ਨੌਜਵਾਨ, ਪਰਵਾਸ ਤੇ ਧੋਖਾਧੜੀ

ਨੌਜਵਾਨ, ਪਰਵਾਸ ਤੇ ਧੋਖਾਧੜੀ

ਰਜਵਿੰਦਰ ਪਾਲ ਸ਼ਰਮਾ

ਅੱਜ ਤੋਂ ਨਹੀਂ ਮਨੁੱਖ ਸਦੀਆਂ ਤੋਂ ਹੀ ਆਪਣੀ ਹੋਂਦ ਨੂੰ ਬਚਾਉਣ ਅਤੇ ਭੋਜਨ ਦੀ ਤਲਾਸ਼ ਵਿੱਚ ਪਰਵਾਸ ਦਾ ਸਹਾਰਾ ਲੈਂਦਾ ਰਿਹਾ ਹੈ। ਇਕ ਸਮੇਂ ਬਾਅਦ ਇਨਸਾਨ ਰੁਜ਼ਗਾਰ ਦੀ ਤਲਾਸ਼, ਗਿਆਨ ਪ੍ਰਾਪਤੀ, ਕੁਝ ਨਵਾਂ ਜਾਨਣ ਅਤੇ ਹੋਰ ਕਈ ਕਾਰਨਾਂ ਕਰ ਕੇ ਵੀ ਪਰਵਾਸ ਦੇ ਰਾਹ ਪੈਣ ਲੱਗਾ। ਇੱਕ ਸਥਾਨ ਤੋਂ ਦੂਜੇ ਸਥਾਨ ’ਤੇ ਜਾਣਾ ਅਤੇ ਫਿਰ ਆਪਣੇ ਮੁੱਢਲੇ ਸਥਾਨ ’ਤੇ ਵਾਪਿਸ ਪਰਤਣਾ ਉਸ ਦੀ ਜ਼ਿੰਦਗੀ ਦਾ ਹਿੱਸਾ ਸੀ। ਜੰਗਲਾਂ ਵਿੱਚ ਰਹਿੰਦਾ ਹੋਇਆ ਮਨੁੱਖ ਆਪਣੀ ਬੌਧਿਕਤਾ ਅਨੁਸਾਰ ਤਾਰਿਆਂ ਆਦਿ ਦੀ ਸਥਿਤੀ ਦੀ ਓਟ ਲੈਂਦਾ ਹੋਇਆ ਯਾਤਰਾ ਕਰਦਾ, ਪਰ ਸਮੇਂ ਦੇ ਬਦਲਣ ਅਤੇ ਤਕਨਾਲੋਜੀ ਦੇ ਵਿਕਾਸ ਨੇ ਅਜੋਕੇ ਮਨੁੱਖ ਲਈ ਪਰਵਾਸ ਦੀ ਪ੍ਰੀਭਾਸ਼ਾ ਹੀ ਬਦਲ ਦਿੱਤੀ ਹੈ। ਅਜੋਕੇ ਸਮੇਂ ਵਿੱਚ ਪਰਵਾਸ ਇਸ ਕਦਰ ਵਧ ਗਿਆ ਹੈ ਕਿ ਉਹ ਇਸ ਨੂੰ ਸੰਭਵ ਬਣਾਉਣ ਲਈ ਜਾਇਜ਼ ਅਤੇ ਨਾਜਾਇਜ਼ ਕੋਈ ਵੀ ਢੰਗ ਅਪਣਾਉਣ ਲਈ ਤਿਆਰ ਰਹਿੰਦਾ ਹੈ।
ਵਿਦਿਆਰਥੀ ਜੀਵਨ ਵਿੱਚ ਹਰੇਕ ਵਿਦਿਆਰਥੀ ਦਾ ਕੁਝ ਬਣਨ ਦਾ ਸੁਪਨਾ ਜ਼ਰੂਰ‌ ਹੁੰਦਾ ਹੈ, ਕੋਈ ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਇੰਜਨੀਅਰ, ਕੋਈ ਐਕਟਰ ਅਤੇ ਕੋਈ ਖਿਡਾਰੀ। ਪਰ ਅਜੋਕੇ ਸਮੇਂ ਵਿੱਚ ਜਦੋਂ ਵੀ ਕਿਸੇ ਵਿਦਿਆਰਥੀ ਤੋਂ ਉਸਦੇ ਸੁਪਨੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਸ ਦਾ ਇੱਕ ਹੀ ਜਵਾਬ ਹੁੰਦਾ ਹੈ ਕਿ ਬਾਰ੍ਹਵੀਂ ਕਰ ਰਿਹਾ ਹਾਂ, ਇਸ ਤੋਂ ਬਾਅਦ ਆਈਲੈਟਸ (ਆਇਲਜ਼) ਕਰਕੇ ਬਾਹਰ ਜਾਣਾ ਹੈ।
