ਨੀਲੇ ਕਾਰਡ ਕੱਟਣ ਕਾਰਨ ਸਰਕਾਰ ਖ਼ਿਲਾਫ਼ ਰੋਹ ਭਖਿਆ

ਨੀਲੇ ਕਾਰਡ ਕੱਟਣ ਕਾਰਨ ਸਰਕਾਰ ਖ਼ਿਲਾਫ਼ ਰੋਹ ਭਖਿਆ

ਗੜ੍ਹਸ਼ੰਕਰ- ਸੀਪੀਆਈ (ਐਮ) ਦੀ ਸਥਾਨਕ ਇਕਾਈ ਵੱਲੋਂ ਲੋੜਵੰਦ ਲਾਭਪਾਤਰੀਆਂ ਦੇ ਨੀਲੇ ਕਾਰਡ ‌ਕੱਟਣ ਖ਼ਿਲਾਫ਼ ਗੜ੍ਹਸ਼ੰਕਰ ਦੇ ਐਸਡੀਐਮ ਦਫ਼ਤਰ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਪਾਰਟੀ ਆਗੂਆਂ ਨੇ ਲੋੜਵੰਦ ਲਾਭਪਾਤਰੀਆਂ ਨੂੰ ਨਾਲ ਲੈ ਕੇ ਸ਼ਹੀਦ ਭਗਤ ਸਿੰਘ ਸਮਾਰਕ ਨੇੜੇ ਬੱਸ ਸਟੈਂਡ ਤੋਂ ਐਸਡੀਐਮ ਦਫ਼ਤਰ ਤੱਕ ਰੋਸ ਮਾਰਚ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਦਰਸ਼ਨ ਸਿੰਘ ਮੱਟੂ, ਜ਼ਿਲ੍ਹਾ ਸਕੱਤਰ, ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ, ਜਨਵਾਦੀ ਇਸਤਰੀ ਸਭਾ ਦੇ ਪ੍ਰਧਾਨ ਸੁਭਾਸ਼ ਮੱਟੂ, ਕਾਮਰੇਡ ਮਹਿੰਦਰ ਕੁਮਾਰ ਬੱਢੋਆਣ ਤਹਿਸੀਲ ਸਕੱਤਰ ਹਰਭਜਨ ਸਿੰਘ ਅਟਵਾਲ ਨੇ ‌ਆਪਣੀਆਂ ਤਕਰੀਰਾਂ ਵਿੱਚ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਕੱਟ ਕੇ ਆਪਣਾ ਲੋਕ ਵਿਰੋਧੀ ਚਿਹਰਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਆਪਣੇ ਚਹੇਤਿਆਂ ਦੇ ਨਾਂ ਇਸ ਸਕੀਮ ਵਿੱਚ ਪਾ ਦਿੱਤੇ ਹਨ ਜਿਸ ਨਾਲ ਯੋਗ ਲਾਭਪਾਤਰੀਆਂ ਨੂੰ ਲਾਂਭੇ ਕਰ ਕੇ ਅਯੋਗ ਲੋਕਾਂ ਨੂੰ ਨੀਲੇ ਕਾਰਡਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਸ਼ਹਿਰ ਦੀ ਮੁਰਾਦਪੁਰ ਆਬਾਦੀ ਦੇ ਲੋਡ਼ਵੰਦ ਲੋਕਾਂ ਨੇ ਅੱਜ ਰੋਸ ਪ੍ਰਦਰਸ਼ਨ ਕਰ ਕੇ ਉਨ੍ਹਾਂ ਨੂੰ ਮੁਫ਼ਤ ਮਿਲਦੀ ਕਣਕ ਦੀ ਸਹੂਲਤ ਤੋਂ ਵਾਂਝਾ ਕਰਨ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਇਸਤਰੀ ਮੁਕਤੀ ਮੋਰਚਾ ਦੀ ਆਗੂ ਜਸਬੀਰ ਕੌਰ ਅਤੇ ਮਜ਼ਦੂਰ ਆਗੂ ਗੁਰਮੀਤ ਸਿੰਘ ਮੁਰਾਦਪੁਰ ਦੀ ਅਗਵਾਈ ਵਿੱਚ ਕੀਤੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਆਦਮੀ-ਔਰਤਾਂ ਨੇ ਸ਼ਮੂਲੀਅਤ ਕੀਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਕੁੰਤਲਾ ਰਾਣੀ, ਕੰਚਨ ਦੇਵੀ, ਸੁਨੀਤਾ ਰਾਣੀ, ਗੁਰਮੇਜ ਸਿੰਘ, ਹਰਬੰਸ ਸਿੰਘ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਸਰਕਾਰ ਵੱਲੋਂ ਇਸ ਮਾਮਲੇ ਸਬੰਧੀ ਕਰਵਾਈ ਗਈ ਪੜਤਾਲ ਪਿੱਛੇ ਹਾਕਮ ਧਿਰ ਦੇ ਰਸੂਖ਼ਵਾਨਾਂ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ ਹੈ| ਬੁਲਾਰਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਹੂਲਤ ਬਹਾਲ ਨਾ ਕਰਨ ’ਤੇ ਲੋਕਾਂ ਦਾ ਰੋਹ ਸੜਕਾਂ ਤੱਕ ਜਾ ਸਕਦਾ ਹੈ ਜਿਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ|