ਪਹਿਲਾ ਟੈਸਟ: ਰੋਹਿਤ ਦੇ ਸੈਂਕੜੇ ਸਦਕਾ ਭਾਰਤ ਨੇ 144 ਦੌੜਾਂ ਦੀ ਲੀਡ ਬਣਾਈ

ਪਹਿਲਾ ਟੈਸਟ: ਰੋਹਿਤ ਦੇ ਸੈਂਕੜੇ ਸਦਕਾ ਭਾਰਤ ਨੇ 144 ਦੌੜਾਂ ਦੀ ਲੀਡ ਬਣਾਈ

ਨਾਗਪੁਰ- ਕਪਤਾਨ ਰੋਹਿਤ ਸ਼ਰਮਾ ਦੇ ਨੌਵੇਂ ਟੈਸਟ ਸੈਂਕੜੇ ਤੋਂ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਦੇ ਨਾਬਾਦ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਪਹਿਲੀ ਪਾਰੀ ਵਿੱਚ 144 ਦੌੜਾਂ ਦੀ ਲੀਡ ਬਣਾ ਲਈ ਹੈ। ਆਸਟਰੇਲੀਆ ਦੇ ਗੇਂਦਬਾਜ਼ ਟਾਰਡ ਮਰਫੀ ਨੇ 36 ਓਵਰਾਂ ਵਿੱਚ 82 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।

ਰੋਹਿਤ ਸ਼ਰਮਾ ਦਾ ਬਤੌਰ ਕਪਤਾਨ ਇਹ ਪਹਿਲਾ ਟੈਸਟ ਸੈਂਕੜਾ ਹੈ। ਇਸ ਦੀ ਮਦਦ ਨਾਲ ਭਾਰਤ ਨੇ ਸੱਤ ਵਿਕਟਾਂ ਪਿੱਛੇ 321 ਦੌੜਾਂ ਬਣਾ ਲਈਆਂ ਹਨ। ਆਸਟਰੇਲਿਆਈ ਪਾਰੀ ਦੌਰਾਨ ਪੰਜ ਵਿਕਟਾਂ ਲੈਣ ਵਾਲੇ ਜਡੇਜਾ 66 ਅਤੇ ਅਕਸ਼ਰ 52 ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵਾਂ ਨੇ ਅੱਠਵੇਂ ਵਿਕਟ ਦੀ ਸਾਂਝੇਦਾਰੀ ਨਾਲ 81 ਦੌੜਾਂ ਦਾ ਯੋਗਦਾਨ ਪਾਇਆ ਹੈ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 177 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ 144 ਦੌੜਾਂ ਦੀ ਲੀਡ ਮਿਲ ਗਈ ਹੈ।

ਉਸ ਤੋਂ ਇਲਾਵਾ ਬਾਕੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਇੰਨਾ ਜ਼ਿਆਦਾ ਚੰਗਾ ਨਹੀਂ ਰਿਹਾ। ਦੂਜੇ ਦਿਨ ਮੈਚ ਖ਼ਤਮ ਹੋਣ ਸਮੇਂ ਸਟੀਵ ਸਮਿਥ ਨੇ ਜਡੇਜਾ ਦਾ ਕੈਚ ਛੱਡ ਕੇ ਟੀਮ ਦੀ ਸਮੱਸਿਆ ਹੋਰ ਵਧਾ ਦਿੱਤੀ ਹੈ।

ਜਡੇਜਾ ਨੇ 170 ਗੇਂਦਾਂ ਵਿੱਚ ਨੌਂ ਚੌਕੇ ਲਗਾਏ ਅਤੇ ਅਕਸ਼ਰ ਨੇ 102 ਗੇਂਦਾਂ ਦੀ ਪਾਰੀ ਵਿੱਚ ਅੱਠ ਚੌਕੇ ਮਾਰੇ। ਰੋਹਿਤ ਨੇ 171 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ ਅਤੇ 212 ਗੇਂਦਾਂ ਦੀ ਆਪਣੀ ਪਾਰੀ ਵਿੱਚ 15 ਚੌਕੇ ਅਤੇ ਦੋ ਛਿੱਕੇ ਲਗਾਏ। ਇਸ ਤੋਂ ਪਹਿਲਾਂ ਵਿਰਾਟ ਕੋਹਲੀ 12 ਅਤੇ ਸੂਰਿਆਕੁਮਾਰ ਯਾਦਵ ਅੱਠ ਦੌੜਾਂ ਹੀ ਬਣਾ ਸਕੇ। ਆਪਣਾ ਪਹਿਲਾ ਟੈਸਟ ਖੇਡ ਰਹੇ ਸੂਰਿਆਕੁਮਾਰ ਦੀ ਵਿਕਟ ਲਿਯੋਨ ਨੇ ਲਈ।