ਆਈਲੈਟਸ ਕਰਨ ਦਾ ਰੁਝਾਨ ਵਿਦਿਆਰਥੀਆਂ ਵਿੱਚ ਇਸ ਕਦਰ ਵਧ ਗਿਆ ਹੈ ਕਿ ਹੁਣ ਹਰੇਕ ਛੋਟੇ ਵੱਡੇ ਸ਼ਹਿਰ ਦੇ ਗਲੀ, ਮੁਹੱਲੇ ਅਤੇ ਚੌਕ-ਚੌਰਾਹਿਆਂ ਤੱਕ ਵਿੱਚ ਵੱਡੇ ਪੱਧਰ ’ਤੇ ਆਈਲੈਟਸ ਸੈਂਟਰ ਚਲ ਰਹੇ ਹਨ ਜਿਨ੍ਹਾਂ ਵਿੱਚ ਹਰ ਰੋਜ਼ ਹਜ਼ਾਰਾਂ ਵਿਦਿਆਰਥੀ ਵਿਦੇਸ਼ ਜਾਣ ਦਾ ਸੁਪਨਾ ਲੈ ਕੇ ਪਹੁੰਚ ਰਹੇ ਹਨ। ਧੜਾ ਧੜ ਖੁੱਲ੍ਹ ਰਹੇ ਆਈਲੈਟਸ ਸੈਂਟਰਾਂ ਕਰਕੇ ਪੰਜਾਬ ਵਿੱਚ ਉਚੇਰੀ ਸਿੱਖਿਆ ਦਿਨੋਂ ਦਿਨ ਨਿਘਾਰ ਵੱਲ ਜਾ ਰਹੀ ਹੈ। ਕਈ ਤਾਂ ਇਸੇ ਨੂੰ ਉਚੇਰੀ ਸਿੱਖਿਆ ਸਮਝੀ ਜਾਂਦੇ ਹਨ। ਆਏ ਸਾਲ ਹਜ਼ਾਰਾਂ ਕਾਲਜ ਬੰਦ ਹੋ ਰਹੇ ਹਨ। ਜਿਹੜੇ ਕਾਲਜ ਬਚੇ ਹਨ ਉਹ ਵਿਦਿਆਰਥੀਆਂ ਨੂੰ ਕੋਰਸ ਕਰਵਾਉਣ ਦੇ ਨਾਲ ਨਾਲ ਆਈਲੈਟਸ ਦੀ ਕੋਚਿੰਗ ਮੁਫ਼ਤ ਵਿੱਚ ਕਰਵਾਉਣ ਦਾ ਲਾਲਚ ਦੇ ਰਹੇ ਹਨ।
ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਗਲੀਆਂ, ਮੁਹੱਲਿਆਂ ਵਿਚ ਬੈਠੇ ਟਰੈਵਲ ਏਜੰਟ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਉਨ੍ਹਾਂ ਦਾ ਭਵਿੱਖ ਬਰਬਾਦ ਕਰਦੇ ਹੋਏ ਪੈਸੇ ਨੂੰ ਪਾਣੀ ਦੀ ਤਰ੍ਹਾਂ ਵਹਾ ਰਹੇ ਹਨ। ਤਾਜ਼ਾ ਖਬਰਾਂ ਅਨੁਸਾਰ ਜਲੰਧਰ ਦਾ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਚਰਚਾ ਵਿੱਚ ਹੈ ਜਿਸ ਉੱਪਰ ਹਜ਼ਾਰਾਂ ਵਿਦਿਆਰਥੀਆਂ ਨਾਲ ਬਾਹਰ ਭੇਜਣ ਦੇ ਨਾਂ ਉੱਤੇ ਕਥਿਤ ਧੋਖਾਧੜੀ ਕੀਤੇ ਜਾਣ ਦੇ‌‌ ਮਾਮਲੇ ਦਰਜ ਹਨ। ਬ੍ਰਿਜੇਸ਼ ਵਰਗੇ ਟਰੈਵਲ ਏਜੰਟਾਂ ਗੁਪਤ ਚੋਰ ਮੋਰੀਆਂ ਰਾਹੀਂ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਖ਼ਤਰੇ ਵਿਚ ਪਾ ਰਹੇ ਹਨ। ਸਾਡੇ ਹਜ਼ਾਰਾਂ ਬੱਚੇ ਭੁੱਖ ਪਿਆਸ ਨਾ ਸਹਿੰਦੇ ਹੋਏ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ। ਲੜਕੀਆਂ ਵੀ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਨਸ਼ਿਆਂ ਦੇ ਨਾਲ ਨਾਲ ਗੈਰਕਾਨੂੰਨੀ ਕੰਮਾਂ ਦੀ ਦਲਦਲ ਵਿੱਚ ਦਿਨੋਂ ਦਿਨ ਧੱਸਦੀਆ ਜਾ ਰਹੀਆਂ ਹਨ। ਬ੍ਰਿਜੇਸ਼ ਵਰਗੇ ਪਤਾ ਨਹੀਂ ਕਿੰਨੇ ਟਰੈਵਲ ਏਜੰਟ ਅਜਿਹੇ ਹੋਰ ਹੋਣਗੇ ਜਿਨ੍ਹਾਂ ਦੇ ਮੂੰਹੋਂ ਤੋਂ ਨਕਾਬ ਉਤਾਰ ਕੇ ਉਨ੍ਹਾਂ ਦਾ ਚਿਹਰਾ ਸਾਹਮਣੇ ਲਿਆਉਣਾ ਹਜੇ ਬਾਕੀ ਹੈ।
ਮਾੜੇ ਟਰੈਵਲ ਏਜੰਟਾਂ ਨੂੰ ਨਕੇਲ ਪਾਉਣ ਅਤੇ ਵਿਦਿਆਰਥੀਆਂ ਨਾਲ ਵੱਡੇ ਪੱਧਰ ’ਤੇ ਹੋ ਰਹੀ ਧੋਖਾਧੜੀ ਰੋਕਣ ਲਈ ਸਰਕਾਰ ਨੂੰ ਮਜ਼ਬੂਤ ਕਾਨੂੰਨ ਵਿਵਸਥਾ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਪਾਰਦਰਸ਼ਤਾ ਲਿਆਉਣੀ ਹੋਵੇਗੀ। ਵਿਦਿਆਰਥੀਆਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਵਿਦੇਸ਼ਾਂ ਦੇ ਜਾਅਲੀ ਕਾਲਜਾਂ ਦੀ ਸੂਚੀ ਵੀ ਜਨਤਕ ਕਰਨੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਕਾਲਜ ਦੀ ਚੋਣ ਕਰਨ ਵੇਲੇ ਸੁਚੇਤ ਰਹਿਣ। ਧੋਖਾਧੜੀ ਅਤੇ ਡੰਕੀ ਲਗਵਾਉਣ ਵਾਲੇ ਟਰੈਵਲ ਏਜੰਟਾਂ ਦੀ ਭਾਲ ਲਈ ਇੱਕ ਟਾਸਕ ਫੋਰਸ ਗਠਿਤ ਕਰ ਦੇਣੀ ਚਾਹੀਦੀ ਹੈ ਤਾਂ ਜੋ ਝੂਠੇ‌ ਅਤੇ ਠੱਗ ਟਰੈਵਲ ਏਜੰਟਾਂ ਨੂੰ ਜਨਤਕ ਕਰਕੇ ਕਾਨੂੰਨੀ ਕਟਹਿਰੇ ਵਿੱਚ ਲਿਆ ਕੇ ਸਜ਼ਾ ਦਿਵਾਈ ਜਾ ਸਕੇ।
ਨੌਜਵਾਨ ਕਿਸੇ ਵੀ ਦੇਸ਼ ਦੀ ਤਰੱਕੀ ਲਈ ਪਾਵਰ ਦਾ ਕੰਮ ਕਰਦੇ ਹਨ। ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਉਥੇ ਦਿਨ ਰਾਤ ਇੱਕ ਕਰਕੇ ਵਿਦੇਸ਼ਾਂ ਦੀ ਆਰਥਿਕਤਾ ਵਿੱਚ ਵਾਧਾ ਕਰ ਰਹੇ ਹਨ। ਜੇ ਸਾਡੇ ਨੌਜਵਾਨਾਂ ਨੂੰ ਸਾਡੇ ਦੇਸ਼ ਵਿੱਚ ਹੀ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਿੱਤਾ ਜਾਵੇ ਤਾਂ ਇਹ ਬ੍ਰੇਨ ਡ੍ਰੇਨ ਰੋਕਿਆਂ ਜਾ ਸਕਦਾ ਹੈ। ਸਰਕਾਰਾਂ ਨੂੰ ਨੌਜਵਾਨ ਦੇ ਵਧ ਰਹੇ ਪਰਵਾਸ ਪ੍ਰਤੀ ਗੰਭੀਰਤਾ ਨਾਲ ਸੋਚਦੇ ਹੋਏ ਉਨ੍ਹਾਂ ਦੇ ਰੁਜ਼ਗਾਰ ਅਤੇ ਸਿੱਖਿਆ ਲਈ ਦੇਸ਼ ਵਿੱਚ ਹੀ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਦੀ ਸ਼ਕਤੀ ਨੂੰ ਦੇਸ਼ ਵਿੱਚ ਹੀ ਵਰਤ ਕੇ ਤਰੱਕੀ ਵੱਲ ਵਧਿਆ ਜਾ ਸਕੇ।