ਪਹਿਲਵਾਨਾਂ ਵੱਲੋਂ ਸਰਕਾਰ ਨੂੰ 21 ਮਈ ਤੱਕ ਦਾ ਅਲਟੀਮੇਟਮ

ਪਹਿਲਵਾਨਾਂ ਵੱਲੋਂ ਸਰਕਾਰ ਨੂੰ 21 ਮਈ ਤੱਕ ਦਾ ਅਲਟੀਮੇਟਮ

ਨਵੀਂ ਦਿੱਲੀ- ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਜੰਤਰ ਮੰਤਰ ’ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਨੂੰ ਸਲਾਹ ਮਸ਼ਵਰਾ ਦੇਣ ਵਾਲੀ 31 ਮੈਂਬਰੀ ਕਮੇਟੀ ਨੇ ਅੱਜ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 21 ਮਈ ਤੱਕ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਸ ਨੂੰ ਕੋਈ ‘ਵੱਡਾ/ਅਹਿਮ ਫੈਸਲਾ’ ਲੈਣ ਲਈ ਮਜਬੂਰ ਹੋਣਾ ਪਏਗਾ। ਉਧਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੇ ਧਰਨੇ ਨੂੰ ਕਿਸਾਨ ਜਥੇਬੰਦੀਆਂ ਨਹੀਂ ਬਲਕਿ ਉਹ ਖ਼ੁਦ ਚਲਾ ਰਹੇ ਹਨ। ਉਨ੍ਹਾਂ ਧਰਨੇ ਦੀ ਕਮਾਨ ਕਿਸਾਨ ਜਥੇਬੰਦੀਆਂ ਦੇ ਹੱਥਾਂ ’ਚ ਜਾਣ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ, ਖਾਪ ਮਾਹਮ 24 ਦੇ ਮੁਖੀ ਮੇਹਰ ਸਿੰਘ ਤੇ ਸੰਯੁਕਤ ਕਿਸਾਨ ਮੋਰਚਾ(ਗੈਰ-ਸਿਆਸੀ) ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਮੰਚ ਸਾਂਝਾ ਕੀਤਾ। ਕਿਸਾਨ ਆਗੂ ਤੇ ਪਹਿਲਵਾਨ ਮਗਰੋਂ ਪੱਤਰਕਾਰਾਂ ਦੇ ਰੂਬਰੂ ਹੋਏ। ਟਿਕੈਤ ਨੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਖਾਪ ਪੰਚਾਇਤ ਤੇ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂ ਅੱਜ ਮੀਟਿੰਗ ਵਿਚ ਸ਼ਾਮਲ ਹੋੲੇ। ਅਸੀਂ ਫੈਸਲਾ ਕੀਤਾ ਹੈ ਕਿ ਹਰੇਕ ਖਾਪ ਦਾ ਮੈਂਬਰ ਰੋਜ਼ਾਨਾ ਧਰਨੇ ਵਾਲੀ ਥਾਂ ਆਏਗਾ। ਉਹ ਦਿਨ ਵੇੇਲੇ ਧਰਨੇ ਵਿੱਚ ਰਹਿਣਗੇ ਤੇ ਸ਼ਾਮ ਨੂੰ ਮੁੜ ਜਾਣਗੇ।’’ ਉਨ੍ਹਾਂ ਕਿਹਾ, ‘‘ਪਹਿਲਵਾਨਾਂ ਦੀ ਕਮੇਟੀ ਧਰਨੇ ਦੀ ਸਾਂਭ ਸੰਭਾਲ ਦਾ ਕੰਮ ਦੇੇਖੇਗੀ ਅਤੇ ਅਸੀਂ ਬਾਹਰੋਂ ਪਹਿਲਵਾਨਾਂ ਦੀ ਹਮਾਇਤ ਕਰਾਂਗੇ। ਅਸੀਂ 21 ਮਈ ਲਈ ਮੀਟਿੰਗ ਰੱਖੀ ਹੈ। ਜੇਕਰ ਸਰਕਾਰ ਨੇ ਉਦੋਂ ਤੱਕ ਕਿਸੇ ਹੱਲ ਦੀ ਪੇਸ਼ਕਸ਼ ਨਾ ਕੀਤੀ, ਅਸੀਂ ਆਪਣੀ ਨਵੀਂ ਰਣਨੀਤੀ ਘੜਾਂਗੇ।’’ ਟਿਕੈਤ ਨੇ ਕਿਹਾ, ‘‘ਜੇਕਰ ਇਸ ਦੌਰਾਨ ਕੋਈ ਐਮਰਜੈਂਸੀ ਹੋਈ, ਜੇਕਰ ਪਹਿਲਵਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਹੁੰਦੀ ਹੈ ਤਾਂ ਪੂਰਾ ਮੁਲਕ ਉਨ੍ਹਾਂ ਦੇ ਪਿੱਛੇ ਖੜ੍ਹਾ ਹੈ।’’ ਕਿਸਾਨ ਆਗੂ ਨੇ ਕਿਹਾ ਕਿ ਤਿਰੰਗੇ ਨੂੰ ਸ਼ਰਮਸਾਰ ਕੀਤਾ ਗਿਆ ਹੈ ਤੇ ਇਸ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਪਹਿਲਵਾਨਾਂ ਦੀ ਹਰ ਸੰਭਵ ਮਦਦ ਕਰਾਂਗੇ।’’ ਉਨ੍ਹਾਂ ਕਿਹਾ ਕਿ ਇਹ ਲੜਾਈ ਲੰਮੀ ਖਿੱਚ ਸਕਦੀ ਹੈ ਤੇ ਇਹ ਪੂਰੇ ਦੇਸ਼ ਵਿੱਚ ਵੀ ਫੈਲ ਸਕਦੀ ਹੈ। ਟਿਕੈਤ ਨੇ ਕਿਹਾ, ‘‘ਹਾਲ ਦੀ ਘੜੀ ਜੰਤਰ ਮੰਤਰ ਧਰਨੇ ਪ੍ਰਦਰਸ਼ਨਾਂ ਵਾਲੀ ਥਾਂ ਰਹੇਗੀ। ਪ੍ਰਦਰਸ਼ਨ ਹੌਲੀ ਹੌਲੀ ਰਫ਼ਤਾਰ ਫੜੇਗਾ। ਸਾਨੂੰ ਲੰਮੀ ਲੜਾਈ ਲਈ ਤਿਆਰ ਰਹਿਣਾ ਹੋਵੇਗਾ।’’ ਉਧਰ ਬਲਦੇਵ ਸਿੰਘ ਸਿਰਸਾ ਨੇ ਕਿਹਾ, ‘‘ਇਹ ਕੋਈ ਸਿਆਸੀ ਧਰਨਾ ਪ੍ਰਦਰਸ਼ਨ ਨਹੀਂ ਹੈ, ਇਹ ਗੈਰ-ਸਿਆਸੀ ਜਥੇਬੰਦੀ ਹੈ। ਪਰ ਕੁਝ ਮੁੱਠੀ ਭਰ ਸਿਆਸਤਦਾਨ ਹੀ ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਪਹਿਲਵਾਨਾਂ ਦੀ ਹਮਾਇਤ ਵਿੱਚ ਨਿੱਤਰੇ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਸਰਕਾਰ ਨੂੰ ਮਜਬੂਰ ਕਰ ਦਿਆਂਗੇ ਕਿ ਉਹ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕਰੇ। ਕਿਸਾਨਾਂ ਨੇ ਜਿਸ ਤਰ੍ਹਾਂ (ਖੇਤੀ ਕਾਨੂੰਨਾਂ ਖਿਲਾਫ਼) ਆਪਣੀ ਲੜਾਈ ਲੜੀ, ਠੀਕ ਉਸੇ ਤਰੀਕੇ ਪਹਿਲਵਾਨ ਵੀ ਆਪਣਾ ਸੰਘਰਸ਼ ਜਾਰੀ ਰੱਖਣਗੇ। ਮੈਂ ਅਪੀਲ ਕਰਦਾ ਹਾਂ ਕਿ ਸਰਕਾਰ ਸਾਡੇ ਸਬਰ ਦਾ ਇਮਤਿਹਾਨ ਨਾ ਲਏ। ਉਹ ਪਹਿਲਾਂ ਵੀ ਸਾਨੂੰ ਪਰਖ ਚੁੱਕੇ ਹਨ ਤੇ ਅਸੀਂ ਪ੍ਰੀਖਿਆ ਪਾਸ ਕੀਤੀ ਹੋਈ ਹੈ।’’ ਉਧਰ ਮਹਿਲਾ ਪਹਿਲਵਾਨ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਵੀ ਇਸ਼ਾਰਾ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਵੱਡਾ ਹੋ ਸਕਦਾ ਹੈ। ਫੋਗਾਟ ਨੇ ਕਿਹਾ, ‘‘ਜੇਕਰ 21 ਮਈ ਤੱਕ ਸਰਕਾਰ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਅਸੀਂ ਕੋਈ ਵੱਡਾ ਫੈਸਲਾ ਲਵਾਂਗੇ। ਕਿਸੇ ਨੇ ਵੀ ਸਾਡੇ ਸੰਘਰਸ਼ ਦੀ ਕਮਾਨ ਆਪਣੇ ਹੱਥਾਂ ਵਿੱਚ ਨਹੀਂ ਲਈ। ਇਹ ਤਾਂ ਮਹਿਜ਼ ਲੋਕ ਹਨ, ਜੋ ਅਨਿਆਂ ਖਿਲਾਫ਼ ਲੜਾਈ ਵਿੱਚ ਸਾਡੇ ਨਾਲ ਜੁੜ ਰਹੇ ਹਨ। ਇਹ ਲੋਕ ਸਾਡਾ ਸਤਿਕਾਰ ਕਰਦੇ ਹਨ ਤੇ ਇਨ੍ਹਾਂ ਨੂੰ ਸਾਡੇ ਗੌਰਵ ਦੀ ਫ਼ਿਕਰ ਹੈ।’’ ਫੋਗਾਟ ਨੇ ਕਿਹਾ, ‘‘ਸਾਰੀਆਂ ਮਹਿਲਾਵਾਂ ਸਾਡੀ ਇਸ ਲੜਾਈ ਵਿੱਚ ਖੁ਼ਦ ਨੂੰ ਜੋੜ ਸਕਦੀਆਂ ਹਨ। ਸਮਰਥਕਾਂ ਨੇ ਸਾਨੂੰ ਤਾਕਤ ਬਖ਼ਸ਼ੀ ਹੈ। ਅਸੀਂ ਲੜਾਈ ਲਈ ਤਿਆਰ ਹਾਂ।’’ ਮਹਿਲਾ ਪਹਿਲਵਾਨ ਨੇ ਕਿਹਾ, ‘‘ਸਾਡੀ ਬੱਸ ਇਕੋ ਮੰਗ ਹੈ ਕਿ ਬ੍ਰਿਜ ਭੂਸ਼ਣ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾਵੇ ਤੇ ਮਗਰੋਂ ਇਹ ਜਾਂਚ ਕੀਤੀ ਜਾਵੇ।’’ ਇਸ ਦੌਰਾਨ ਪਹਿਲਵਾਨਾਂ ਨੇ ਆਪਣੇ ਸੈਂਕੜੇ ਸਮਰਥਕਾਂ ਨਾਲ ਸ਼ਾਮ ਸਮੇਂ ਮੋਮਬੱਤੀ ਮਾਰਚ ਕੱਢਿਆ। ਪਹਿਲਵਾਨਾਂ ਦੇ ਇਕ ਦੂਜੇ ਦਾ ਹੱਥ ਫੜ੍ਹ ਕੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਵੀ ਲਾੲੇ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਧਰਨੇ ਵਾਲੀ ਥਾਂ ‘ਮੇਰਾ ਰੰਗ ਦੇ ਬਸੰਤੀ ਚੋਲਾ’ ਜਿਹੇ ਦੇਸ਼ ਭਗਤੀ ਵਾਲੇ ਗੀਤ ਵੀ ਵਜਾਏ ਗਏ। ਇਸ ਤੋਂ ਪਹਿਲਾਂ ਅੱਜ ਦਿਨੇਂ ਪਹਿਲਵਾਨਾਂ ਦੀ ਹਮਾਇਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਧਰਨੇ ਵਾਲੀ ਥਾਂ ਦਿੱਤੇ ‘ਕਿਸਾਨ ਮਹਾਪੰਚਾਇਤ’ ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਇਹਤਿਆਤੀ ਕਦਮ ਵਜੋਂ ਜੰਤਰ ਮੰਤਰ ’ਤੇ ਅਗਾਊਂ ਸੁਰੱਖਿਆ ਵਧਾ ਦਿੱਤੀ। ਧਰਨੇ ਵਾਲੀ ਥਾਂ 500 ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਰਹੇ, ਜਿਨ੍ਹਾਂ ਵਿੱਚ ਰੈਪਿਡ ਐਕਸ਼ਨ ਫੋਰਸ (ਆਰਏਐੱਫ), ਦਿੱਲੀ ਪੁਲੀਸ ਤੇ ਸੀਆਰਪੀਐੱਫ ਦਾ ਅਮਲਾ ਵੀ ਸ਼ਾਮਲ ਸੀ। ਸਿਰਾਂ ’ਤੇ ਪੱਗੜੀ ਤੇ ਧੋਤੀ ਕੁੜਤੇ ਪਾਈ ਸੈਂਕੜੇ ਕਿਸਾਨ ਅੱਜ ਧਰਨੇ ਵਾਲੀ ਥਾਂ ਨਜ਼ਰ ਆੲੇ। ਜੰਤਰ ਮੰਤਰ ’ਤੇ ਕਿਸਾਨਾਂ ਦੀ ਮੌਜੂਦਗੀ ਨੇ ਦਿੱਲੀ ਵਿੱਚ 13 ਮਹੀਨਿਆਂ ਤੱਕ ਚੱਲੇ ਕਿਸਾਨ ਅੰਦੋਲਨ ਦੀ ਯਾਦ ਤਾਜ਼ਾ ਕਰ ਦਿੱਤੀ।