ਨੈਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਅਰਜਨਟੀਨਾ ਸੈਮੀਫਾਈਨਲ ’ਚ

ਨੈਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਅਰਜਨਟੀਨਾ ਸੈਮੀਫਾਈਨਲ ’ਚ

ਲੁਸੇਲ- ਅਰਜਨਟੀਨਾ ਨੇ ਦੋ ਗੋਲਾਂ ਦੀ ਲੀਡ ਗਵਾਉਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇੱਥੇ ਨੈਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਹਰਾ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਨਾਲ ਅਰਜਨਟੀਨਾ ਦਾ ਸਟਾਰ ਖਿਡਾਰੀ ਲਿਓਨਲ ਮੈਸੀ ਵਿਸ਼ਵ ਕੱਪ ਜਿੱਤਣ ਦਾ ਆਪਣਾ ਸੁਫਨਾ ਪੂਰਾ ਕਰਨ ਦੇ ਇੱਕ ਹੋਰ ਕਦਮ ਨੇੜੇ ਪਹੁੰਚ ਗਿਆ ਹੈ। ਨਿਯਮਤ ਸਮੇਂ ਵਿੱਚ ਮੈਚ 2-2 ਨਾਲ ਡਰਾਅ ਰਹਿਣ ਮਗਰੋਂ ਦੋਵੇਂ ਟੀਮਾਂ ਵਾਧੂ ਸਮੇਂ ਵਿੱਚ ਵੀ ਕੋਈ ਗੋਲ ਨਹੀਂ ਕਰ ਸਕੀਆਂ, ਜਿਸ ਕਰਕੇ ਮੈਚ ਪੈਨਲਟੀ ਸ਼ੂਟਆਊਟ ਵਿੱਚ ਗਿਆ। ਇਸ ਵਿੱਚ ਅਰਜਨਟੀਨਾ ਨੇ ਨੈਦਰਲੈਂਡਜ਼ ਨੂੰ 4-3 ਨਾਲ ਹਰਾ ਦਿੱਤਾ। ਅਰਜਨਟੀਨਾ ਵੱਲੋ ਲੁਟਾਰੋ ਮਾਰਟੀਨੇਜ਼ ਨੇ ਫੈਲਸਾਕੁਨ ਪੈਨਲਟੀ ’ਤੇ ਗੋਲ ਕੀਤਾ। ਅਰਜਨਟੀਨਾ ਮੰਗਲਵਾਰ ਨੂੰ ਸੈਮੀਫਾਈਨਲ ਵਿੱਚ ਕ੍ਰੋਏਸ਼ੀਆ ਨਾਲ ਭਿੜੇਗਾ, ਜਿਸ ਨੇ ਕੁਆਰਟਰ ਫਾਈਨਲ ਵਿੱਚ ਬ੍ਰਾਜ਼ੀਲ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾਇਆ ਸੀ।

ਮੈਚ ਦੌਰਾਨ ਮੈਸੀ ਨੇ 35ਵੇਂ ਮਿੰਟ ਵਿੱਚ ਨਾਹੁਏਲ ਮੋਲਿਨਾ ਨੂੰ ਸ਼ਾਨਦਾਰ ਪਾਸ ਦਿੱਤਾ, ਜਿਸ ’ਤੇ ਉਸ ਨੇ ਅਰਜਨਟੀਨਾ ਲਈ ਪਹਿਲਾ ਗੋਲ ਕੀਤਾ। ਮਗਰੋਂ 73ਵੇਂ ਮਿੰਟ ਵਿੱਚ ਮੈਸੀ ਨੇ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਅਰਜਨਟੀਨਾ ਨੂੰ 2-0 ਦੀ ਲੀਡ ਦਿਵਾਈ। ਮੌਜੂਦਾ ਵਿਸ਼ਵ ਕੱਪ ਵਿੱਚ ਇਹ ਉਸ ਦਾ ਚੌਥਾ ਗੋਲ ਸੀ। ਉਸ ਨੇ ਸਾਰੇ ਵਿਸ਼ਵ ਕੱਪਾਂ ਵਿੱਚ ਕੁੱਲ 10 ਗੋਲ ਕੀਤੇ ਹਨ। ਇਸ ਪਿੱਛੋਂ 78ਵੇਂ ਮਿੰਟ ਵਿੱਚ ਬਦਲਵੇਂ ਖਿਡਾਰੀ ਵਜੋਂ ਮੈਦਾਨ ਵਿੱਚ ਆਏ ਨੈਦਰਲੈਂਡਜ਼ ਦੇ ਵਾਊਟ ਵੇਗਹੋਰੇਸਟ ਨੇ ਪੰਜ ਮਿੰਟ ਬਾਅਦ ਪਹਿਲਾ ਗੋਲ ਕੀਤਾ ਅਤੇ ਮਗਰੋਂ ਇੰਜਰੀ ਟਾਈਮ ਦੇ ਆਖਰੀ ਮਿੰਟ ਵਿੱਚ ਗੋਲ ਕਰ ਕੇ ਮੈਚ ਵਾਧੂ ਸਮੇਂ ਵਿੱਚ ਧੱਕ ਦਿੱਤਾ।

