਾਨ ਨੂੰ ਤਿੱਖੇ ਸਵਾਲ ਕੀਤੇ ਤਾਂ ਉਨ੍ਹਾਂ ਨੂੰ ਹੀ ਥਾਣੇ ਦੇ ਚੱਕਰ ਲਾਉਣੇ ਪਏ ਸਨ।

ਪਿੰਡ ਦੇ ਸਰਪੰਚ ਚਰਨਜੀਤ ਕੌਰ ਤੇ ਉਨ੍ਹਾਂ ਦੇ ਪਤੀ ਦਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 2 ਸਾਲਾਂ ’ਚ ਪਿੰਡ ਦੇ ਅੱਠ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਏ ਹਨ। ਨੰਬਰਦਾਰ ਨਰਿੰਦਰ ਸਿੰਘ ਦੇ ਨੌਜਵਾਨ ਭਤੀਜੇ ਦੀ ਦੋ ਸਾਲ ਪਹਿਲਾਂ ਨਸ਼ੇ ਨਾਲ ਮੌਤ ਹੋਣ ਤੋਂ ਬਾਅਦ ਉਸ ਨੂੰ ਆਪਣੇ ਦੂਜੇ ਬੇਟੇ ਦੀ ਚਿੰਤਾ ਖਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਨਸ਼ਿਆਂ ਕਾਰਨ ਲੋਕਾਂ ਦੀਆਂ ਜ਼ਮੀਨਾਂ ਵਿਕ ਰਹੀਆਂ ਹਨ । ਦੂਜੇ ਪਾਸੇ ਪੁਲੀਸ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੱਟੇ ਵੱਜੋਂ ਪੁਲੀਸ ਨੇ ਪਿੰਡ ਦੇ ਮੋਹਤਬਰਾਂ ਨਾਲ ਇੱਕ 11 ਮੈਂਬਰੀ ਕਮੇਟੀ ਬਣਾਈ, ਜਿਸ ਵਿਚ ਥਾਣਾ ਸਦਰ ’ਚੋਂ ਇੱਕ ਏਐਸਆਈ ਵੀ ਮੈਂਬਰ ਹੈ। ਇਹ ਕਮੇਟੀ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਲਾਜ ਮੁਹੱਈਆ ਕਰਾਉਣ ਲਈ ਕੰਮ ਕਰੇਗੀ।