ਪਟਿਆਲਾ: ਐੱਸਵਾਈਐੱਲ ਵਿੱਚ ਪਾੜ ਪੈਣ ਕਾਰਨ ਫੌਜ ਸੱਦੀ

ਪਟਿਆਲਾ: ਐੱਸਵਾਈਐੱਲ ਵਿੱਚ ਪਾੜ ਪੈਣ ਕਾਰਨ ਫੌਜ ਸੱਦੀ

ਪਟਿਆਲਾ- ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਅਤੇ ਘਨੌਰ ਹਲਕਿਆਂ ਵਿਚੋਂ ਲੰਘਦੀ ਅਧੂਰੀ ਪਈ ਐੱਸਵਾਈਐੱਲ ਨਹਿਰ ਵਿਚ ਅੱਜ ਕੁਝ ਥਾਵਾਂ ’ਤੇ ਪਾੜ ਪੈਣ ਕਾਰਨ ਖੇਤਾਂ ਵਿਚ ਪਾਣੀ ਦਾ ਪੱਧਰ ਹੋਰ ਵਧ ਗਿਆ ਹੈ। ਇਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਜ ਵੀ ਸੱਦ ਲਈ ਗਈ ਹੈ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਫੌਜ ਸੱਦਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕੁਝ ਥਾਈਂ ਐੱਸਵਾਈਐੱਲ ਨਹਿਰ ਵਿੱਚ ਪਾੜ ਪੈਣ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਰਾਜਪੁਰਾ ਕੋਲ ਸਥਿਤ ਨਾਭਾ ਥਰਮਲ ਪਲਾਂਟ ਵਿਚ ਵੀ ਅੱਜ ਪਾਣੀ ਵੜ ਗਿਆ ਹੈ ਜਿਸ ਨੂੰ ਬੰਦ ਕਰਨਾ ਪੈ ਸਕਦਾ ਹੈ। ਪਲਾਂਟ ਦੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਐਤਵਾਰ ਨੂੰ ਰਾਤ ਸਵਾ ਦਸ ਵਜੇ ਤਕ ਡੀਸੀ ਸਾਕਸ਼ੀ ਸਾਹਨੀ ਰਾਜਪੁਰਾ ਖੇਤਰ ’ਚ ਹੀ ਮੌਜੂਦ ਸਨ ਤੇ ਸਥਿਤੀ ’ਤੇ ਨਿਗਾਹ ਰੱਖ ਰਹੇ ਸਨ। ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ’ਚ ਹੜ੍ਹਾਂ ਦਾ ਖਤਰਾ ਬਣ ਗਿਆ ਹੈ। ਇਸ ਦੌਰਾਨ ਡੀਸੀ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਵੀ ਕੀਤਾ। ਇਸ ਜ਼ਿਲ੍ਹੇ ’ਚੋਂ ਲੰਘਦੇ ਘੱਗਰ ਦਰਿਆ ਸਮੇਤ ਹੋਰ ਨਦੀਆਂ-ਨਾਲੇ ਖਤਰੇ ਦੇ ਨਿਸ਼ਾਨ ਤੋਂ ਉਪਰ ਜਾਂ ਬਰਾਬਰ ਚੱਲ ਰਹੇ ਹਨ। ਘੱਗਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਨਾ ਸਿਰਫ਼ ਪਟਿਆਲਾ, ਬਲਕਿ ਗੁਆਂਢੀ ਜ਼ਿਲ੍ਹੇ ਸੰਗਰੂਰ ਵਿਚ ਵੀ ਹੜ੍ਹਾਂ ਦਾ ਖਤਰਾ ਮੰਡਰਾਉਣ ਲੱਗਾ ਹੈ। ਜ਼ਿਲ੍ਹੇ ਦੇ ਸਰਾਲਾ ਹੈੱਡ ’ਤੇ ਖਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ ਅਤੇ ਦੇਰ ਸ਼ਾਮ ਇੱਥੇ ਪਾਣੀ ਦਾ ਪੱਧਰ 16 ਫੁੱਟ ਨੂੰ ਪਾਰ ਚੁੱਕਾ ਸੀ। ਘੱਗਰ ਵਿਚ ਹੀ ਭਾਂਖਰਪੁਰ ਕੋਲ ਖਤਰੇ ਦਾ ਨਿਸ਼ਾਨ 10 ਫੁੱਟ ’ਤੇ ਹੈ ਪਰ ਸ਼ਾਮ ਨੂੰ ਇੱਥੇ ਪਾਣੀ ਦਾ ਪੱਧਰ 11 ਫੁੱਟ ਤੱਕ ਪਹੁੰਚ ਚੁੱੱਕਾ ਸੀ। ਇਸੇ ਤਰ੍ਹਾਂ ਰਾਜਪੁਰਾ ਕੋਲੋਂ ਲੰਘਦੇ ਢਕਾਨਸੂ ਨਾਲੇ ’ਚ ਖਤਰੇ ਦਾ ਨਿਸ਼ਾਨ 10 ਫੁੱਟ ਹੈ ਪਰ ਇਥੇ ਦੇਰ ਸ਼ਾਮ ਨੂੰ 18 ਫੁੱਟ ’ਤੇ ਪਾਣੀ ਚੱਲ ਰਿਹਾ ਸੀ। ਪਟਿਆਲਾ ਜ਼ਿਲ੍ਹੇ ’ਚੋਂ ਹੀ ਲੰਘਦੇ ਪੰਝੀਦਰਾ ’ਚ ਖਤਰੇ ਦਾ ਨਿਸ਼ਾਨ 12 ਫੁੱਟ ’ਤੇ ਹੈ ਪਰ ਰਾਤੀ ਅੱਠ ਵਜੇ ਦੇ ਕਰੀਬ ਇਥੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਵੀ ਦੋ ਫੁੱਟ ਉੱਤੇ ਚੱਲ ਰਿਹਾ ਸੀ।