ਪਤੀ ਦੀ ਖੁਦਕੁਸ਼ੀ ਮਗਰੋਂ ਵੀ ਮਨਪ੍ਰੀਤ ਸਿਰੋਂ ਨਾ ਲੱਥੀ ਕਰਜ਼ੇ ਦੀ ਪੰਡ

ਪਤੀ ਦੀ ਖੁਦਕੁਸ਼ੀ ਮਗਰੋਂ ਵੀ ਮਨਪ੍ਰੀਤ ਸਿਰੋਂ ਨਾ ਲੱਥੀ ਕਰਜ਼ੇ ਦੀ ਪੰਡ

ਚਾਰ ਧੀਆਂ ਨੂੰ ਇਕੱਲੀ ਪਾਲ ਰਹੀ ਹੈ ਕੈਰੇ ਦੀ ਮਨਪ੍ਰੀਤ; ਪੀੜਤ ਪਰਿਵਾਰ ਨੂੰ ਨਾ ਮਿਲੀ ਵਿਧਵਾ ਪੈਨਸ਼ਨ ਤੇ ਨਾ ਕੋਈ ਹੋਰ ਸਹੂਲਤ
ਟੱਲੇਵਾਲ-ਪਿੰਡ ਕੈਰੇ ਦਾ ਕਿਸਾਨ ਸੁਰਜੀਤ ਸਿੰਘ ਦੋ ਕਿੱਲੇ ਪੈਲੀ ਸਹਾਰੇ ਆਪਣੀ ਪਤਨੀ ਮਨਪ੍ਰੀਤ ਤੇ ਚਾਰ ਧੀਆਂ ਨਾਲ ਗੁਜ਼ਾਰਾ ਕਰ ਰਿਹਾ ਸੀ। ਘਰ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਸੁਰਜੀਤ ਨੇ ਕਰਜ਼ਾ ਚੁੱਕ ਕੇ ਡੰਗ ਤਾਂ ਸਾਰ ਲਿਆ, ਪਰ ਉਸ ਦੇ ਸਿਰ ਚੜ੍ਹੇ ਇਸ ਕਰਜ਼ੇ ਦਾ ਭਾਰ ਹੌਲੀ ਹੌਲੀ ਇੰਨਾ ਵੱਧ ਗਿਆ ਕਿ ਉਹ ਆਪਣੇ ਪੈਰਾਂ ਸਿਰ ਖੜ੍ਹਨ ਤੋਂ ਵੀ ਅਸਮਰੱਥ ਹੋ ਗਿਆ।

