ਪਹਿਲਵਾਨਾਂ ਦੇ ਹੱਕ ਵਿੱਚ ਪੰਜਾਬ ਭਰ ’ਚ ਮੁਜ਼ਾਹਰੇ

ਪਹਿਲਵਾਨਾਂ ਦੇ ਹੱਕ ਵਿੱਚ ਪੰਜਾਬ ਭਰ ’ਚ ਮੁਜ਼ਾਹਰੇ

ਨੌਜਵਾਨ ਭਾਰਤ ਸਭਾ ਨੇ ਪਹਿਲਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ
ਚੰਡੀਗੜ੍ਹ- ਨਵੇਂ ਸੰਸਦ ਭਵਨ ਅੱਗੇ ਰੋਸ ਜਤਾ ਰਹੇ ਪਹਿਲਵਾਨਾਂ ਤੇ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਨੌਜਵਾਨ ਭਾਰਤ ਸਭਾ ਨੇ ਅੱਜ ਨਕੋਦਰ, ਮੁਕਤਸਰ ਸਾਹਿਬ, ਪਟਿਆਲਾ, ਮੋਗਾ, ਫਰੀਦਕੋਟ ਅਤੇ ਸੰਗਰੂਰ ਦੇ ਜ਼ਿਲ੍ਹਾ ਕੇਂਦਰਾਂ ’ਤੇ ਰੋਸ ਮੁਜ਼ਾਹਰੇ ਕੀਤੇ। ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ ਅਤੇ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਭਾਜਪਾ ਵਿਧਾਇਕ ਬ੍ਰਿਜ ਭੂਸ਼ਣ ਕੱਲ੍ਹ ਵੀ ਨਵੇਂ ਸੰਸਦ ਭਵਨ ਵਿੱਚ ਬੈਠਾ ਹੋਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਵਿੱਚ ਜਮਹੂਰੀਅਤ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਸਨ, ਉਸ ਵੇਲੇ ਕੌਮਾਂਤਰੀ ਪੱਧਰ ’ਤੇ ਸੋਨ ਤਗਮੇ ਜਿੱਤਣ ਵਾਲੇ ਪਹਿਲਵਾਨ ਸੜਕ ’ਤੇ ਖਿੱਚ-ਧੂਹ ਕੇ ਲਤਾੜੇ ਜਾ ਰਹੇ ਸਨ। ਇਹ ਘਟਨਾਕ੍ਰਮ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਅਜਿਹੇ ਵਿਅਕਤੀ ਨੂੰ ਬਚਾ ਰਹੀ ਹੈ ਜਿਸ ਖ਼ਿਲਾਫ਼ 38 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਬ੍ਰਿਜ ਭੂਸ਼ਣ ਨੂੰ ਜਲਦੀ ਤੋਂ ਜਲਦੀ ਸਾਰੇ ਅਹੁਦਿਆਂ ਤੋਂ ਹਟਾ ਕੇ ਜੇਲ੍ਹ ਭੇਜਣਾ ਚਾਹੀਦਾ ਹੈ। ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਕਿਹਾ ਕਿ ਖੇਡ ਪ੍ਰਬੰਧ ਨਾਲ ਜੁੜੇ ਵਿਭਾਗਾਂ, ਐਸੋਸੀਏਸ਼ਨਾਂ, ਫੈਡਰੇਸ਼ਨਾਂ ਵਿੱਚ ਸਿਆਸਤਦਾਨਾਂ, ਧਨਾਢਾਂ ਤੇ ਗੈਂਗਸਟਰਾਂ ਦੇ ਦਖਲ ਨੇ ਖੇਡ ਜਗਤ ਦਾ ਨੁਕਸਾਨ ਕੀਤਾ ਹੈ। ਸੰਦੀਪ ਨੰਗਲ ਅੰਬੀਆਂ ਦਾ ਕਤਲ ਅਤੇ ਹੁਣ ਮਹਿਲਾ ਭਲਵਾਨਾਂ ਨਾਲ ਹੋਇਆ ਧੱਕਾ ਖੇਡ ਜਗਤ ਵਿੱਚ ਸਿਆਸਤਦਾਨਾਂ ਤੇ ਗੈਂਗਸਟਰਾਂ ਦੇ ਦਖਲ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ’ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਹੀ ਖੇਡ ਨਾਲ ਜੁੜੇ ਪ੍ਰਬੰਧਾਂ ’ਚ ਅਹਿਮ ਅਹੁਦਿਆਂ ’ਤੇ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਵੱਡੇ ਸਟੇਡੀਅਮਾਂ ਦੀ ਬਜਾਏ ਪਿੰਡਾਂ ਦੇ ਖੇਡ ਮੈਦਾਨਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ।