ਨੀਰਜ ਚੋਪੜਾ ਪੈਰਿਸ ਓਲੰਪਿਕ ਲਈ ਕੁਆਲੀਫਾਈ

ਨੀਰਜ ਚੋਪੜਾ ਪੈਰਿਸ ਓਲੰਪਿਕ ਲਈ ਕੁਆਲੀਫਾਈ

  • ਚੋਪੜਾ ਸਣੇ ਭਾਰਤ ਦੇ ਤਿੰਨ ਅਥਲੀਟ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ
    ਬੁਡਾਪੈਸਟ: ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਅੱਜ ਇੱਥੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਆਪਣੀ ਪਹਿਲੀ ਹੀ ਕੋਸ਼ਿਸ਼ ’ਚ 88.77 ਮੀਟਰ ਥਰੋਅ ਕਰ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਉਸ ਨੇ ਪੈਰਿਸ ਓਲੰਪਿਕ 2024 ਲਈ ਵੀ ਕੁਆਲੀਫਾਈ ਕਰ ਲਿਆ ਹੈ। ਚੋਪੜਾ ਦੇ ਨਾਲ ਭਾਰਤ ਦੇ ਡੀਪੀ ਮਨੂ (81.31 ਮੀਟਰ) ਅਤੇ ਕਿਸ਼ੋਰ ਜੇਨਾ (80.55 ਮੀਟਰ) ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਕਿਸੇ ਈਵੈਂਟ ਦੇ ਫਾਈਨਲ ਵਿੱਚ ਤਿੰਨ ਭਾਰਤੀ ਨਜ਼ਰ ਆਉਣਗੇ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਲਈ 85.50 ਮੀਟਰ ਦਾ ਥਰੋਅ ਜ਼ਰੂਰੀ ਹੈ। ਚੋਪੜਾ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਕੁਆਲੀਫਾਈ ਕਰਨ ਤੋਂ ਬਾਅਦ ਕੋਈ ਹੋਰ ਥਰੋਅ ਨਹੀਂ ਕੀਤਾ। ਚੋਪੜਾ ਦਾ ਸਰਬੋਤਮ ਵਿਅਕਤੀਗਤ ਥਰੋਅ 89.94 ਮੀਟਰ ਹੈ, ਜੋ ਉਸ ਨੇ 30 ਜੂਨ 2022 ਨੂੰ ਸਟਾਕਹੋਮ ਡਾਇਮੰਡ ਲੀਗ ਵਿੱਚ ਸੁੱਟਿਆ ਸੀ। ਇਸੇ ਤਰ੍ਹਾਂ ਭਾਰਤ ਡੀਪੀ ਮਨੂ 81.31 ਮੀਟਰ ਦੇ ਸਰਬੋਤਮ ਥਰੋਅ ਨਾਲ ਗਰੁੱਪ ਵਿੱਚ ਤੀਜੇ ਅਤੇ ਕੁੱਲ ਛੇਵੇਂ ਸਥਾਨ ’ਤੇ ਰਿਹਾ। ਉਸ ਨੇ ਜੁਲਾਈ ਵਿਚ ਏਸ਼ੀਅਨ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਜੇਨਾ ਗਰੁੱਪ ਬੀ ਵਿੱਚ ਪੰਜਵੇਂ ਅਤੇ ਕੁੱਲ ਨੌਵੇਂ ਸਥਾਨ ’ਤੇ ਰਿਹਾ। ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਖੇਡ ਰਹੇ ਜੇਨਾ ਦਾ ਵੀਜ਼ਾ ਪਹਿਲਾਂ ਦਿੱਲੀ ਵਿੱਚ ਹੰਗਰੀ ਅੰਬੈਸੀ ਨੇ ਰੱਦ ਕਰ ਦਿੱਤਾ ਸੀ ਪਰ ਅਗਲੇ ਦਿਨ ਉਸ ਨੂੰ ਵੀਜ਼ਾ ਮਿਲ ਗਿਆ। ਭਾਰਤੀ ਟੀਮ ਦੇ ਨਾਲ ਆਏ ਇੱਕ ਕੋਚ ਨੇ ਕਿਹਾ, “ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਤਿੰਨ ਭਾਰਤੀਆਂ ਨੇ ਕਿਸੇ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤੀ ਜੈਵਲਿਨ ਥ੍ਰੋਅ ਲਈ ਇਹ ਇਤਿਹਾਸਕ ਦਿਨ ਹੈ।’’ ਉਧਰ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਵੀ 86.79 ਮੀਟਰ ਦੇ ਸਰਬੋਤਮ ਥਰੋਅ ਨਾਲ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ।