ਪਹਿਲਾਂ ਕਾਂਗਰਸ ਤੇ ਹੁਣ ‘ਆਪ’ ਨੇ ਪੰਜਾਬ ਨੂੰ ਜੰਗਲ ਰਾਜ ’ਚ ਧੱਕਿਆ: ਅਨੁਰਾਗ ਠਾਕੁਰ

ਪਹਿਲਾਂ ਕਾਂਗਰਸ ਤੇ ਹੁਣ ‘ਆਪ’ ਨੇ ਪੰਜਾਬ ਨੂੰ ਜੰਗਲ ਰਾਜ ’ਚ ਧੱਕਿਆ: ਅਨੁਰਾਗ ਠਾਕੁਰ

ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਤੇ ਸਮ੍ਰਿਤੀ ਇਰਾਨੀ ਜਲੰਧਰ ਪੁੱਜੇ
ਜਲੰਧਰ- ਕੇਂਦਰੀ ਸੂਚਨਾ ਤੇ ਪ੍ਰਸਾਰਨ ਅਤੇ ਯੁਵਾ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਪੰਜਾਬ ਵਿੱਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ‘ਆਪ’ ਨੇ ਪੰਜਾਬ ਨੂੰ ਜੰਗਲ ਰਾਜ ਵਿੱਚ ਧੱਕ ਦਿੱਤਾ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਪੰਜਾਬ ਦਾ ਜ਼ਿਕਰ ਬਦਅਮਨੀ, ਗੁੰਡਾਗਰਦੀ, ਗੈਂਗਵਾਰ ਤੇ ਮਾਫੀਆ ਲਈ ਹੁੰਦਾ ਹੈ। ਮੁੱਖ ਮੰਤਰੀ ਆਪਣਾ ਜ਼ਿਆਦਾਤਰ ਸਮਾਂ ਸੂਬੇ ਤੋਂ ਬਾਹਰ ਹੀ ਬਿਤਾ ਰਹੇ ਹਨ। ਇਸੇ ਦੌਰਾਨ ਅੱਜ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵੀ ਇੱਥੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੀ ਚੋਣ ਪ੍ਰਚਾਰ ਲਈ ਜਲੰਧਰ ਪੁੱਜ ਚੁੱਕੇ ਹਨ, ਜਿਨ੍ਹਾਂ ਦਾ ਅੱਜ ਇਥੇ ਸਥਾਨਕ ਭਾਜਪਾ ਆਗੂਆਂ ਨੇ ਸਵਾਗਤ ਕੀਤਾ।

ਉਨ੍ਹਾਂ ਕਿਹਾ ਕਿ ‘ਆਪ’ ਆਗੂ ਕਹਿੰਦੇ ਸਨ ਕਿ ਜੇਕਰ ਦਿੱਲੀ ਸਰਕਾਰ ਨੂੰ ਪੁਲੀਸ ਦਾ ਕੰਟਰੋਲ ਸੌਂਪ ਦਿੱਤਾ ਜਾਵੇ ਤਾਂ ਉਹ ਵੱਡੇ ਸੁਧਾਰ ਲਿਆਉਣਗੇ, ਪਰ ਅੱਜ ਪੰਜਾਬ ਪੁਲੀਸ ’ਤੇ ਸਰਕਾਰ ਦਾ ਪੂਰਾ ਕੰਟਰੋਲ ਹੋਣ ਦੇ ਬਾਵਜੂਦ ‘ਆਪ’ ਸਫ਼ਲ ਨਹੀਂ ਹੋਈ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਵਿਕਾਸ, ਸ਼ਾਂਤੀ ਤੇ ਭਾਈਚਾਰਾ ਚਾਹੁੰਦੀ ਹੈ, ਪਰ ਕਾਂਗਰਸ ਤੇ ‘ਆਪ’ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਭਾਰਤ ਵਿੱਚ ਨਫ਼ਰਤ ਅਤੇ ਵੱਖਵਾਦ ਦੀ ਰਾਜਨੀਤੀ ਕਰਕੇ ਵੋਟਾਂ ਹਾਸਲ ਕਰਨਾ ਚਾਹੁੰਦੇ ਹਨ। ‘ਆਪ’ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਦੁਨੀਆ ਸਾਹਮਣੇ ਸਪੱਸ਼ਟ ਹੋ ਚੁੱਕਾ ਹੈ ਅਤੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਕਈ ਵਾਰ ਇਸ ਦਾ ਪ੍ਰਤੱਖ ਸਬੂਤ ਵੀ ਦੇ ਚੁੱਕਿਆ ਹੈ।