ਪਰਾਲੀ ਨਾ ਸਾੜਨ ਵਾਲੀ ਪੰਚਾਇਤ ਨੂੰ ਇਕ ਲੱਖ ਰੁਪਏ ਦੇਵਾਂਗੇ: ਸੰਧਵਾਂ

ਪਰਾਲੀ ਨਾ ਸਾੜਨ ਵਾਲੀ ਪੰਚਾਇਤ ਨੂੰ ਇਕ ਲੱਖ ਰੁਪਏ ਦੇਵਾਂਗੇ: ਸੰਧਵਾਂ

ਕੋਟਕਪੂਰਾ-ਪੰਜਾਬ ਵਿਚ ਪਰਾਲੀ ਸਾੜਨ ਦਾ ਮਸਲਾ ਇਸ ਵੇਲੇ ਕਾਫੀ ਭਖ਼ਿਆ ਹੋਇਆ ਹੈ। ਕੇਂਦਰ ਅਤੇ ਸੂਬਾ ਸਰਕਾਰ ਵਿਚਾਲੇ ਇੱਕ-ਦੂਜੇ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਜਾਰੀ ਹੈ। ਅੱਜ ਪਿੰਡ ਸੰਧਵਾਂ ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪਰਾਲੀ ਦੇ ਮੁੱਦੇ ’ਤੇ ਗੰਭੀਰ ਨਾ ਹੋਣ ਦੇ ਲਾਏ ਦੋਸ਼ ’ਤੇ ਪਲਟ ਵਾਰ ਕਰਦਿਆਂ ਆਖਿਆ ਕਿ ਅਸਲ ਵਿੱਚ ਨਰਿੰਦਰ ਸਿੰਘ ਤੋਮਰ ਨੂੰ ਪੰਜਾਬ ਦੀ ਖੇਤੀਬਾੜੀ ਕੋਈ ਸਮਝ ਨਹੀਂ। ਇਥੇ ਫ਼ਰੀਦਕੋਟ ਦੀ ਭਾਈ ਘਨ੍ਹੱਈਆ ਕੈਂਸਰ ਰੋਕੂ ਸੇਵਾ ਸੁਸਾਇਟੀ, ਖੇਤੀ ਵਿਰਾਸਤ ਮਿਸ਼ਨ ਅਤੇ ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਵੱਲੋਂ ਪਿੰਡ ਸੰਧਵਾਂ ਵਿੱਚ ਸਾਂਝੇ ਤੌਰ ’ਤੇ ਪੰਜਾਬ ਦੇ 400 ਤੋਂ ਵੱਧ ਅਜਿਹੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪਰਾਲੀ ਨਹੀਂ ਫੂਕੀ ਜਾ ਰਹੀ, ਸਗੋਂ ਇਹ ਕਿਸਾਨ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਬਾਬਾ ਫ਼ਰੀਦ ਕਾਲਜ ਆਫ ਨਰਸਿੰਗ ਦੇ ਆਡੀਟੋਰੀਅਮ ਹਾਲ ਵਿੱਚ ਕਰਵਾਏ ਗਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪਿੰਗਲਵਾੜਾ ਆਸ਼ਰਮ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ, ਪੀਏਯੂ ਦੇ ਵਾਈਸ ਚਾਂਸਲਰ ਡਾ. ਐੱਸਐੱਸ ਗੋਮਲ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸ੍ਰੀ ਸੰਧਵਾਂ ਨੇ ਆਖਿਆ ਕਿ ਪੰਜਾਬ ਵਿੱਚ ਜਿਹੜੀ ਵੀ ਪੰਚਾਇਤ ਆਪਣੇ ਪਿੰਡ ਵਿੱਚ ਪਰਾਲੀ ਨਾ ਸਾੜਨ ਦੀ ਤਸਦੀਕ ਕਰ ਦੇਵੇਗੀ, ਉਸ ਨੂੰ ਉਹ ਇੱਕ ਲੱਖ ਰੁਪਏ ਦੀ ਗਰਾਂਟ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਦੇਣਗੇ।