ਨੂਹ ਹਿੰਸਾ: ਵਿਦਿਆਰਥੀਆਂ ਵੱਲੋਂ ਜਾਮੀਆ ’ਵਰਸਿਟੀ ’ਚ ਪ੍ਰਦਰਸ਼ਨ

ਨੂਹ ਹਿੰਸਾ: ਵਿਦਿਆਰਥੀਆਂ ਵੱਲੋਂ ਜਾਮੀਆ ’ਵਰਸਿਟੀ ’ਚ ਪ੍ਰਦਰਸ਼ਨ

ਬਜਰੰਗ ਦਲ ਦੇ ਮੈਂਬਰ ਮੋਨੂੰ ਮਾਨੇਸਰ ਦੀ ਗ੍ਰਿਫ਼ਤਾਰੀ ਤੇ ਪੀੜਤਾਂ ਲਈ ਮੁਆਵਜ਼ਾ ਮੰਗਿਆ
ਨਵੀਂ ਦਿੱਲੀ- ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਖ਼ਿਲਾਫ਼ ਕਈ ਵਿਦਿਆਰਥੀ ਸੰਗਠਨਾਂ ਨੇ ਜਾਮੀਆ ਮਿਲੀਆ ਇਸਲਾਮੀਆ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਜਰੰਗ ਦਲ ਦੇ ਮੈਂਬਰ ਮੋਨੂੰ ਮਾਨੇਸਰ ਦੀ ਗ੍ਰਿਫਤਾਰੀ ਤੇ ਜ਼ਿਲ੍ਹੇ ਵਿਚ ਜਿਨ੍ਹਾਂ ਲੋਕਾਂ ਦੇ ਘਰ ਢਾਹੇ ਗਏ ਸਨ, ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਵਿਦਿਆਰਥੀ ਜਾਮੀਆ ਯੂਨੀਵਰਸਿਟੀ ਤੋਂ ਹਰਿਆਣਾ ਭਵਨ ਤੱਕ ਮਾਰਚ ਕਰਨਾ ਚਾਹੁੰਦੇ ਸਨ ਪਰ ਪੁਲੀਸ ਨੇ ਆਗਿਆ ਨਹੀਂ ਦਿੱਤੀ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਕੈਂਪਸ ਦੇ ਅੰਦਰ ਹੀ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਜਾਮੀਆ ਦੇ ਗੇਟ ਨੰਬਰ 7, 8 ਅਤੇ 9 ਨੂੰ ਤਾਲੇ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸਾਨੂੰ ਕਿਹਾ ਗਿਆ ਸੀ ਕਿ ਜੇਕਰ ਪ੍ਰਦਰਸ਼ਨ ਗੇਟ ਤੋਂ ਬਾਹਰ ਕੀਤਾ ਤਾਂ ਉਨ੍ਹਾਂ ਨੂੰ ਲੰਬੇ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਜਾਵੇਗਾ।

ਵਿਦਿਆਰਥੀ ਸੰਗਠਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ, ਆਲ ਇੰਡੀਆ ਰੈਵੋਲਿਊਸ਼ਨਰੀ ਸਟੂਡੈਂਟਸ ਆਰਗੇਨਾਈਜ਼ੇਸ਼ਨ, ਭਾਈਚਾਰਾ ਅੰਦੋਲਨ, ਮੁਸਲਿਮ ਸਟੂਡੈਂਟਸ ਫੈਡਰੇਸ਼ਨ, ਮੇਵਾਤ ਸਟੂਡੈਂਟਸ ਯੂਨੀਅਨ, ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।

ਯੂਨੀਵਰਸਿਟੀ ਦੇ ਗੇਟ ਨੰਬਰ 7 ’ਤੇ ਵੱਖ-ਵੱਖ ਸੰਗਠਨਾਂ ਦੇ ਵਿਦਿਆਰਥੀ ਇਕੱਠੇ ਹੋਏ, ਜਿਨ੍ਹਾਂ ਨੇ ਪੋਸਟਰਾਂ ’ਤੇ ‘‘ਨੂਹ ਬਚਾਓ’, ‘28 ਅਗਸਤ ਨੂੰ ਵੀਐੱਚਪੀ ਸ਼ੋਭਾ ਯਾਤਰਾ ਬੰਦ ਕਰੋ’’, ‘‘ਹਿੰਸਾ ਬੰਦ ਕਰੋ’’ ਅਤੇ ‘‘ਮੋਨੂੰ ਮਾਨੇਸਰ ਨੂੰ ਗ੍ਰਿਫ਼ਤਾਰ ਕਰੋ’’ ਲਿਖਿਆ ਸੀ।