ਇਸ ਕਰਜ਼ੇ ਦੇ ਭਾਰ ਹੇਠ ਦਬੇ ਸੁਰਜੀਤ ਨੇ ਅਖੀਰ 7 ਸਤੰਬਰ 2022 ਨੂੰ ਸਪਰੇਅ ਪੀ ਲਈ। ਉਸ ਨੂੰ ਲੁਧਿਆਣਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਇਲਾਜ ’ਤੇ ਢਾਈ ਲੱਖ ਦਾ ਖਰਚਾ ਆਇਆ, ਪਰ ਸੁਰਜੀਤ ਨੂੰ ਬਚਾਇਆ ਨਾ ਜਾ ਸਕਿਆ। ਸੁਰਜੀਤ ਦੀ ਮੌਤ ਮਗਰੋਂ ਪਿੱਛੇ ਰਹਿ ਗਈ ਉਸ ਦੀ ਵਿਧਵਾ ’ਤੇ ਕਰਜ਼ਾ ਲਾਹੁਣ ਸਣੇ ਚਾਰ ਧੀਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਆਣ ਪਈ। ਸੁਰਜੀਤ ਦੀ ਵਿਧਵਾ ਮਨਪ੍ਰੀਤ ਦੇ ਸਿਰ ਇਸ ਵੇਲੇ 5 ਲੱਖ ਰੁਪਏ ਦਾ ਪ੍ਰਾਈਵੇਟ ਤੇ 46 ਹਜ਼ਾਰ ਦਾ ਸਰਕਾਰੀ ਕਰਜ਼ਾ ਚੜ੍ਹਿਆ ਹੋਇਆ ਹੈ। ਦੋ ਕਿੱਲਿਆਂ ਆਸਰੇ ਇਸ ਕਰਜ਼ੇ ਨੂੰ ਲਾਹ ਸਕਣਾ ਉਸ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਇਸ ਨਾਲ ਤਾਂ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੁੰਦਾ ਹੈ ਤੇ ਉੱਤੋਂ ਚਾਰ ਧੀਆਂ ਦੀ ਪੜ੍ਹਾਈ ਤੇ ਉਨ੍ਹਾਂ ਦੇ ਵਿਆਹਾਂ ਦੀ ਚਿੰਤਾ ਨੇ ਮਨਪ੍ਰੀਤ ਦੀ ਪਿੱਠ ਦੂਹਰੀ ਕਰ ਦਿੱਤੀ ਹੈ। ਮਨਪ੍ਰੀਤ ਦੀ ਸਭ ਤੋਂ ਵੱਡੀ ਧੀ ਬਾਰ੍ਹਵੀਂ, ਉਸ ਤੋਂ ਛੋਟੀ ਗਿਆਰਵੀਂ ਤੇ ਤੀਜੀ ਬੇਟੀ ਅੱਠਵੀਂ ਕਲਾਸ ਵਿੱਚ ਪੜ੍ਹ ਰਹੀ ਹੈ। ਸਭ ਤੋਂ ਛੋਟੀ ਧੀ ਹਾਲੇ ਸਿਰਫ਼ ਢਾਈ ਵਰ੍ਹਿਆਂ ਦੀ ਹੈ। ਹਾਲਾਂਕਿ ਮਨਪ੍ਰੀਤ ਦਾ ਜੇਠ ਖੇਤੀ ’ਚ ਹੱਥ ਵਟਾਉਂਦਾ ਹੈ, ਪਰ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਅਤੇ ਖ਼ੁਦ ਦੀ ਕਬੀਲਦਾਰੀ ਹੋਣ ਕਾਰਨ ਉਹ ਬਹੁਤਾ ਕੁਝ ਨਹੀਂ ਕਰ ਸਕਦਾ।

ਪੀੜਤ ਪਰਿਵਾਰ ਨੂੰ ਹਾਲੇ ਤੱਕ ਕੋਈ ਸਰਕਾਰੀ ਮਦਦ ਨਹੀਂ ਮਿਲੀ ਹੈ। ਖ਼ੁਦਕੁਸ਼ੀ ਪੀੜਤਾਂ ਨੂੰ ਮਿਲਣ ਵਾਲੇ ਮੁਆਵਜ਼ੇ ਲਈ ਬੇਸ਼ੱਕ ਫਾਈਲ ਤਿਆਰ ਕਰਕੇ ਭੇਜੀ ਗਈ ਹੈ, ਪਰ ਉਸ ਤੋਂ ਵੀ ਕੋਈ ਬਹੁਤੀ ਆਸ ਨਹੀਂ ਲਗਾਈ ਜਾ ਸਕਦੀ। ਲੋੜਵੰਦਾਂ ਨੂੰ ਮਿਲਦਾ ਰਾਸ਼ਨ ਤੇ ਵਿਧਵਾ ਪੈਨਸ਼ਨ ਵੀ ਹਾਲੇ ਉਸ ਨੂੰ ਨਹੀਂ ਲੱਗੀ। ਪਿੰਡ ਦੇ ਕਿਸਾਨ ਆਗੂ ਜਗਰਾਜ ਸਿੰਘ ਭੱਟ ਤੇ ਹੋਰ ਪਿੰਡ ਵਾਸੀਆਂ ਨੇ ਮੰਗ ਕੀਤੀ ਸਰਕਾਰ ਇਸ ਪੀੜਤ ਪਰਿਵਾਰ ਦੀ ਮਦਦ ਕਰਦੇ ਹੋਏ ਮਨਪ੍ਰੀਤ ਦੇ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਕੇ, ਉਸ ਦੀਆਂ ਚਾਰੇ ਧੀਆਂ ਦੀ ਪੜ੍ਹਾਈ ਮੁਫ਼ਤ ਕਰਵਾਏ ਤੇ ਮਨਪ੍ਰੀਤ ਲਈ ਕੋਈ ਸਰਕਾਰੀ ਨੌਕਰੀ ਦਾ ਇੰਤਜ਼ਾਮ ਕਰੇ ਤਾਂ ਜੋ ਉਹ ਆਪਣੀਆਂ ਚਾਰ ਧੀਆਂ ਨੂੰ ਪਾਲ ਸਕੇ।