ਪਰਾਲੀ ਸਾੜਨ ਤੋਂ ਰੋਕਣ ਲਈ ਹਰ ਸੰਭਵ ਕਦਮ ਚੁੱਕੇਗੀ ਸਰਕਾਰ: ਧਾਲੀਵਾਲ

ਪਰਾਲੀ ਦੇ ਪ੍ਰਬੰਧਨ ਲਈ ਸੂਬੇ ’ਚ 56 ਹਜ਼ਾਰ ਮਸ਼ੀਨਾਂ ਵੰਡਣ ਦਾ ਐਲਾਨ; 15 ਤੋਂ ਬਾਅਦ ਫੀਲਡ ’ਚ ਰਹਿਣਗੇ ਖੇਤੀ ਵਿਭਾਗ ਦੇ ਅਧਿਕਾਰੀ

ਲੁਧਿਆਣਾ-ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਝੋਨੇ ਦੀ ਵਾਢੀ ਦੇ ਆਗਾਮੀ ਸੀਜ਼ਨ ਦੌਰਾਨ ਪਰਾਲੀ ਸਾੜਨ ਤੋਂ ਰੋਕਣ ਲਈ ਹਰ ਸੰਭਵ ਕਦਮ ਚੁੱਕੇਗੀ। ਇੱਥੇ ਸਰਕਟ ਹਾਊਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਪਰਾਲੀ ਦੇ ਪ੍ਰਬੰਧਨ ਲਈ ਕਮਰਕੱਸੇ ਕਰ ਲਏ ਹਨ ਅਤੇ ਇਸ ਸੀਜ਼ਨ ਵਿੱਚ ਪਰਾਲੀ ਦੇ ਢੁੱਕਵੇਂ ਪ੍ਰਬੰਧਨ ਲਈ 56000 ਮਸ਼ੀਨਾਂ ਵੰਡੀਆਂ ਜਾਣਗੀਆਂ, ਜਿਸ ਨਾਲ ਸੂਬੇ ਵਿੱਚ ਮਸ਼ੀਨਾਂ ਦੀ ਕੁੱਲ ਗਿਣਤੀ 1,46,422 ਹੋ ਜਾਵੇਗੀ। ਇਸ ਤੋਂ ਪਹਿਲਾਂ 2018 ਤੋਂ 2022 ਤੱਕ ਕਿਸਾਨਾਂ ਨੂੰ 90,422 ਮਸ਼ੀਨਾਂ ਵੰਡੀਆਂ ਜਾ ਚੁੱਕੀਆਂ ਹਨ।

ਇਸ ਸਾਲ ਮਸ਼ੀਨਾਂ ਦੀ ਵੰਡ ਦੇ ਪ੍ਰੋਗਰਾਮ ਵਿੱਚ ਨਵੀਂ ਪਹਿਲ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਹੁਣ ਛੋਟੇ ਕਿਸਾਨਾਂ ਨੂੰ ਵੀ ਸੁਪਰਸੀਡਰ, ਹੈਪੀ ਸੀਡਰ, ਜ਼ੀਰੋ ਡਰਿੱਲ ਵਰਗੀਆਂ ਮਸ਼ੀਨਾਂ ਮਿਲਣਗੀਆਂ ਕਿਉਂਕਿ ਅਜਿਹੀਆਂ 500 ਮਸ਼ੀਨਾਂ ਸੂਬੇ ਦੇ 154 ਬਲਾਕਾਂ ਵਿੱਚ ਭੇਜੀਆਂ ਜਾਣਗੀਆਂ।

ਸ੍ਰੀ ਧਾਲੀਵਾਲ ਨੇ ਦੱਸਿਆ ਕਿ 15 ਸਤੰਬਰ ਤੋਂ ਬਾਅਦ ਉਨ੍ਹਾਂ ਸਮੇਤ ਖੇਤੀਬਾੜੀ ਵਿਭਾਗ ਦੇ ਦਰਜਾ ਚਾਰ ਮੁਲਾਜ਼ਮਾਂ ਤੋਂ ਲੈ ਕੇ ਡਾਇਰੈਕਟਰ ਰੈਂਕ ਤੱਕ ਦੇ ਅਧਿਕਾਰੀ ਫੀਲਡ ਵਿੱਚ ਹੀ ਰਹਿਣਗੇ ਅਤੇ ਘਰ-ਘਰ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਕਰਨਗੇ।ਇਸ ਦੌਰਾਨ ਸ੍ਰੀ ਧਾਲੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਕਈ ਕਿਸਾਨ ਖੇਤੀ ਸੰਦਾਂ ’ਤੇ ਸਬਸਿਡੀ ਦਾ ਲਾਭ ਲੈਣ ਵਿੱਚ ਅਸਫਲ ਰਹੇ ਅਤੇ ਖੇਤੀ ਸੰਦਾਂ ’ਤੇ ਸਬਸਿਡੀ ਵਿੱਚ 150 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ, ਜਿਸ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ ਗਈ ਹੈ। ਇਸ ਮੌਕੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਜੀਵਨ ਸਿੰਘ ਸੰਗੋਵਾਲ, ਗੁਰਪ੍ਰੀਤ ਬੱਸੀ ਗੋਗੀ ਤੇ ਦਲਜੀਤ ਸਿੰਘ ਗਰੇਵਾਲ ਆਦਿ ਵੀ ਹਾਜ਼ਰ ਸਨ।

ਕੇਂਦਰ ਵੱਲੋਂ ਨਕਦ ਲਾਭ ਦੀ ਤਜਵੀਜ਼ ਠੁਕਰਾਉਣਾ ਕਿਸਾਨ ਵਿਰੋਧੀ ਕਰਾਰ

ਕੈਬਨਿਟ ਮੰਤਰੀ ਸ੍ਰੀ ਧਾਲੀਵਾਲ ਨੇ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਨਕਦ ਲਾਭ ਦੇਣ ਦੀ ਤਜਵੀਜ਼ ਕੇਂਦਰ ਵੱਲੋਂ ਠੁਕਰਾਏ ਜਾਣ ਦੇ ਫ਼ੈਸਲੇ ਨੂੰ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਦੇਣ ਦੀ ਤਜਵੀਜ਼ ਰੱਖੀ ਸੀ, ਜਿਸ ਵਿੱਚ ਇਹ ਸੁਝਾਅ ਪੇਸ਼ ਕੀਤਾ ਗਿਆ ਸੀ ਕਿ ਇਸ ਰਾਸ਼ੀ ਵਿੱਚੋਂ 1500 ਰੁਪਏ ਪ੍ਰਤੀ ਏਕੜ ਕੇਂਦਰ ਸਰਕਾਰ ਜਦੋਂ ਕਿ 1000 ਰੁਪਏ ਪ੍ਰਤੀ ਏਕੜ ਪੰਜਾਬ ਅਤੇ ਦਿੱਲੀ ਸਰਕਾਰਾਂ ਵੱਲੋਂ ਦਿੱਤੇ ਜਾਣਗੇ ਪਰ ਕੇਂਦਰ ਨੇ ਇਹ ਤਜਵੀਜ਼ ਠੁਕਰਾ ਦਿੱਤੀ ਜੋ ਕਿ ਨਿੰਦਣਯੋਗ ਹੈ।

‘ਸੂਬੇ ਦੀ ਸ਼ਾਂਤੀ ਬਰਕਰਾਰ ਰੱਖਣ ਲਈ ਸਰਕਾਰ ਵਚਨਬੱਧ’

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਬ੍ਰਹਮ ਸ਼ੰਕਰ ਜਿੰਪਾ ਨੇ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰੱਖਣ ਸਬੰਧੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਿੱਤਾਂ ਨੂੰ ਪਹਿਲ ਦੇਣਾ ਹਰ ਪੰਜਾਬੀ ਦਾ ਫ਼ਰਜ਼ ਹੈ। ਇੱਥੇ ਇਕ ਸੰਸਥਾ ਵੱਲੋਂ ਕਰਵਾਏ ਗਏ ਰਾਸ਼ਨ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਦੋਵੇਂ ਮੰਤਰੀਆਂ ਨੇ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਸੂਬੇ ਦੀ ਸ਼ਾਂਤੀ ਨੂੰ ਲੀਹੋਂ ਲਾਹੁਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਤਾਕਤਾਂ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।