ਪਪਲਪ੍ਰੀਤ ਦੀ ਡੇਰੇ ’ਚ ਮੌਜੂਦਗੀ ਬਾਰੇ ਸੀਸੀਟੀਵੀ ਫੁਟੇਜ ਵਾਇਰਲ

ਪਪਲਪ੍ਰੀਤ ਦੀ ਡੇਰੇ ’ਚ ਮੌਜੂਦਗੀ ਬਾਰੇ ਸੀਸੀਟੀਵੀ ਫੁਟੇਜ ਵਾਇਰਲ

ਪੁਲੀਸ ਨੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਹਿਯੋਗੀ ਦੀ ਭਾਲ ਲਈ ਕਾਰਵਾਈ ਤੇਜ਼ ਕੀਤੀ
ਚੰਡੀਗੜ੍ਹ,- ਸੰਸਥਾ ‘ਵਾਰਿਸ ਪੰਜਾਬ ਦੇ’ ਫ਼ਰਾਰ ਆਗੂ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਹਿਯੋਗੀ ਪਪਲਪ੍ਰੀਤ ਸਿੰਘ ਬਾਰੇ ਨਸ਼ਰ ਹੋਈ ਇਕ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਪਪਲਪ੍ਰੀਤ ਹੁਸ਼ਿਆਰਪੁਰ ਇਲਾਕੇ ਦੇ ਇਕ ਪਿੰਡ ਦੇ ਡੇਰੇ ਵਿੱਚ ਮੌਜੂਦ ਹੈ ਜਦੋਂਕਿ ਪੁਲੀਸ ਵੱਲੋਂ ਹੁਸ਼ਿਆਪੁਰ ਜ਼ਿਲ੍ਹੇ ਵਿੱਚ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਵੇਰਵਿਆਂ ਅਨੁਸਾਰ ਇਹ ਵੀਡੀਓ ਫੁਟੇਜ 29 ਮਾਰਚ ਦੀ ਹੈ ਤੇ ਇਸ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਪੁਲੀਸ ਦੇ ਚੌਕਸੀ ਵਿਭਾਗ ਦੀ ਟੀਮ ਨੇ ਫਗਵਾੜਾ ਤੋਂ ਇਕ ਇਨੋਵਾ ਗੱਡੀ ਦਾ ਪਿੱਛਾ ਕੀਤਾ ਸੀ। ਸ਼ੱਕ ਕੀਤਾ ਗਿਆ ਸੀ ਇਸ ਗੱਡੀ ਵਿੱਚ ਅੰਮ੍ਰਿਤਪਾਲ ਸਿੰਘ ਤੇ ਉਸ ਦਾ ਸਹਿਯੋਗੀ ਪਪਲਪ੍ਰੀਤ ਸਵਾਰ ਸਨ।

ਵਾਇਰਲ ਹੋਈ ਫੁਟੇਜ ਵਿੱਚ ਜਿਸ ਡੇਰੇ ਨੂੰ ਦਿਖਾਇਆ ਗਿਆ ਹੈ ਉਹ ਹੁਸ਼ਿਆਰਪੁਰ ਇਲਾਕੇ ਦੇ ਪਿੰਡ ਤਨੌਲੀ ਵਿੱਚ ਸਥਿਤ ਹੈ ਜਿਥੇ ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਸੂਤਰਾਂ ਅਨੁਸਾਰ ਡੇਰੇ ਦੀ ਫੁਟੇਜ ਵਿੱਚ ਬੁੱਧਵਾਰ ਸਵੇਰੇ ਪਪਲਪ੍ਰੀਤ ਨੂੰ ਦੇਖਿਆ ਗਿਆ। ਇਸੇ ਦੌਰਾਨ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਹੁਸ਼ਿਆਰਪੁਰ ਇਲਾਕੇ ਵਿੱਚ ਉਸ ਵੇਲੇ ਵੱਖਰੇ ਹੋ ਗਏ ਸਨ ਜਦੋਂ ਪੁਲੀਸ ਉਨ੍ਹਾਂ ਦੀ ਇਨੋਵਾ ਗੱਡੀ ਦਾ ਪਿੱਛਾ ਕਰ ਰਹੀ ਸੀ।

ਕਾਬਿਲੇਗੌਰ ਹੈ ਕਿ 18 ਮਾਰਚ ਨੂੰ ਪੁਲੀਸ ਨੇ ਸੰਸਥਾ ‘ਵਾਰਿਸ ਪੰਜਾਬ ਦੇ’ ਖ਼ਿਲਾਫ਼ ਕਾਰਵਾਈ ਆਰੰਭੀ ਸੀ। ਉਸ ਸਮੇਂ ਤੋਂ ਹੀ ਅੰਮ੍ਰਿਤਪਾਲ ਸਿੰਘ ਫਰਾਰ ਹੈ। ਹਾਲ ਹੀ ਵਿੱਚ ਉਸ ਨੇ ਸੋਸ਼ਲ ਮੀਡੀਆ ’ਤੇ ਦੋ ਵੀਡੀਓਜ਼ ਤੇ ਇਕ ਆਡੀਓ ਨਸ਼ਰ ਕੀਤੀ ਹੈ।