ਪਟਿਆਲਾ: ਘੱਗਰ ਸਣੇ ਸਾਰੇ ਨਦੀਆਂ-ਨਾਲੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਪਟਿਆਲਾ: ਘੱਗਰ ਸਣੇ ਸਾਰੇ ਨਦੀਆਂ-ਨਾਲੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰਨ ਸਣੇ ਅਜੇ ਵੀ ਹਜ਼ਾਰਾਂ ਏਕੜ ਫ਼ਸਲਾਂ ਪਾਣੀ ਵਿੱਚ ਡੁੱਬੀਆਂ
ਪਟਿਆਲਾ- ਪਟਿਆਲਾ ਜ਼ਿਲ੍ਹੇ ਵਿੱਚੋਂ ਘੱਗਰ ਸਣੇ ਲੰਘਦੇ ਸਾਰੇ ਹੀ ਨਦੀਆਂ-ਨਾਲ਼ਿਆਂ ਵਿਚ ਦੋ ਦਨਿਾਂ ਤੋਂ ਪਾਣੀ ਖ਼ਤਰੇ ਦੇ ਨਿਸ਼ਾਨਾਂ ਤੋਂ ਉਪਰ ਵਹਿ ਰਿਹਾ ਹੈ। ਇਸ ਕਾਰਨ ਇਨ੍ਹਾਂ ਵਿੱਚੋਂ ਕੁਝ ਉਛਲ ਗਏ ਅਤੇ ਕੁਝ ਵਿੱਚ ਪਾੜ ਪੈ ਗਏ। ਪਟਿਆਲਾ ਨਦੀ ਦੇ ਪਾਣੀ ਨੇ ਅਰਬਨ ਅਸਟੇਟ, ਚਨਿਾਰ ਬਾਗ਼ ਸਣੇ ਗੋਪਾਲ ਕਲੋਨੀ ਤੇ ਕੁਝ ਹੋਰ ਖੇਤਰਾਂ ਸਮੇਤ ਖੇਤਾਂ ਨੂੰ ਵੀ ਲਪੇਟ ਵਿਚ ਲਿਆ ਹੋਇਆ ਹੈ। ਖੇਤਾਂ ਵਿਚਲੇ ਘਰਾਂ ਤੇ ਡੇਰਿਆਂ ਸਣੇ ਅਨੇਕਾਂ ਪਿੰਡਾਂ ਵਿਚਲੇ ਨੀਵੇਂ ਘਰਾਂ ਦੇ ਵਾਸੀ ਪਾਣੀ ਮਾਰ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਨਦੀਆਂ ਨਾਲ਼ਿਆਂ ਵਿਚ ਵਧੇਰੇ ਪਾਣੀ ਹੋਣ ਕਾਰਨ ਪਟਿਆਲਾ ਜ਼ਿਲ੍ਹੇ ਦੇ ਰਾਜਪਰਾ, ਘਨੌਰ, ਸਨੌਰ, ਬਹਾਦਰਗੜ੍ਹ, ਦੇਵੀਗੜ੍ਹ, ਦੂਧਣਸਾਧਾਂ, ਡਕਾਲ਼ਾ, ਸਮਾਣਾ ਤੇ ਪਾਤੜਾਂ ਆਦਿ ਖੇਤਰਾਂ ਵਿਚਲੀ ਹਜ਼ਾਰਾਂ ਏਕੜ ਫ਼ਸਲ ਅੱਜ ਲਗਾਤਾਰ ਤੀਜੇ ਦਨਿ ਵੀ ਕਈ-ਕਈ ਫੁੱਟ ਪਾਣੀ ਵਿਚ ਡੁੱਬੀ ਰਹੀ।
ਸਰਾਲਾ ਹੈੱਡ ’ਤੇ ਅੱਜ ਵੀ ਘੱਗਰ ਪੁਲ਼ ਨਾਲ਼ ਟਕਰਾਉਂਦਾ ਰਿਹਾ। ਕਈ ਖੇਤਰਾਂ ’ਚ ਘੱਗਰ ’ਤੇ ਢੁਕਵੇਂ ਬੰਨ੍ਹ ਨਾ ਹੋਣ ਕਾਰਨ ਪਾਣੀ ਖੁੱਲ੍ਹਾ ਹੀ ਤੁਰਿਆ ਫਿਰਦਾ ਹੈ। ਸਰਾਲਾ ਹੈੱਡ ’ਤੇ ਨਰਵਾਣਾ ਬ੍ਰਾਂਚ ਨਹਿਰ ਘੱਗਰ ਦੇ ਹੇਠੋਂ ਦੀ ਹੋ ਕੇ ਲੰਘਦੀ ਹੈ ਪਰ ਇਹ ਨਹਿਰ ਇੱਥੇ ਸਥਿਤ ਇੱਕ ਪੁਲ਼ ਦੇ ਉਪਰੋਂ ਦੀ ਵਗਦੀ ਰਹੀ। ਭਾਵੇਂ ਡੀਐੱਸਪੀ ਰਘਬੀਰ ਸਿੰਘ ਤੇ ਥਾਣਾ ਘਨੌਰ ਦੇ ਮੁਖੀ ਗੁਰਨਾਮ ਸਿੰਘ ਘੁੰਮਣ ਦੀ ਅਗਵਾਈ ਹੇਠਾਂ ਪੁਲੀਸ ਨੇ ਇਨ੍ਹਾਂ ਲੋਕਾਂ ਨੂੰ ਕਈ ਵਾਰ ਘਰਾਂ ਵਿਚੋਂ ਬਾਹਰ ਆਓਣ ਲਈ ਆਖਿਆ, ਪਰ ਲੋਕ ਘਰਾਂ ’ਚ ਹੀ ਠਹਿਰੇ ਰਹਿਣ ਲਈ ਬਜ਼ਿਦ ਰਹੇ। ਦੋ ਦਨਿ ਜਿੱਥੇ ਐਸਵਾਈਐਲ ਨਹਿਰ ਵਿਚ ਪਾੜ ਪੈਂਦੇ ਰਹੇ, ਉੱਥੇ ਹੀ ਲੰਘੀ ਰਾਤ ਤਿੰਨ ਕੁ ਵਜੇ ਨਰਵਾਣਾ ਬ੍ਰਾਂਚ ਵਿੱਚ ਵੀ ਦੋ ਹੋਰ ਪਾੜ ਪੈ ਗਏ। ਪਰ ਦਨਿ ਚੜ੍ਹਦੇ ਤੱਕ ਇਸ ਨਹਿਰ ਵਿਚ ਪਾਣੀ ਘਟਣ ਕਰ ਕੇ ਉਲਟਾ ਖੇਤਾਂ ਦਾ ਪਾਣੀ ਨਹਿਰ ਵਿੱਚ ਪੈਣ ਲੱੱਗ ਗਿਆ। ਇਸ ਕਰ ਕੇ ਇਹ ਪਾੜ ਅੱੱਜ ਰਾਤ ਤੱਕ ਵੀ ਬੰਦ ਨਹੀਂ ਸਨ ਕੀਤੇ ਗਏ।
ਪਟਿਆਲਾ ਨਦੀ ਵਿੱਚ ਵਧੇ ਪਾਣੀ ਨੇ ਸਦਰਨ ਬਾਈਪਾਸ ਨੇੜਲੇ ਖੇਤਾਂ ਵਿੱਚ ਹੋਰ ਵੀ ਵਧੇਰੇ ਮਾਰ ਕੀਤੀ। ਸੜਕਾਂ ’ਤੇ ਪਾਣੀ ਭਰਨ ਕਾਰਨ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਿਆ ਰਿਹਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠਾਂ ਸਮੁੱਚਾ ਪ੍ਰਸ਼ਾਸਨ ਦਨਿ ਰਾਤ ਰਾਹਤ ਕਾਰਜਾਂ ’ਚ ਲੱਗਿਆ ਰਿਹਾ। ਫ਼ੌਜ ਦੇ ਜਵਾਨ ਵੀ ਸੰਵੇਦਨਸ਼ੀਲ ਥਾਵਾਂ ’ਤੇ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਪੁਲੀਸ ਵੀ ਚੌਕਸ ਹੈ।