ਪਲਾਟ ਘੁਟਾਲਾ: ਸੁੰਦਰ ਸ਼ਾਮ ਅਰੋੜਾ ਦਾ ਪੁਲੀਸ ਰਿਮਾਂਡ

ਪਲਾਟ ਘੁਟਾਲਾ: ਸੁੰਦਰ ਸ਼ਾਮ ਅਰੋੜਾ ਦਾ ਪੁਲੀਸ ਰਿਮਾਂਡ

ਅਦਾਲਤ ਨੇ ਐਸਪੀ ਸਿੰਘ ਤੇ ਅੰਕੁਰ ਚੌਧਰੀ ਨੂੰ ਜੇਲ੍ਹ ਭੇਜਿਆ
ਐਸ.ਏ.ਐਸ. ਨਗਰ (ਮੁਹਾਲੀ)- ਪੰਜਾਬ ਵਿਜੀਲੈਂਸ ਬਿਊਰੋ ਨੇ ਸਨਅਤੀ ਪਲਾਟ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਉਦਯੋਗ ਮੰਤਰੀ ਅਤੇ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫ਼ਤਾਰੀ ਪਾ ਲਈ ਹੈ। ਚੇਤੇ ਰਹੇ ਇਸੇ ਮਾਮਲੇ ਨੂੰ ਖੁਰਦ-ਬੁਰਦ ਕਰਨ ਲਈ ਜਾਂਚ ਅਧਿਕਾਰੀ ਤੇ ਵਿਜੀਲੈਂਸ ਬਿਊਰੋ ਦੇ ਏਆਈਜੀ ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਇਸ ਸਮੇਂ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਸੀ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀਂ ਭਾਜਪਾ ਆਗੂ ਅਰੋੜਾ ਨੂੰ ਵੱਡਾ ਝਟਕਾ ਦਿੰਦਿਆਂ 50 ਲੱਖ ਰਿਸ਼ਵਤ ਮਾਮਲੇ ਵਿੱਚ ਉਸ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਵਿਜੀਲੈਂਸ ਨੇ ਅੱਜ ਪ੍ਰੋਡਕਸ਼ਨ ਵਾਰੰਟ ’ਤੇ ਸਾਬਕਾ ਉਦਯੋਗ ਮੰਤਰੀ ਦੀ ਗ੍ਰਿਫ਼ਤਾਰੀ ਪਾ ਕੇ ਉਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਸ ਖ਼ਿਲਾਫ਼ ਮੁਹਾਲੀ ਦੇ ਵਿਜੀਲੈਂਸ ਥਾਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਅਦਾਲਤ ਵਿੱਚ ਵਿਜੀਲੈਂਸ ਨੇ ਅੱਜ ਇੱਕ ਅਰਜ਼ੀ ਦਾਇਰ ਕਰਕੇ ਸੁੰਦਰ ਸ਼ਾਮ ਅਰੋੜਾ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਮੁਹਾਲੀ ਸਥਿਤ ਫਿਲਿਪਸ ਕੰਪਨੀ ਦੀ ਬਹੁਕਰੋੜੀ ਜ਼ਮੀਨ ਨੂੰ ਰੀਐਲਟਰ ਫਰਮ, ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ਦੇ ਨਾਂ ਟਰਾਂਸਫਰ ਕਰਨ ਬਾਰੇ ਪੁੱਛਗਿੱਛ ਕਰਨੀ ਹੈ। ਇਸ ਮਾਮਲੇ ਵਿੱਚ ਉਕਤ ਫਰਮ ਦੇ ਤਿੰਨ ਭਾਈਵਾਲਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਧਰ, ਪਲਾਟ ਘੁਟਾਲੇ ਦੇ ਮਾਮਲੇ ਵਿੱਚ ਅਰੋੜਾ ਵੱਲੋਂ ਆਪਣੇ ਵਕੀਲ ਰਾਹੀਂ ਮੁਹਾਲੀ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ। ਵਿਜੀਲੈਂਸ ਦੀ ਦਲੀਲ ’ਤੇ ਅਦਾਲਤ ਨੇ ਭਾਜਪਾ ਆਗੂ ਦੀ ਜ਼ਮਾਨਤ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ।

ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਅੱਠ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚੋਂ ਐਸਪੀ ਸਿੰਘ ਅਤੇ ਅੰਕੁਰ ਚੌਧਰੀ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਦੋਵਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਜਦੋਂਕਿ ਬਾਕੀ ਮੁਲਜ਼ਮ ਅਧਿਕਾਰੀ ਪਹਿਲਾਂ ਹੀ ਜੇਲ੍ਹ ਵਿੱਚ ਹਨ।