ਨੌਜਵਾਨਾਂ ਨੂੰ ਹੌਸਲਾ ਦਿੰਦੀ ਫਿਲਮ ‘ਜੱਟਾ ਡੋਲੀਂ ਨਾ’

ਨੌਜਵਾਨਾਂ ਨੂੰ ਹੌਸਲਾ ਦਿੰਦੀ ਫਿਲਮ ‘ਜੱਟਾ ਡੋਲੀਂ ਨਾ’

ਮਨਜੀਤ ਕੌਰ ਸੱਪਲ

ਮਨੋਰੰਜਨ ਦੇ ਸੰਸਾਰ ਰਾਹੀਂ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਂਦੀਆਂ ਫਿਲਮਾਂ ਨੇ ਹਮੇਸ਼ਾਂ ਢੇਰੀ ਢਾਹ ਚੁੱਕੇ ਵਿਅਕਤੀ ਨੂੰ ਹੌਸਲਾ ਦੇ ਕੇ ਮੁੜ ਯਤਨਸ਼ੀਲ ਹੋਣ ਦਾ ਸੁਨੇਹਾ ਦਿੱਤਾ ਹੈ। ਅਜਿਹੀ ਹੀ ਇੱਕ ਨਵੀਂ ਫਿਲਮ ‘ਜੱਟਾ ਡੋਲੀਂ ਨਾ’ ਬੀਤੇ ਦਿਨੀਂ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੀ ਹੈ।

ਬੀ.ਐੱਮ.ਪੀ. ਫਿਲਮਜ਼ ਦੇ ਬੈਨਰ ਹੇਠ ਬਣੀ ਮਾਰਸ਼ਲ ਆਰਟ ਨੂੰ ਉਤਸ਼ਾਹਿਤ ਕਰਦੀ ਇਸ ਫਿਲਮ ਦਾ ਨਿਰਮਾਤਾ ਨਰਿੰਦਰ ਸਿੰਘ ਹੈ ਤੇ ਨਿਰਦੇਸ਼ਕ ਭੁਪਿੰਦਰ ਸਿੰਘ ਬਮਰਾ ਹੈ। ਮਨੋਰੰਜਨ ਦੇ ਹਰੇਕ ਪਹਿਲੂ ਨਾਲ ਜੁੜੀ ਇਹ ਫਿਲਮ ਜਿੱਥੇ ਮਾਰਸ਼ਲ ਆਰਟ ਦੇ ਜੋਸ਼ ਭਰੇ ਕਰਤੱਬਾਂ ਦਾ ਪ੍ਰਦਰਸ਼ਨ ਕਰਦੀ ਹੈ, ਉੱਥੇ ਆਸ਼ਾ-ਨਿਰਾਸ਼ਾ ਤੇ ਭਾਵੁਕਤਾ ਨਾਲ ਪਿਆਰ-ਮੁਹੱਬਤ ਦਾ ਵੀ ਖੂਬਸੁਰਤ ਅਹਿਸਾਸ ਹੈ। ਦੋ ਦਿਲਾਂ ਵਿਚਲੇ ਪਿਆਰ ਅਤੇ ਪਰਿਵਾਰਾਂ ਦੀ ਅਣਖ- ਮਰਿਆਦਾ, ਰਿਸ਼ਤਿਆਂ ਦੀ ਸਾਂਝ ਨੂੰ ਬਾਖੂਬੀ ਪੇਸ਼ ਕਰਦੀ ਹੋਈ ਇਹ ਜ਼ਿੰਦਗੀ ਦੀ ਲੀਹ ਤੋਂ ਭਟਕੇ ਇੱਕ ਨੌਜਵਾਨ ਦੀ ਮੁੜ ਤੋਂ ਲੀਹ ’ਤੇ ਆਉਣ ਦੀ ਕਹਾਣੀ ਹੈ, ਜੋ ਆਪਣੇ ਪਿਆਰ ਦੀ ਪ੍ਰਾਪਤੀ ਲਈ ਕਿਵੇਂ ਆਪਣੇ ਭੈੜੇ ਕੰਮ ਤਿਆਗ ਕੇ ਸੱਚੀ ਜ਼ਿੰਦਗੀ ਦਾ ਆਸ਼ਕ ਬਣਦਾ ਹੈ। ਇਹ ਬਦਲਾਅ ਦਰਸ਼ਕਾਂ ਨੂੰ ਪ੍ਰਭਾਵਿਤ ਵੀ ਕਰਦਾ ਹੈ।

ਫਿਲਮ ਦਾ ਹੀਰੋ ਕਿਰਨਦੀਪ ਰਾਇਤ ਤੇ ਹੀਰੋਇਨ ਪ੍ਰਭ ਗਰੇਵਾਲ ਹੈ। ਕਿਰਨਦੀਪ ਆਪਣੇ ਸਮੇਂ ਦਾ ਟਿਕਟੌਕ ਸਟਾਰ ਰਿਹਾ ਹੈ ਜੋ ਬਾਅਦ ਵਿੱਚ ਛੋਟੀਆਂ ਫਿਲਮਾਂ ਜ਼ਰੀਏ ਅਦਾਕਾਰੀ ਵੱਲ ਆਇਆ। ਇਸ ਫਿਲਮ ਨਾਲ ਉਹ ਪਹਿਲੀ ਵਾਰ ਵੱਡੇ ਪਰਦੇ ’ਤੇ ਆਇਆ ਹੈ ਜਦਕਿ ਪ੍ਰਭ ਗਰੇਵਾਲ ਤਾਂ ਪਹਿਲਾਂ ਤੋਂ ਹੀ ਮਾਡਲਿੰਗ ਤੋਂ ਫਿਲਮਾਂ ਵੱਲ ਆ ਚੁੱਕੀ ਹੈ। ਇਸ ਤੋਂ ਇਲਾਵਾ ਜਰਨੈਲ ਸਿੰਘ, ਨਰਿੰਦਰ ਨੀਨਾ, ਸ਼ਵਿੰਦਰ ਮਾਹਲ, ਪਰਮਿੰਦਰ ਗਿੱਲ, ਸੰਤੋਸ਼ ਮਲਹੋਤਰਾ, ਗੁਰਪ੍ਰੀਤ ਬੀ.ਐੱਮ.ਪੀ., ਸਨੀ ਗਿੱਲ, ਗੁਰਿੰਦਰ ਸਰਾਂ, ਸਿਮਰਜੀਤ ਸਿੰਘ ਅਤੇ ਸੁਗਲੀ-ਜੁਗਲੀ ਆਦਿ ਕਲਾਕਾਰਾਂ ਨੇ ਵੀ ਇਸ ਫਿਲਮ ਵਿੱਚ ਸ਼ਾਨਦਾਰ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤਾਂ ਨੂੰ ਮਾਹੀ, ਵਿਸ਼ਾਲ ਸਚਦੇਵਾ, ਬਲਜੀਤ ਬੱਬਰ ਅਤੇ ਕਨਵ ਨੇ ਲਿਖਿਆ ਹੈ, ਜਿਨ੍ਹਾਂ ਨੂੰ ਦਲੇਰ ਮਹਿੰਦੀ, ਸ਼ਿਪਰਾ ਗੋਇਲ, ਰੌਸ਼ਨ ਪ੍ਰਿੰਸ, ਨਛੱਤਰ ਗਿੱਲ, ਜੇਐੱਸਐੱਲ ਅਤੇ ਫਿਰੋਜ਼ ਖਾਨ ਨੇ ਗਾਇਆ ਹੈ। ਫਿਲਮ ਦਾ ਸੰਗੀਤ ਗੁਰਪ੍ਰੀਤ ਬੀਐੱਮਪੀ ਨੇ ਤਿਆਰ ਕੀਤਾ। ਨਾਮਵਾਰ ਗਾਇਕ ਦਲੇਰ ਮਹਿੰਦੀ ਦਾ ਗਾਇਆ ਫਿਲਮ ਦਾ ਟਾਈਟਲ ਗੀਤ ‘ਜੱਟਾ ਡੋਲੀਂ ਨਾ’ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ।