ਪਟੇਲ ਪ੍ਰਧਾਨ ਮੰਤਰੀ ਹੁੰਦੇ ਤਾਂ ਕਈ ਸਮੱਸਿਆਵਾਂ ਮੁੱਕ ਜਾਂਦੀਆਂ: ਸ਼ਾਹ

ਪਟੇਲ ਪ੍ਰਧਾਨ ਮੰਤਰੀ ਹੁੰਦੇ ਤਾਂ ਕਈ ਸਮੱਸਿਆਵਾਂ ਮੁੱਕ ਜਾਂਦੀਆਂ: ਸ਼ਾਹ

ਸਰਦਾਰ ਪਟੇਲ ਨੂੰ 147ਵੀਂ ਜੈਅੰਤੀ ਮੌਕੇ ਕੀਤਾ ਯਾਦ; ਮਾਂ ਬੋਲੀ ਨੂੰ ਨਾ ਛੱਡਣ ਦਾ ਸੱਦਾ
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਜੇਕਰ ਸਰਦਾਰ ਵੱਲਭ ਭਾਈ ਪਟੇਲ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਾਇਆ ਗਿਆ ਹੁੰਦਾ ਤਾਂ ਦੇਸ਼ ਦੇ ਸਾਹਮਣੇ ਕਈ ਸਮੱਸਿਆਵਾਂ ਨਾ ਹੁੰਦੀਆਂ ਜਿਨ੍ਹਾਂ ਦਾ ਅੱਜ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼ਾਹ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ 147ਵੀਂ ਜੈਅੰਤੀ ਮੌਕੇ ਕੌਮੀ ਰਾਜਧਾਨੀ ’ਚ ਸਥਿਤ ਸਰਦਾਰ ਪਟੇਲ ਸਕੂਲ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰ ਰਹੇ ਸਨ। ਇਹ ਸਕੂਲ ਗੁਜਰਾਤ ਐਜੂਕੇਸ਼ਨ ਸੁਸਾਇਟੀ ਚਲਾਉਂਦੀ ਹੈ। ਸਰਦਾਰ ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਾਡਿਆਡ ’ਚ ਹੋਇਆ ਸੀ। ਸ਼ਾਹ ਨੇ ਇਸ ਮੌਕੇ ਗੁਜਰਾਤ ਦੇ ਮੋਰਬੀ ’ਚ ਵਾਪਰੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਵੀ ਜ਼ਾਹਿਰ ਕੀਤੀ। ਪਟੇਲ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਵਿਦਿਆਰਥੀਆਂ ਤੇ ਬੱਚਿਆਂ ਨੂੰ ਲੋਕਤੰਤਰ ਦੀਆਂ ਡੂੰਘੀਆਂ ਜੜ੍ਹਾਂ ਨਾਲ ਜੁੜੇ ਭਾਰਤ ਸਬੰਧੀ ਪਟੇਲ ਦੇ ਸੁਫ਼ਨੇ ਬਾਰੇ ਜਾਣਨ ਲਈ ਉਨ੍ਹਾਂ ਬਾਰੇ ਪੜ੍ਹਨਾ ਚਾਹੀਦਾ ਹੈ। ਉਹ ਕਰਮਯੋਗੀ ਸਨ। ਸ਼ਾਹ ਨੇ ਕਿਹਾ, ‘ਉਸੇ ਵਿਅਕਤੀ ਨੂੰ ਮਹਾਨ ਕਿਹਾ ਜਾ ਸਕਦਾ ਹੈ ਜਿਸ ਨੂੰ ਉਸ ਦੀ ਮੌਤ ਤੋਂ ਕਈ ਸਾਲ ਬਾਅਦ ਵੀ ਯਾਦ ਕੀਤਾ ਜਾਂਦਾ ਹੈ। ਸਰਦਾਰ ਪਟੇਲ ਅਜਿਹੇ ਹੀ ਵਿਅਕਤੀ ਸਨ। ਦੇਸ਼ ਦੇ ਲੋਕਾਂ ਦੀ ਧਾਰਨਾ ਹੈ ਕਿ ਜੇਕਰ ਸਰਦਾਰ ਪਟੇਲ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਾਇਆ ਗਿਆ ਹੁੰਦਾ ਤਾਂ ਦੇਸ਼ ਨੂੰ ਦਰਪੇਸ਼ ਅਨੇਕਾਂ ਸਮੱਸਿਆਵਾਂ ਅੱਜ ਨਾ ਹੁੰਦੀਆਂ।’ ਉਨ੍ਹਾਂ ਕਿਹਾ, ‘ਆਪਣੀ ਭਾਸ਼ਾ ਕਦੀ ਨਾ ਛੱਡੋ। ਦੁਨੀਆਂ ਭਰ ਦੀਆਂ ਭਾਸ਼ਾਵਾਂ ਤੋਂ ਸਿੱਖੋ ਪਰ ਆਪਣੀ ਮਾਂ-ਬੋਲੀ ਨੂੰ ਨਾ ਛੱਡੋ। ਭਾਸ਼ਾ ਪ੍ਰਗਟਾਵੇ ਦਾ ਢੰਗ ਹੈ ਨਾ ਕਿ ਤੁਹਾਡੀ ਬੌਧਿਕਤਾ ਦਾ। ਕਿਸੇ ਅੰਦਰ ਅੰਗਰੇਜ਼ੀ ਨਾ ਜਾਣਨ ਦਾ ਮਲਾਲ ਨਹੀਂ ਹੋਣਾ ਚਾਹੀਦਾ। ਤੁਹਾਨੂੰ ਆਪਣੀ ਮਾਂ ਬੋਲੀ ਨੂੰ ਜਿਊਂਦਾ ਰੱਖਣਾ ਪਵੇਗਾ।’