ਪਠਾਨਕੋਟ ਵਿੱਚ ਚੱਕੀ ਦਰਿਆ ਦੇ ਪੁਲ ਦੀਆਂ ਨੀਂਹਾਂ ਹੇਠੋਂ ਮਿੱਟੀ ਖਿਸਕੀ

ਪਠਾਨਕੋਟ ਵਿੱਚ ਚੱਕੀ ਦਰਿਆ ਦੇ ਪੁਲ ਦੀਆਂ ਨੀਂਹਾਂ ਹੇਠੋਂ ਮਿੱਟੀ ਖਿਸਕੀ

ਪਠਾਨਕੋਟ- ਪੰਜਾਬ-ਹਿਮਾਚਲ ਨੂੰ ਜੋੜਨ ਵਾਲੇ ਚੱਕੀ ਦਰਿਆ ਉਪਰ ਪੈਂਦੇ ਸੜਕੀ ਮਾਰਗ ਵਾਲੇ ਪੁਲ ਦੇ 2 ਪਿੱਲਰ ਮੌਨਸੂਨ ਦੇ ਮੀਂਹ ਕਾਰਨ ਖ਼ਤਰੇ ਵਿਚ ਪੈ ਗਏ ਹਨ। ਇਨ੍ਹਾਂ ਪਿੱਲਰਾਂ ਨੇੜਿਓਂ ਮਿੱਟੀ ਖਿਸਕਣ ਕਾਰਨ ਪੁਲ ਨੇੜੇ ਹੁੰਦੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ੲਿਕ ਵਾਰ ਫਿਰ ਭਖ ਗਿਆ ਹੈ। ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਦੇ ਪ੍ਰਾਜੈਕਟ ਡਾਇਰੈਕਟਰ ਵਿਕਾਸ ਸੁਰਜੇਵਾਲਾ ਨੇ ਪਠਾਨਕੋਟ ਦੇ ਮਾਈਨਿੰਗ ਅਧਿਕਾਰੀ ਨੂੰ ਇਕ ਪੱਤਰ ਲਿਖ ਕੇ ਨਾਜਾਇਜ਼ ਖਣਨ ਬਾਰੇ ਜਾਣੂ ਕਰਵਾਇਆ ਹੈ।
ਇਸ ਦੀ ਕਾਪੀ ਪਠਾਨਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਕਾਂਗੜਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ। ਜਦਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ-ਕਮ-ਐਕਸੀਅਨ ਵਿਸ਼ਵ ਪਾਲ ਗੋਇਲ ਨੇ ਹਾਈਵੇਅ ਅਥਾਰਟੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਐੱਨਐੱਚਏਆਈ ਨੇ ਇਸ ਪੁਲ ’ਤੇ ਆਵਾਜਾਈ ਬੰਦ ਕਰ ਦਿੱਤੀ ਹੈ। ਪਹਿਲਾਂ ਇਸ ਪੁਲ ’ਤੇ ਭਾਰੇ ਵਾਹਨਾਂ ਦਾ ਲੰਘਣ ਬੰਦ ਸੀ ਅਤੇ ਹੁਣ ਪੁਲ ਹਲਕੇ ਵਾਹਨਾਂ ਲਈ ਵੀ ਬੰਦ ਕਰ ਦਿੱਤਾ ਹੈ। ਮੌਨਸੂਨ ਦੇ ਸੀਜ਼ਨ ਦੌਰਾਨ ਢਾਈ ਮਹੀਨੇ ਹੋਰ ਬੰਦ ਰਹਿਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਐੱਨਐੱਚਏਆਈ ਨੇ ਪੱਤਰ ਵਿੱਚ ਕਿਹਾ ਹੈ ਕਿ ਪੁਲ ਦੇ ਉਪਰਲੇ ਪਹਾੜਾਂ ਵਾਲੇ ਪਾਸੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਨਾਲ ਚੱਕੀ ਦਰਿਆ ਅੰਦਰਲੇ ਪਾਣੀ ਦਾ ਸਾਰਾ ਵਹਾਅ ਤੇਜ਼ੀ ਨਾਲ ਪੁਲ ਦੇ 16 ਪਿੱਲਰਾਂ ਵਿੱਚੋਂ ਸਿਰਫ 2 ਪਿੱਲਰਾਂ ਪੀ-1 ਅਤੇ ਪੀ-2 ਵਿੱਚੋਂ ਹੀ ਲੰਘ ਰਿਹਾ ਹੈ। ਇਸ ਪਾਣੀ ਨੇ ਦੋਹਾਂ ਪਿੱਲਰਾਂ ਨੂੰ ਖੋਰਾ ਲਾਇਆ ਹੋਇਆ ਹੈ, ਜਿਸ ਨਾਲ ਪਿੱਲਰਾਂ ਦੀਆਂ 24 ਮੀਟਰ ਡੂੰਘੀਆਂ ਨੀਹਾਂ ਵਿੱਚੋਂ 10 ਮੀਟਰ ਨੀਹਾਂ ਨੰਗੀਆਂ ਹੋ ਚੁੱਕੀਆਂ ਹਨ ਤੇ ਉਨ੍ਹਾਂ ਦੇ ਆਲੇ-ਦੁਆਲੇ ਲਾਏ ਹੋਏ ਪੱਥਰਾਂ ਦੇ ਕਰੇਟ ਰੁੜ੍ਹ ਚੁੱਕੇ ਹਨ। ਪੁਲ ਦੇ ਖਤਰੇ ਹੇਠ ਆਉਣ ਦਾ ਮੁੱਖ ਕਾਰਨ ਨਾਜਾਇਜ਼ ਮਾਈਨਿੰਗ ਹੈ। ਇਸ ਕਰਕੇ ਇਸ ਨੂੰ ਸਖ਼ਤੀ ਨਾਲ ਬੰਦ ਕਰਵਾਇਆ ਜਾਵੇ।
ਜ਼ਿਲ੍ਹਾ ਪਠਾਨਕੋਟ ਦੇ ਮਾਈਨਿੰਗ ਅਧਿਕਾਰੀ-ਕਮ-ਐਕਸੀਅਨ ਵਿਸ਼ਵ ਪਾਲ ਗੋਇਲ ਨੇ ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਐੱਨਐੱਚਏਆਈ ਨੂੰ ਇਸ ਦੇ ਜਵਾਬ ਵਿੱਚ ਪੱਤਰ ਲਿਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲ ਦੇ ਉਪਰਲੇ ਪਾਸੇ ਦਰਿਆ ਵਿੱਚ ਪਠਾਨਕੋਟ ਸਾਈਡ ਕੋਈ ਮਾਈਨਿੰਗ ਨਹੀਂ ਹੋ ਰਹੀ, ਜੋ ਵੀ ਮਾਈਨਿੰਗ ਹੋ ਰਹੀ ਹੈ, ਉਹ ਹਿਮਾਚਲ ਵਾਲੇ ਖੇਤਰ ਵਿੱਚ ਹੋ ਰਹੀ ਹੈ।