ਪਰਵਾਸੀ ਮਜ਼ਦੂਰਾਂ ਨੇ ਗੁਰਦੁਆਰੇ ਵਿੱਚ ਕੀਤੀ ਬੇਅਦਬੀ

ਪਰਵਾਸੀ ਮਜ਼ਦੂਰਾਂ ਨੇ ਗੁਰਦੁਆਰੇ ਵਿੱਚ ਕੀਤੀ ਬੇਅਦਬੀ

ਇਕ ਨੂੰ ਗ੍ਰੰਥੀ ਸਿੰਘ ਨੇ ਮੌਕੇ ’ਤੇ ਫੜਿਆ; ਸੰਗਤ ਦੇ ਰੋਹ ਮਗਰੋਂ ਪੁਲੀਸ ਵੱਲੋਂ ਦੂਜਾ ਮੁਲਜ਼ਮ ਵੀ ਕਾਬੂ
ਗੁਰਾਇਆ-ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪਰਵਾਸੀ ਮਜ਼ਦੂਰਾਂ ਨੇ ਗੁਰਦੁਆਰੇ ’ਚ ਦਾਖ਼ਲ ਹੋ ਕੇ ਬੇਅਦਬੀ ਕੀਤੀ। ਜਦੋਂ ਗ੍ਰੰਥੀ ਪਰਮਜੀਤ ਸਿੰਘ ਪ੍ਰਕਾਸ਼ ਕਰਨ ਲਈ ਸਵੇਰੇ ਕਰੀਬ 5 ਵਜੇ ਦਰਬਾਰ ਸਾਹਿਬ ’ਚ ਦਾਖ਼ਲ ਹੋਏ ਤਾਂ ਦੇਖਿਆ ਕਿ ਦੋ ਵਿਅਕਤੀ ਅੰਦਰ ਸਨ ਅਤੇ ਉਹ ਉਨ੍ਹਾਂ ’ਤੇ ਹਮਲਾ ਕਰਨ ਲਈ ਅੱਗੇ ਵਧੇ। ਉਨ੍ਹਾਂ ਹਿੰਮਤ ਕਰਕੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ।

ਦੋਸ਼ੀਆਂ ਨੇ ਗੁਰਦੁਆਰੇ ਅੰਦਰ ਸ਼ਰਾਬ ਪੀਣ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਚ ਪਾਨ ਖਾ ਕੇ ਥੁੱਕਣ ਅਤੇ ਪੀੜਾ ਸਾਹਿਬ ਨਾਲ ਛੇੜਛਾੜ ਕੀਤੀ ਸੀ। ਉਨ੍ਹਾਂ ਗੋਲਕ ਦਾ ਤਾਲਾ ਵੀ ਤੋੜਿਆ ਸੀ ਪਰ ਸੈਂਟਰਲ ਲਾਕ ਨਾ ਖੁੱਲ੍ਹਣ ਕਾਰਨ ਗੋਲਕ ਨਹੀਂ ਖੁੱਲ੍ਹ ਸਕੀ। ਜਿਵੇਂ ਹੀ ਗੁਰਦੁਆਰੇ ’ਚ ਬੇਅਦਬੀ ਦੀ ਖ਼ਬਰ ਫੈਲੀ ਤਾਂ ਆਸ-ਪਾਸ ਦੇ ਪਿੰਡਾਂ ਤੋਂ ਸੰਗਤ ਉਥੇ ਪਹੁੰਚਣੀ ਸ਼ੁਰੂ ਹੋ ਗਈ। ਉਨ੍ਹਾਂ ਕਾਬੂ ਕੀਤੇ ਦੋਸ਼ੀ ਨੂੰ ਪੁਲੀਸ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਹਰਜਿੰਦਰ ਸਿੰਘ ਲੱਲੀਆਂ, ਗੁਰਦੁਆਰਾ ਪ੍ਰਧਾਨ ਅਮਰੀਕ ਸਿੰਘ ਅਤੇ ਹਾਜ਼ਰ ਸੰਗਤ ਨੇ ਮੰਗ ਕੀਤੀ ਕਿ ਜਦੋਂ ਤੱਕ ਬੇਅਦਬੀ ਕਰਾਉਣ ਵਾਲੀਆਂ ਤਾਕਤਾਂ ਦਾ ਪਤਾ ਨਹੀਂ ਲੱਗਦਾ, ਉਦੋਂ ਤੱਕ ਉਹ ਫੜੇ ਗਏ ਵਿਅਕਤੀ ਨੂੰ ਪੁਲੀਸ ਹਵਾਲੇ ਨਹੀਂ ਕਰਨਗੇ।

ਐੱਸਐੱਸਪੀ ਸਵਪਨਦੀਪ ਸਿੰਘ, ਡੀਐੱਸਪੀ ਜਗਦੀਸ਼ ਰਾਜ, ਡੀਐੱਸਪੀ ਸਰਬਜੀਤ ਰਾਏ ਆਦਮਪੁਰ, ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ, ਗੁਰਾਇਆ ਦੇ ਐੱਸਐੱਚਓ, ਫਿਲੌਰ ਦੇ ਐੱਸਐੱਚਓ ਭਾਰੀ ਪੁਲੀਸ ਬਲ ਸਮੇਤ ਗੁਰਦੁਆਰੇ ਪਹੁੰਚੇ। ਪੁਲੀਸ ਅਨੁਸਾਰ ਬੇਅਦਬੀ ਕਰਨ ਵਾਲੇ ਦੂਸਰੇ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਸੰਗਤ ਨੇ ਗੁਰਦੁਆਰੇ ਦੀ ਪਵਿੱਤਰਤਾ ਲਈ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਪੁਲੀਸ ਮੁਤਾਬਕ ਦੋਸ਼ੀ ਨਜ਼ਦੀਕੀ ਪਿੰਡ ਦੁਸਾਂਝ ਖੁਰਦ ’ਚ ਇੱਕ ਮਜਾਰ ਦੇ ਡੇਰੇ ਨਜ਼ਦੀਕ ਰਹਿੰਦੇ ਹਨ। ਦੇਰ ਸ਼ਾਮ ਪ੍ਰਬੰਧਕ ਕਮੇਟੀ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਇਸ ਗੱਲ ’ਤੇ ਸਹਿਮਤੀ ਬਣੀ ਕਿ ਦੋਸ਼ੀ ਸੁਰੇਸ਼ ਅਤੇ ਬੁੱਧੂ ਖਿਲਾਫ਼ 295 ਏ ਅਤੇ 307 ਦਾ ਪਰਚਾ ਦਰਜ ਕੀਤਾ ਜਾਵੇਗਾ। ਇਸ ਮਗਰੋਂ ਉਨ੍ਹਾਂ ਦੂਜੇ ਵਿਅਕਤੀ ਨੂੰ ਪੁਲੀਸ ਹਵਾਲੇ ਕਰ ਦਿੱਤਾ।