ਨੇਪਾਲ ਜਹਾਜ਼ ਹਾਦਸਾ: ਬਲੈਕ ਬਾਕਸ ਬਰਾਮਦ, 41 ਲਾਸ਼ਾਂ ਦੀ ਸ਼ਨਾਖ਼ਤ

ਨੇਪਾਲ ਜਹਾਜ਼ ਹਾਦਸਾ: ਬਲੈਕ ਬਾਕਸ ਬਰਾਮਦ, 41 ਲਾਸ਼ਾਂ ਦੀ ਸ਼ਨਾਖ਼ਤ

ਬਚਾਅ ਟੀਮ ਵੱਲੋਂ ਚਾਰ ਲਾਪਤਾ ਯਾਤਰੀਆਂ ਦੀ ਭਾਲ ਜਾਰੀ
ਕਾਠਮੰਡੂ-ਯੇਤੀ ਏਅਰਲਾਈਨਜ਼ ਦੇ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦਾ ਬਲੈਕ ਬਾਕਸ ਅੱਜ ਹਾਦਸੇ ਵਾਲੀ ਥਾਂ ਤੋਂ ਬਰਾਮਦ ਕਰ ਲਿਆ ਗਿਆ ਹੈ ਅਤੇ ਹਾਦਸੇ ਤੋਂ ਬਾਅਦ ਲਾਪਤਾ ਹੋਏ ਤਿੰਨ ਵਿਅਕਤੀਆਂ ਦਾ ਪਤਾ ਲਾਉਣ ਲਈ ਬਚਾਅ ਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਹਾਦਸੇ ’ਚ ਮਾਰੇ ਗਏ 69 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ’ਚੋਂ ਹੁਣ ਤੱਕ 41 ਦੀ ਸ਼ਨਾਖ਼ਤ ਕਰ ਲਈ ਗਈ ਹੈ। ਨੇਪਾਲ ਨੇ ਇਸ ਹਾਦਸੇ ਲਈ ਅੱਜ ਕੌਮੀ ਸੋਗ ਮਨਾਇਆ। ਅਧਿਕਾਰੀਆਂ ਨੇ ਦੱਸਿਆ ਕਿ ਕੌਕਪਿੱਟ ਵੁਆਇਸ ਰਿਕਾਰਡਰ ਅਤੇ ਫਲਾਈਟ ਡੇਟਾ ਰਿਕਾਰਡਰ ਅੱਜ ਬਰਾਮਦ ਕਰ ਲਏ ਗਏ ਹਨ ਅਤੇ ਬਚਾਅ ਟੀਮ 300 ਮੀਟਰ ਡੂੰਘੀ ਖੱਡ ’ਚ ਉੱਤਰ ਕੇ ਚਾਰ ਹੋਰ ਲਾਪਤਾ ਵਿਅਕਤੀਆਂ ਦੀ ਭਾਲ ਲਈ ਯਤਨ ਕਰ ਰਹੀ ਹੈ । ਕਾਠਮੰਡੂ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਬਕਸੇ ਨੇਪਾਲ ਦੀ ਸਿਵਲ ਹਵਾਬਾਜ਼ੀ ਅਥਾਰਿਟੀ ਨੂੰ ਸੌਂਪ ਦਿੱਤੇ ਗਏ ਹਨ। ਇਨ੍ਹਾਂ ਬਕਸਿਆਂ ਦੀ ਪੜਤਾਲ ਨਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਲੱਗ ਸਕਦਾ ਹੈ। ਕਾਸਕੀ ਜ਼ਿਲ੍ਹਾ ਥਾਣੇ ਦੇ ਇੰਸਪੈਕਟਰ ਗਿਆਨ ਬਹਾਦੁਰ ਖੜਕਾ ਨੇ ਦੱਸਿਆ ਕਿ ਹੁਣ ਤੱਕ 41 ਲਾਸ਼ਾਂ ਦੀ ਸ਼ਨਾਖਤ ਹੋ ਚੁੱਕੀ ਹੈ ਤੇ ਸਾਰੀ ਰਸਮੀ ਕਾਰਵਾਈ ਪੂਰੀ ਹੋਣ ਮਗਰੋਂ ਇਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਯੇਤੀ ਏਅਰਲਾਈਨਜ਼ ਦਾ ਏਟੀਅਰ-72 ਜਹਾਜ਼ ਬੀਤੇ ਦਿਨ ਸੈਲਾਨੀ ਕੇਂਦਰ ਪੋਖਰਾ ’ਚ ਨਵੇਂ ਬਣੇ ਹਵਾਈ ਅੱਡੇ ’ਤੇ ਉਤਰਨ ਦੌਰਾਨ ਸੇਤੀ ਨਦੀ ਦੇ ਕਿਨਾਰੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿੱਚ ਕਰੂ ਟੀਮ ਦੇ ਚਾਰ ਮੈਂਬਰਾਂ ਤੇ ਪੰਜ ਭਾਰਤੀਆਂ ਸਮੇਤ 72 ਵਿਅਕਤੀ ਸਵਾਰ ਸਨ। ਨੇਪਾਲ ਵਿੱਚ ਪਿਛਲੇ 30 ਸਾਲਾਂ ਦੌਰਾਨ ਵਾਪਰਿਆ ਇਹ ਸਭ ਤੋਂ ਭਿਆਨਕ ਹਾਦਸਾ ਹੈ।