ਨੈਦਰਲੈਂਡਜ਼ ਨੇ ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਰਾਇਆ

ਨੈਦਰਲੈਂਡਜ਼ ਨੇ ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਰਾਇਆ

ਧਰਮਸ਼ਾਲਾ- ਸਕੌਟ ਐਡਵਰਡਸ ਦੀ ਕਪਤਾਨੀ ਪਾਰੀ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਨੈਦਰਲੈਂਡਜ਼ ਨੇ ਅੱਜ ਇੱਥੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਰਾ ਦਿੱਤਾ। ਇਹ ਆਈਸੀਸੀ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਤਿੰਨ ਦਿਨਾਂ ਅੰਦਰ ਦੂਜਾ ਵੱਡਾ ਉਲਟਫੇਰ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾਇਆ ਸੀ। ਮੀਂਹ ਕਾਰਨ ਖੇਡ ਦੇਰ ਨਾਲ ਸ਼ੁਰੂ ਹੋਈ, ਜਿਸ ਕਾਰਨ ਮੈਚ 43 ਓਵਰਾਂ ਦਾ ਕਰ ਦਿੱਤਾ ਗਿਆ। ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ’ਤੇ ਨੈਦਰਲੈਂਡਜ਼ ਨੇ ਨਿਰਧਾਰਤ ਓਵਰਾਂ ਵਿੱਚ ਅੱਠ ਵਿਕਟਾਂ ’ਤੇ 245 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ 42.5 ਓਵਰਾਂ ਵਿੱਚ 207 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੇਸ਼ਵ ਮਾਹਰਾਜ ਨੇ 40, ਐੱਚ ਕਲਾਸੇਨ ਨੇ 28, ਕੁਇੰਟਨ ਡੀਕੌਕ ਨੇ 20 ਅਤੇ ਕਪਤਾਨ ਤੈਂਬਾ ਬਵੁਮਾ ਨੇ 16 ਦੌੜਾਂ ਦਾ ਯੋਗਦਾਨ ਪਾਇਆ। ਉਧਰ ਨੈਦਰਲੈਂਡਜ਼ ਲਈ ਲੋਗਨ ਵੈਨ ਬੀਕ ਨੇ ਤਿੰਨ, ਰੀਲੋਫ ਵੈਨ ਡਰ ਮਰਵੇ, ਬਾਸ ਡੀ ਲੀਡੇ ਤੇ ਪੌਲ ਵੈਨ ਮੀਕੇਰੇਨ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸਕਾਟ ਐਡਵਰਡਸ ਦੀ ਕਪਤਾਨੀ ਪਾਰੀ ਦੀ ਬਦੌਲਤ ਨੈਦਰਲੈਂਡਜ਼ ਨੇ ਖਰਾਬ ਸ਼ੁਰੂਆਤ ਦੇ ਬਾਵਜੂਦ 43 ਓਵਰਾਂ ’ਚ ਅੱਠ ਵਿਕਟਾਂ ਦੇ ਨੁਕਸਾਨ ’ਤੇ 245 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਕਾਗਿਸੋ ਰਬਾਡਾ, ਮਾਰਕੋ ਜਾਨਸੇਨ ਅਤੇ ਲੁੰਗੀ ਐਨਗਿਡੀ ਨੇ ਇੱਕ ਤੋਂ ਬਾਅਦ ਇੱਕ ਵਿਕਟਾਂ ਲੈ ਕੇ ਨੈਦਰਲੈਂਡਜ਼ ਦਾ ਸਕੋਰ 34ਵੇਂ ਓਵਰ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 140 ਦੌੜਾਂ ਕਰ ਦਿੱਤਾ। ਇਨ੍ਹਾਂ ਤਿੰਨਾਂ ਗੇਂਦਬਾਜ਼ਾਂ ਨੇ ਦੋ-ਦੋ ਵਿਕਟਾਂ ਲਈਆਂ। ਹਾਲਾਂਕਿ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੂੰ ਆਖਰੀ ਓਵਰਾਂ ਵਿੱਚ ਕਾਫੀ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੇ ਆਖਰੀ ਪੰਜ ਓਵਰਾਂ ਵਿੱਚ 68 ਦੌੜਾਂ ਦਿੱਤੀਆਂ। ਐਡਵਰਡਸ ਨੇ 69 ਗੇਂਦਾਂ ’ਤੇ ਨਾਬਾਦ 78 ਦੌੜਾਂ ਬਣਾਈਆਂ। ਉਸ ਨੂੰ ਹੇਠਲੇ ਬੱਲੇਬਾਜ਼ਾਂ ਦਾ ਚੰਗਾ ਸਾਥ ਮਿਲਿਆ।