ਨੋਇਡਾ: ਟਵਿਨ ਟਾਵਰਾਂ ਨੂੰ ਮਿੱਟੀ ’ਚ ਮਿਲਾਉਣ ਤੋਂ ਪਹਿਲਾਂ ਨਾਲ ਦੀਆਂ ਦੋ ਸੁਸਾਇਟੀਆਂ ਪੂਰੀ ਤਰ੍ਹਾਂ ਖਾਲੀ ਕਰਵਾਈਆਂ, ਬਿਜਲੀ ਤੇ ਗੈਸ ਸਪਲਾਈ ਕੱਟੀ

ਨੋਇਡਾ- ਨੋਇਡਾ ‘ਚ ਅੱਜ ਨੂੰ ਢਾਹੇ ਜਾਣ ਵਾਲੇ ਸੁਪਰਟੈੱਕ ਦੇ ਟਵਿਨ ਟਾਵਰ ਦੇ ਨੇੜੇ ਸਥਿਤ ਦੋ ਸੁਸਾਇਟੀਆਂ ‘ਚ ਰਹਿ ਰਹੇ ਘੱਟੋ-ਘੱਟ 5,000 ਲੋਕਾਂ ਨੂੰ ਕੱਢਣ ਦਾ ਕੰਮ ਪੂਰਾ ਹੋ ਗਿਆ ਹੈ। ਐਮਰਾਲਡ ਕੋਰਟ ਅਤੇ ਏਟੀਐੱਸ ਵਿਲੇਜ ਸੁਸਾਇਟੀ ਤੋਂ ਨਿਵਾਸੀਆਂ ਨੂੰ ਕੱਢਣ ਦਾ ਕੰਮ ਸਵੇਰੇ 7 ਵਜੇ ਤੱਕ ਪੂਰਾ ਕੀਤਾ ਜਾਣਾ ਸੀ ਪਰ ਇਸ ਵਿੱਚ ਕੁਝ ਸਮਾਂ ਲੱਗ ਗਿਆ। ਟਾਵਰ ਬਾਅਦ ਦੁਪਹਿਰ 2.30 ਵਜੇ ਢਾਹੇ ਜਾਣੇ ਹਨ, ਜਿਸ ਦੇ ਮੱਦੇਨਜ਼ਰ ਸੈਕਟਰ 93 ਏ ਦੀਆਂ ਦੋ ਸੁਸਾਇਟੀਆਂ ਵਿੱਚ ਐੱਲਪੀਜੀ ਅਤੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਟਾਵਰਾਂ ਨੂੰ ਢਾਹੁਣ ਦੀ ਕਾਰਵਾਈ ਨੂੰ ਕੈਮਰਿਆਂ ’ਚ ਬੰਦ ਕਰਨ ਲਈ ਮੀਡੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ ਹਨ।