ਪਰਮੀਤ ਸਿੰਘ ਬੋਪਾਰਾਏ ਕੈਨੇਡਾ ਵਿੱਚ ਵਿਧਾਇਕ ਬਣਿਆ

ਪਰਮੀਤ ਸਿੰਘ ਬੋਪਾਰਾਏ ਕੈਨੇਡਾ ਵਿੱਚ ਵਿਧਾਇਕ ਬਣਿਆ

ਪਾਇਲ- ਇਤਿਹਾਸਕ ਪਿੰਡ ਘੁਡਾਣੀ ਕਲਾਂ ਦੇ ਜੰਮਪਲ ਪਰਮੀਤ ਸਿੰਘ ਬੋਪਾਰਾਏ ਨੇ ਪਿਛਲੇ ਦਿਨੀਂ ਕੈਨੇਡਾ ਦੇ ਕੈਲਗਰੀ ਵਿੱਚ ਹੋਈਆਂ (ਐਮਪੀਪੀ) ਸੂਬਾਈ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਪਰਮੀਤ ਸਿੰਘ ਬੋਪਾਰਾਏ ਨੇ ਵਿਧਾਨ ਸਭਾ ਹਲਕਾ ਫਾਲਕਨਰਿੱਜ ਤੋਂ ਐੱਨਡੀਪੀ ਉਮੀਦਵਾਰ ਵਜੋਂ ਚੋਣ ਲੜੀ ਸੀ ਤੇ 2,721 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲੀਆਂ ਚੋਣਾਂ ਵਿੱਚ ਪਰਮੀਤ ਸਿੰਘ ਥੋੜੇ ਫਰਕ ਨਾਲ ਹੀ ਹਾਰੇ ਸਨ। ਪਰਮੀਤ ਸਿੰਘ ਬੋਪਾਰਾਏ ਦਾ ਜਨਮ ਪਿਤਾ ਬਲਵਿੰਦਰ ਸਿੰਘ ਬੋਪਾਰਾਏ ਅਤੇ ਮਾਤਾ ਕੁਲਜਿੰਦਰ ਕੌਰ ਦੀ ਘਰ 27 ਮਈ 1984 ਨੂੰ ਹੋਇਆ। ਪਰਮੀਤ ਸਿੰਘ ਦੇ ਦੋ ਬੱਚੇ ਇੱਕ ਲੜਕੀ ਅਤੇ ਇੱਕ ਲੜਕਾ ਹਨ। ਪਰਮੀਤ ਸਿੰਘ ਨੇ ਮੁੱਢਲੀ ਸਿੱਖਿਆ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਤੋਂ ਪ੍ਰਾਪਤ ਕੀਤੀ, ਥਾਪਰ ਕਾਲਜ ਪਟਿਆਲਾ ਤੋਂ ਤਿੰਨ ਸਾਲ ਦਾ ਡਿਪਲੋਮਾ ਅਤੇ ਮਲੋਟ ਤੋਂ ਇੰਜਨੀਅਰ ਦੀ ਡਿਗਰੀ ਹਾਸਲ ਕੀਤੀ। ਵਿਆਹ ਕਰਵਾਉਣ ਤੋਂ ਬਾਅਦ ਸਾਲ 2008 ਵਿੱਚ ਹਰਮੀਤ ਸਿੰਘ ਬੋਪਾਰਾਏ ਕੈਨੇਡਾ ਚਲੇ ਗਏ, ਜਿੱਥੇ ਉਨ੍ਹਾਂ ਆਪਣੇ ਮਾਤਾ ਪਿਤਾ ਦੇ ਬਿਜਨਸ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਪਰਮੀਤ ਸਿੰਘ ਬੋਪਾਰਾਏ ਦੇ ਪਿਤਾ ਬਲਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪਰਮੀਤ ਸਿੰਘ ਸਮਾਜਿਕ, ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਰਿਹਾ। ਉਨ੍ਹਾਂ ਕਿਹਾ ਕਿ ਕੈਨੇਡਾ ਪਹੁੰਚਣ ਤੋਂ ਕੁੱਝ ਸਮਾਂ ਬਾਅਦ ਹਰਮੀਤ ਸਿੰਘ ਬੋਪਾਰਾਏ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਫਿਰ ਉਹ ਗੁਰਦੁਆਰਾ ਦਸਮੇਸ਼ ਕਲਚਰ ਕੈਲਗਰੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਹਰਮੀਤ ਸਿੰਘ ਬੋਪਾਰਾਏ ਦੀ ਕਾਰਜਸ਼ੈਲੀ ਨੂੰ ਵੇਖਦੇ ਹੋਏ ਖਾਲਸਾ ਸਕੂਲ ਕੈਲਗਰੀ ਦੇ ਸਰਬਸੰਮਤੀ ਨਾਲ ਚੇਅਰਮੈਨ ਚੁਣੇ ਗਏ। ਪਰਮੀਤ ਸਿੰਘ ਹੁਣ ਐੱਨਡੀਪੀ ਦੇ ਉਪ ਪ੍ਰਧਾਨ ਵੀ ਹਨ। ਪਰਮੀਤ ਸਿੰਘ ਦੇ ਜੱਦੀ ਪਿੰਡ ਘੁਡਾਣੀ ਕਲਾਂ ਵਿੱਚ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲ‌ਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਮੀਤ ਸਿੰਘ ਬੋਪਾਰਾਏ ਦੇ ਘਰ ਵਿੱਚ ਰਹਿੰਦੀ ਬਜ਼ੁਰਗ ਦਾਦੀ ਮਨਜੀਤ ਕੌਰ ਤੇ ਉਨ੍ਹਾਂ ਦੇ ਤਾਇਆ ਹਰਨੈਲ ਸਿੰਘ ਨੇ ਖ਼ੁਸ਼ੀ ਵਿੱਚ ਭਾਵੁਕ ਹੁੰਦੇ ਹੋਏ ਕਿਹਾ ਕਿ ਉਹ ਖੁਸ਼ੀ ਫੁੱਲੇ ਨਹੀਂ ਸਮਾ ਰਹੇ। ਇਸ ਜਿੱਤ ਦੀ ਖੁਸ਼ੀ ਵਿੱਚ ਪਿੰਡ ਦੇ ਸਰਪੰਚ ਹਰਿੰਦਰਪਾਲ ਸਿੰਘ ਹਨੀ ਨੇ ਪਰਮੀਤ ਸਿੰਘ ਦੀ ਦਾਦੀ ਮਨਜੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਪਰਿਵਾਰ ਨੂੰ ਵਧਾਈ ਦਿੱਤੀ ਹੈ।