ਮੈਚ ਦੌਰਾਨ ਕੁੱਲ 17 ਪੀਲੇ ਕਾਰਡ ਦਿਖਾਏ ਗਏ, ਜੋ ਵਿਸ਼ਵ ਕੱਪ ਵਿੱਚ ਰਿਕਾਰਡ ਹੈ। ਨੈਦਰਲੈਂਡਜ਼ ਦੇ ਡਿਫੈਂਡਰ ਡੇਨਜ਼ੇਲ ਡਮਫ੍ਰਾਈਜ਼ ਨੂੰ ਦੋ ਪੀਲੇ ਕਾਰਡ ਮਿਲੇ ਜਿਸ ਕਾਰਨ ਉਸ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ। ਮੈਸੀ ਨੂੰ ਵੀ ਇੱਕ ਪੀਲਾ ਕਾਰਡ ਮਿਲਿਆ। ਅਰਜਨਟੀਨਾ ਦੇ ਕੋਲ ਲਿਓਨਲ ਨੇ ਮੈਚ ਨੂੰ ‘ਭੱਦਾ’ ਕਰਾਰ ਦਿੱਤਾ ਜਦੋਂ ਕਿ ਮੈਸੀ ਨੇ ਸਪੇਨ ਦੇ ਰੈਫਰੀ ਐਂਟੋਨੀਓ ਮਾਟੇਊ ਦੀ ਨਿਖੇਧੀ ਕੀਤੀ। ਉਸ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਉਹ ਮਾਪਦੰਡਾਂ ’ਤੇ ਖਰਾ ਉਤਰਦਾ ਹੈ। ਉਹ ਸਾਡੇ ਲਈ ਨੁਕਸਾਨਦੇਹ ਸੀ।’’ ਮੈਸੀ ਦਾ ਇਸ ਤਰ੍ਹਾਂ ਦਾ ਰਵੱਈਆ ਆਮ ਨਹੀਂ ਦੇਖਿਆ ਜਾਂਦਾ। ਮੈਚ ਮਗਰੋਂ ਉਸ ਨੂੰ ਨੈਦਰਲੈਂਡਜ਼ ਵੱਲੋਂ ਦੋ ਗੋਲ ਕਰਨ ਵਾਲੇ ਵਾਊਟ ਵੇਗਹੋਰਸਟ ਨੂੰ ਬੁਰਾ-ਭਲਾ ਕਹਿੰਦੇ ਵੀ ਦੇਖਿਆ ਗਿਆ। ਮੈਸੀ ਨੇ ਕਿਹਾ, ‘‘ਡਿਏਗੋ ਮੈਰਾਡੋਨਾ ਸਾਨੂੰ ਸਵਰਗ ਤੋਂ ਦੇਖ ਰਿਹਾ ਸੀ। ਉਹ ਸਾਨੂੰ ਜਿੱਤ ਲਈ ਪ੍ਰੇਰਿਤ ਕਰ ਰਿਹਾ ਹੈ। ਮੈਨੂੰ ਆਸ ਹੈ ਕਿ ਵਿਸ਼ਵ ਕੱਪ ਜਿੱਤਣ ਤੱਕ ਉਸ ਦਾ ਅਸ਼ੀਰਵਾਦ ਟੀਮ ਨਾਲ ਰਹੇਗਾ।’’ 1990 ਤੋਂ ਬਾਅਦ ਅਰਜਨਟੀਨਾ ਦੂਜੀ ਵਾਰ ਵਿਸ਼ਵ ਕੱਪ ਦੇ ਆਖਰੀ ਚਾਰ ਵਿੱਚ ਥਾਂ ਬਣਾਉਣ ’ਚ ਕਾਮਯਾਬ ਹੋਇਆ ਹੈ।