ਪਵਾਰ ਵੱਲੋਂ ਰਾਹੁਲ ਤੇ ਖੜਗੇ ਨਾਲ ਮੁਲਾਕਾਤ

ਪਵਾਰ ਵੱਲੋਂ ਰਾਹੁਲ ਤੇ ਖੜਗੇ ਨਾਲ ਮੁਲਾਕਾਤ

ਨਵੀਂ ਦਿੱਲੀ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਭਵਿੱਖੀ ਰੂਪ-ਰੇਖਾ ਤੇ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਗਈ। ਗੱਠਜੋੜ ਵੱਲੋਂ ਇਸ ਤੋਂ ਪਹਿਲਾਂ 31 ਅਗਸਤ ਤੇ 1 ਸਤੰਬਰ ਨੂੰ ਮੁੰਬਈ ’ਚ ਮੀਟਿੰਗ ਕੀਤੀ ਗਈ ਸੀ। ਸੂਤਰਾਂ ਨੇ ਕਿਹਾ ਕਿ ਮੁੰਬਈ ਤੋਂ ਬਾਅਦ ਇਸ ਗੱਠਜੋੜ ਦੀ ਮੀਟਿੰਗ ਨਹੀਂ ਹੋਈ ਹੈ ਅਤੇ ਇਨ੍ਹਾਂ ਵੱਲੋਂ ਜਲਦੀ ਹੀ ਅਗਲੀ ਮੀਟਿੰਗ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ 40 ਮਿੰਟ ਤੱਕ ਚੱਲੀ ਮੀਟਿੰਗ ਦੌਰਾਨ ਤਿੰਨੋਂ ਆਗੂਆਂ ਨੇ ਮੌਜੂਦਾ ਰਾਜਨੀਤਕ ਹਾਲਾਤ ਤੇ ਗੱਠਜੋੜ ਦੀ ਅਗਲੀ ਰਣਨੀਤੀ ਬਾਰੇ ਚਰਚਾ ਕੀਤੀ ਜੋ ਆਉਣ ਵਾਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ’ਚ ਭਾਜਪਾ ਨਾਲ ਮੁਕਾਬਲਾ ਕਰਨਾ ਚਾਹੁੰਦਾ ਹੈ। ਉਨ੍ਹਾਂ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਦੀ ਯੋਜਨਾ ਬਾਰੇ ਵੀ ਚਰਚਾ ਕੀਤੀ। ਖੜਗੇ ਨੇ ਬਾਅਦ ਵਿਚ ਪਵਾਰ ਨਾਲ ਮੀਟਿੰਗ ਦੀਆਂ ਤਸਵੀਰਾਂ ਐਕਸ ’ਤੇ ਸਾਂਝੀਆਂ ਕਰਦਿਆਂ ਲਿਖਿਆ, ‘ਭਵਿੱਖ ਵਿੱਚ ਦੇਸ਼ ਦੇ ਲੋਕਾਂ ਦੀ ਆਵਾਜ਼ ਉਠਾਉਣ ਲਈ ਅੱਜ ਸ੍ਰੀ ਰਾਹੁਲ ਗਾਂਧੀ ਜੀ ਨਾਲ ਐੱਨਸੀਪੀ ਮੁਖੀ ਸ੍ਰੀ ਸ਼ਰਦ ਪਵਾਰ ਜੀ ਨਾਲ ਮੁਲਾਕਾਤ ਕੀਤੀ।’ ਉਨ੍ਹਾਂ ਇੰਡੀਆ ਗੱਠਜੋੜ ਦੀ ਟੈਗਲਾਈਨ ‘ਜੁੜੇਗਾ ਭਾਰਤ, ਜੀਤੇਗਾ ਇੰਡੀਆ’ ਦੀ ਵਰਤੋਂ ਕਰਦਿਆਂ ਲਿਖਿਆ, ‘ਅਸੀਂ ਹਰ ਚੁਣੌਤੀ ਲਈ ਤਿਆਰ ਹਾਂ।’ ਸ਼ਰਦ ਪਵਾਰ ਨੇ ਐਕਸ ’ਤੇ ਲਿਖਿਆ, ‘ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਕੀਤੀ। ਮੀਟਿੰਗ ਵਿੱਚ ਸੰਸਦ ਮੈਂਬਰ ਰਾਹੁਲ ਗਾਂਧੀ, ਐੱਨਸੀਪੀ ਵਿਧਾਇਕ ਜੀਤੇਂਦਰ ਅਵਹਾਦ ਅਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਗੁਰਦੀਪ ਸੱਪਲ ਵੀ ਹਾਜ਼ਰ ਸਨ।’