ਪਹਿਲਵਾਨਾਂ ਵੱਲੋਂ ਨਵੀਂ ਸੰਸਦ ਦੇ ਬਾਹਰ ਮਹਿਲਾ ਸਨਮਾਨ ਮਹਾਪੰਚਾਇਤ ਭਲਕੇ

ਪਹਿਲਵਾਨਾਂ ਵੱਲੋਂ ਨਵੀਂ ਸੰਸਦ ਦੇ ਬਾਹਰ ਮਹਿਲਾ ਸਨਮਾਨ ਮਹਾਪੰਚਾਇਤ ਭਲਕੇ

ਨਵੀਂ ਦਿੱਲੀ- ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਖ਼ਿਲਾਫ਼ ਇਥੋਂ ਦੇ ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਪਹਿਲਵਾਨਾਂ ਵੱਲੋਂ 28 ਮਈ ਨੂੰ ਸਵੇਰੇ ਸਾਢੇ 11 ਵਜੇ ਨਵੇਂ ਸੰਸਦ ਭਵਨ ਵੱਲ ਮਾਰਚ ਕੀਤਾ ਜਾਵੇਗਾ ਜਿਥੇ ਮਹਿਲਾ ਸਨਮਾਨ ਮਹਾਪੰਚਾਇਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦਿਨ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਕਰਨਾ ਹੈ ਅਤੇ ਪੁਲੀਸ ਨੇ ਮਹਾਪੰਚਾਇਤ ਲਈ ਮਨਜ਼ੂਰੀ ਨਹੀਂ ਦਿੱਤੀ ਹੈ। ਪੁਲੀਸ ਵੱਲੋਂ 28 ਮਈ ਨੂੰ ਦਿੱਲੀ ਦੀਆਂ ਹੱਦਾਂ ਸੀਲ ਕੀਤੀਆਂ ਜਾ ਸਕਦੀਆਂ ਹਨ। ਉਲੰਪੀਅਨ ਪਹਿਲਵਾਨ ਸਾਕਸ਼ੀ ਮਲਿਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਹਾਪੰਚਾਇਤ ਵਿੱਚ ਖਾਪਾਂ ਸਮੇਤ ਕਿਸਾਨ-ਮਜ਼ਦੂਰ ਜਥੇਬੰਦੀਆਂ, ਮਹਿਲਾ ਸੰਗਠਨ ਤੇ ਨੌਜਵਾਨ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਮਹਾਪੰਚਾਇਤ ਸ਼ਾਂਤਮਈ ਢੰਗ ਨਾਲ ਕੀਤੀ ਜਾਵੇਗੀ ਅਤੇ ਜੇਕਰ ਕੋਈ ਜਬਰ-ਜ਼ੁਲਮ ਹੋਇਆ ਤਾਂ ਉਸ ਦਾ ਸਾਹਮਣਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਖਾਪ ਪੰਚਾਇਤਾਂ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ 28 ਮਈ ਨੂੰ 11 ਵਜੇ ਸਿੰਘੂ ਬਾਰਡਰ ’ਤੇ ਇਕੱਠੀਆਂ ਹੋਣਗੀਆਂ ਜਦਕਿ ਯੂਪੀ ਦੀਆਂ ਖਾਪ ਪੰਚਾਇਤਾਂ ਗਾਜ਼ੀਪੁਰ ਬਾਰਡਰ ’ਤੇ ਜੁੜਨਗੀਆਂ। ਇਸ ਦੌਰਾਨ ਸਮਾਜਿਕ ਤੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਸ਼ਬਨਮ ਹਾਸ਼ਮੀ ਨੇ ਧਰਨੇ ਵਿੱਚ ਸ਼ਿਰਕਤ ਕਰਦਿਆਂ ਪਹਿਲਵਾਨਾਂ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਖ਼ਿਲਾਫ਼ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।