ਪਹਿਲਵਾਨਾਂ ਦੀ ਪਟੀਸ਼ਨ ’ਤੇ ਸੁਣਵਾਈ ਬੰਦ

ਪਹਿਲਵਾਨਾਂ ਦੀ ਪਟੀਸ਼ਨ ’ਤੇ ਸੁਣਵਾਈ ਬੰਦ

ਸੁਪਰੀਮ ਕੋਰਟ ਨੇ ਸ਼ਿਕਾਇਤਕਰਤਾਵਾਂ ਨੂੰ ਹਾਈ ਕੋਰਟ ਜਾਂ ਹੇਠਲੀ ਅਦਾਲਤ ਜਾਣ ਦੀ ਦਿੱਤੀ ਖੁੱਲ੍ਹ
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਮਹਿਲਾ ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਲਾਏ ਜਿਨਸੀ ਸ਼ੋਸ਼ਣ ਦੋਸ਼ਾਂ ਨਾਲ ਸਬੰਧਤ ਪਟੀਸ਼ਨ ’ਤੇ ਕਾਰਵਾਈ ਬੰਦ ਕਰ ਦਿੱਤੀ ਹੈ। ਸਿਖਰਲੀ ਕੋਰਟ ਨੇ ਕਿਹਾ ਕਿ ਹੁਣ ਜਦੋਂ ਸਿੰਘ ਖਿਲਾਫ਼ ਐੱਫਆਈਆਰ ਦਰਜ ਹੋ ਚੁੱਕੀ ਹੈ ਤੇ ਸੱਤਾਂ ਸ਼ਿਕਾਇਤਕਰਤਾਵਾਂ ਨੂੰ ਲੋੜੀਂਦੀ ਸੁਰੱਖਿਆ ਮਿਲ ਗਈ ਹੈ ਤਾਂ ਇਸ ਪਟੀਸ਼ਨ ’ਤੇ ਕਾਰਵਾਈ ਦੀ ਹੁਣ ਕੋਈ ਤੁਕ ਨਹੀਂ ਰਹਿੰਦੀ। ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਬ੍ਰਿਜ ਭੂਸ਼ਣ ਖਿਲਾਫ਼ ਚੱਲ ਰਹੀ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਕਰਵਾਉਣ ਦੀ ਪਹਿਲਵਾਨਾਂ ਦੇ ਵਕੀਲ ਦੀ ਜ਼ੁਬਾਨੀ ਕਲਾਮੀ ਅਪੀਲ ਨੂੰ ਸੁਣਨ ਤੋਂ ਨਾਂਹ ਕਰ ਦਿੱਤੀ। ਸੁਪਰੀਮ ਕੋਰਟ ਨੇ ਹਾਲਾਂਕਿ ਪਹਿਲਵਾਨਾਂ ਨੂੰ ਰਾਹਤ ਲਈ ਦਿੱਲੀ ਹਾਈ ਕੋਰਟ ਜਾਂ ਸਬੰਧਤ ਮੈਜਿਸਟਰੇਟ ਕੋਲ ਜਾਣ ਦੀ ਖੁੱਲ੍ਹ ਦੇ ਦਿੱਤੀ। ਬੈਂਚ, ਜਿਸ ਵਿੱਚ ਜਸਟਿਸ ਪੀ.ਐੱਸ.ਨਰਸਿਮ੍ਹਾ ਤੇ ਜਸਟਿਸ ਜੇ.ਬੀ.ਪਾਰਦੀਵਾਲੀ ਵੀ ਸ਼ਾਮਲ ਸਨ, ਨੇ ਕਿਹਾ ਕਿ ਉਨ੍ਹਾਂ ਕੋਲ ਦਾਇਰ ਪਟੀਸ਼ਨ ਐੱਫਆਈਆਰ ਦਰਜ ਕਰਨ ਨੂੰ ਲੈ ਕੇ ਸੀ ਤੇ ਉਹ ਮਸਲਾ ਹੁਣ ਪੂਰਾ ਹੋ ਗਿਆ ਹੈ। ਬੈਂਚ ਨੇ ਕਿਹਾ, ‘‘ਹੁਣ ਜਦੋਂ ਐੱਫਆਈਆਰ ਦਰਜ ਹੋ ਗਈ ਹੈ, ਅਸੀਂ ਇਸ ਪੜਾਅ ’ਤੇ ਕੋਰਟ ਦੀ ਕਾਰਵਾਈ ਨੂੰ ਬੰਦ ਕਰਦੇ ਹਾਂ।’’ ਇਸ ਤੋਂ ਪਹਿਲਾਂ ਦਿੱਲੀ ਪੁਲੀਸ ਵੱਲੋਂ ਪੇਸ਼ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਸੀ ਕਿ ਸੁਪਰੀਮ ਕੋਰਟ ਦੇ 28 ਅਪਰੈਲ ਦੇ ਹੁਕਮਾਂ ਮਗਰੋਂ ਨਾਬਾਲਗ ਸ਼ਿਕਾਇਤਕਰਤਾ ਤੇ ਛੇ ਹੋਰਨਾਂ ਮਹਿਲਾ ਪਹਿਲਵਾਨਾਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ। ਇਹੀ ਨਹੀਂ ਨਾਬਾਲਗ ਸਣੇ ਪੰਜ ਸ਼ਿਕਾਇਤਕਰਤਾਵਾਂ ਦੇ ਸੀਆਰਪੀਸੀ ਦੀ ਧਾਰਾ 161 ਤਹਿਤ ਬਿਆਨ ਵੀ ਦਰਜ ਕੀਤੇ ਜਾ ਚੁੱਕੇ ਹਨ। ਦੱਸ ਦੇਈਏ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਸਰਕਾਰ ਵੱਲੋਂ ਗਠਿਤ ਕਮੇਟੀ ਦੀਆਂ ਲੱਭਤਾਂ ਨੂੰ ਜਨਤਕ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕਈ ਪਹਿਲਵਾਨ ਜੰੰਤਰ ਮੰਤਰ ’ਤੇ ਧਰਨਾ ਲਾਈ ਬੈਠੇ ਹਨ। ਦਿੱਲੀ ਪੁਲੀਸ ਵੱਲੋਂ ਬ੍ਰਿਜ ਭੂਸ਼ਣ ਸਿੰਘ ਖਿਲਾਫ਼ ਪੋਕਸੋ ਐਕਟ ਆਇਦ ਕਰਨ ਸਣੇ ਦੋ ਐਫਆੲਆਰ ਦਰਜ ਕੀਤੀਆਂ ਗਈਆਂ ਹਨ। ਪਹਿਲਵਾਨਾਂ ਨੇ ਸਿੰਘ ਖਿਲਾਫ਼ ਦਰਜ ਐੱਫਆਈਆਰ ਨੂੰ ਵੱਡੀ ਜਿੱਤ ਕਰਾਰ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਹ ਮੁਲਜ਼ਮ ਦੀ ਗ੍ਰਿਫ਼ਤਾਰੀ ਤੱਕ ਆਪਣਾ ਧਰਨਾ ਜਾਰੀ ਰੱਖਣਗੇ।

ਜੰਤਰ ਮੰਤਰ ਵੱਲ ਵਧ ਰਹੇ 24 ਕਿਸਾਨ ਸਿੰਘੂ ਬਾਰਡਰ ’ਤੇ ਗ੍ਰਿਫ਼ਤਾਰ

ਨਵੀਂ ਦਿੱਲੀ: ਜੰਤਰ ਮੰਤਰ ’ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਨਾਲ ਇਕਜੁੱਟਤਾ ਜ਼ਾਹਿਰ ਕਰਨ ਲਈ ਦਿੱਲੀ ਪੁੱਜੇ ਕਿਸਾਨਾਂ ਨੂੰ ਪੁਲੀਸ ਨੇ ਅੱਜ ਸਿੰਘੂ ਬਾਰਡਰ ’ਤੇ ਰੋਕ ਲਿਆ। ਇਨ੍ਹਾਂ ਵਿਚੋਂ 24 ਕਿਸਾਨਾਂ ਨੂੰ ਪੁਲੀਸ ਨੇ ਮਗਰੋਂ ਹਿਰਾਸਤ ਵਿੱਚ ਲੈ ਲਿਆ। ਬੁੱਧਵਾਰ ਰਾਤ ਨੂੰ ਜੰਤਰ ਮੰਤਰ ’ਤੇ ਧਰਨਾਕਾਰੀ ਪਹਿਲਵਾਨਾਂ ਤੇ ਪੁਲੀਸ ਵਿਚਾਲੇ ਝੜਪ ਹੋ ਗਈ ਸੀ। ਪਹਿਲਵਾਨਾਂ ਨੇ ਪੁਲੀਸ ’ਤੇ ਸ਼ਰਾਬ ਦੇ ਨਸ਼ੇ ’ਚ ਉਨ੍ਹਾਂ ਨਾਲ ਬਦਸਲੂਕੀ ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ। ਹਾਲਾਂਕਿ ਪੁਲੀਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ। ਪਹਿਲਵਾਨ ਬਜਰੰਗ ਪੂਨੀਆ ਨੇ ਦੇਰ ਰਾਤ ਧਰਨੇ ਵਾਲੀ ਥਾਂ ਪੁਲੀਸ ਦੀ ਇਸ ਕਥਿਤ ਗੁੰਡਾਗਰਦੀ ਦਾ ਵਿਰੋਧ ਕਰਦਿਆਂ ਕਿਸਾਨ ਆਗੂਆਂ ਨੂੰ ਸੱਦਾ ਦਿੱਤਾ ਸੀ ਕਿ ਉਹ ਉਨ੍ਹਾਂ ਦੀ ਹਮਾਇਤ ਵਿੱਚ ਅੱਜ ਜੰਤਰ ਮੰਤਰ ’ਤੇ ਇਕੱਤਰ ਹੋਣ। ਦੇਰ ਰਾਤ ਹੋਈ ਤਕਰਾਰ ਮਗਰੋਂ ਪੁਲੀਸ ਨੇ ਦਿੱੱਲੀ ਦੀਆਂ ਸਰਹੱਦਾਂ ’ਤੇ ਗਸ਼ਤ ਤੇਜ਼ ਕਰਦਿਆਂ ਵੱਡੀਆਂ ਰੋਕਾਂ ਲਗਾ ਦਿੱਤੀਆਂ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਵੱਡੀ ਗਿਣਤੀ ਕਿਸਾਨ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਸਿੰਘੂ ਬਾਰਡਰ ’ਤੇ 24 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਇਹ ਸਾਰੇ ਹਰਿਆਣਾ ਦੇ ਵੱਖ ਵੱਖ ਸ਼ਹਿਰਾਂ ਨਾਲ ਸਬੰਧਤ ਹਨ। ਇਨ੍ਹਾਂ ਦੇ ਵਾਹਨ ਪੁਲੀਸ ਥਾਣੇ ਵਿੱਚ ਰੱਖੇ ਗਏ ਹਨ।’’ ਇਸ ਦੌਰਾਨ ਕਿਸਾਨ ਆਗੂ ਅਭਿਮਨਿਊ ਕੋਹਾਰ ਨੇ ਸਿੰਘੂ ਬਾਰਡਰ ’ਤੇ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ। ਕੋਹਾਰ ਨੇ ਕਿਹਾ, ‘‘ਦਿੱਲੀ ਪੁਲੀਸ ਨੇ ਸਾਨੂੰ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਤੇ ਬਜ਼ੁਰਗ ਕਿਸਾਨਾਂ ਦੀ ਕੁੱਟਮਾਰ ਕੀਤੀ। ਸਾਨੂੰ ਹੁਣ ਬਵਾਨਾ ਦੇ ਪੁਲੀਸ ਥਾਣੇ ’ਚ ਰੱਖਿਆ ਗਿਆ ਹੈ। ਜਿਨ੍ਹਾਂ ਲੋਕਾਂ ਦੀ ਜ਼ਮੀਰ ਜਿਊਂਦੀ ਹੈ, ਉਹ ਸਾਡੀਆਂ ਧੀਆਂ ਭੈਣਾਂ ਦੀ ਅਣਖ ਲਈ ਘਰਾਂ ’ਚੋਂ ਬਾਹਰ ਨਿਕਲਣ।’’ ਪੁਲੀਸ ਨੇ ਬੁੱਧਵਾਰ ਰਾਤ ਨੂੰ ਪਹਿਲਵਾਨਾਂ ਦੀ ਹਮਾਇਤ ’ਚ ਪੁੱਜੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਵੀ ਹਿਰਾਸਤ ਵਿਚ ਲੈ ਲਿਆ ਸੀ।